ਸੰਦੌੜ, 13 ਜਨਵਰੀ (ਹਰਮਿੰਦਰ ਸਿੰਘ ਭੱਟ)- ਸਿੱਖੀ ਦੇ ਪ੍ਰਚਾਰ ਤੇ ਪ੍ਰਸਾਰ ਲਈ ਮਾਝੇ ਦੇ ਇਲਾਕੇ ਚ ਅਹਿਮ ਯੋਗਦਾਨ ਪਾ ਰਹੀ ਪੰਥਕ ਜਥੇਬੰਦੀ ਸਿੱਖ ਯੂਥ ਫ਼ੈਡਰੇਸ਼ਨ ਭਿੰਡਰਾਂਵਾਲਾ ਨੇ ਹੁਣ ਦੁਆਬੇ ਚ ਵੀ ਗੁਰਮਤ ਪ੍ਰਚਾਰ ਦੀਆਂ ਸਰਗਰਮੀਆਂ ਆਰੰਭ ਕਰ ਦਿੱਤੀਆਂ ਹਨ। ਹੁਸ਼ਿਆਰਪੁਰ ਨਗਰ ਨਿਵਾਸੀ ਸੰਗਤਾਂ ਦੇ ਸਹਿਯੋਗ ਸਦਕਾ ਭਿੰਡਰਾਂਵਾਲਾ ਫ਼ੈਡਰੇਸ਼ਨ ਦੇ ਸੀਨੀਅਰ ਮੀਤ ਪ੍ਰਧਾਨ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਨੇ ਪਿੰਡ ਸਿੰਗੜੀਵਾਲਾ, ਗੁਰਦੁਆਰਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਵਿਖੇ ਪਹਿਲਾ ਮਹਾਨ ਗੁਰਮਤ ਸਮਾਗਮ ਕਰਵਾਇਆ। ਸ੍ਰੀ ਰਹਿਰਾਸ ਸਾਹਿਬ ਦੇ ਪਾਠ ਤੋਂ ਉਪਰੰਤ ਸੁੰਦਰ ਦੀਵਾਨ ਸਜਾਏ ਗਏ।ਜਿਸ ਵਿੱਚ ਭਾਈ ਬਲਦੇਵ ਸਿੰਘ ਵਡਾਲਾ ਹਜੂਰੀ ਰਾਗੀ ਸ੍ਰੀ ਦਰਬਾਰ ਸਾਹਿਬ, ਭਾਈ ਗੁਰਿੰਦਰ ਸਿੰਘ ਮਾਦੋਕੇ ਅੰਮ੍ਰਿਤਸਰ ਵਾਲਿਆਂ ਨੇ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ। ਭਾਈ ਗੁਰਸਾਹਿਬ ਸਿੰਘ ਦਮਨ, ਭਾਈ ਬ੍ਰਹਮਪਾਲ ਸਿੰਘ ਬ੍ਰਹਮਾ ਅਤੇ ਭਾਈ ਰਾਜਬੀਰ ਸਿੰਘ ਦੇ ਕਵੀਸ਼ਰੀ ਜੱਥੇ ਨੇ ਜੋਸ਼ੀਲੀਆਂ ਵਾਰਾਂ ਗਾਇਨ ਕਰਕੇ ਪੁਰਾਤਨ ਅਤੇ ਮੌਜੂਦਾ ਸਿੱਖ ਸੰਘਰਸ਼ ਦੇ ਇਤਿਹਾਸ ਤੇ ਚਾਨਣਾ ਪਾਇਆ। ਇਸ ਤੋਂ ਇਲਾਵਾ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਅਤੇ ਫ਼ੈਡਰੇਸ਼ਨ ਦੇ ਜਿਲ੍ਹਾ ਪ੍ਰਧਾਨ ਗਿਆਨੀ ਸਿਮਰਨਜੀਤ ਸਿੰਘ ਮਾਨ ਨੇ ਗੁਰਮਤਿ ਵਿਚਾਰਾਂ ਰਾਹੀਂ ਸਿੱਖੀ ਵੱਲ ਸੰਗਤਾਂ ਨੂੰ ਪ੍ਰੇਰਿਤ ਕੀਤਾ। ਵਿਚਾਰਾਂ ਦੀ ਸਾਂਝ ਪਾਉਂਦਿਆ ਬੁਲਾਰਿਆਂ ਨੇ ਕਿਹਾ ਕਿ ਅੱਜ ਦੇ ਸਿੱਖ ਨੌਜਵਾਨ ਸਿੱਖੀ ਸਿਧਾਂਤਾਂ ਤੋਂ ਲਾਂਬੇ ਹੋ ਕੇ ਪਤਿਤਪੁਣੇ ਅਤੇ ਨਸ਼ਿਆਂ ਦੀ ਦਲਦਲ ਚ ਬੁਰੀ ਤਰ੍ਹਾਂ ਫਸ ਕੇ ਆਪਣੇ ਅਨਮੋਲ ਜੀਵਨ ਨੂੰ ਤਹਿਸ ਨਹਿਸ ਕਰ ਰਹੇ ਹਨ। ਉਹਨਾਂ ਕਿਹਾ ਕਿ ਇਸੇ ਲਈ ਹੁਣ ਜਥੇਬੰਦੀ ਦੇ ਸਿੰਘ ਨੌਜਵਾਨਾਂ ਨੂੰ ਹਲੂਣਾ ਦੇਣ ਲਈ ਪਿੰਡਾਂ-ਪਿੰਡਾਂ ਚ ਜਾ ਕੇ ਧਾਰਮਿਕ ਸਮਾਗਮ, ਗੁਰਬਾਣੀ ਸੰਥਿਆ, ਗਤਕਾ ਕਲਾਸਾਂ ਅਤੇ ਸਿੱਖੀ ਲਿਟਰੇਚਰ ਵੰਡ ਰਹੇ ਹਨ। ਪ੍ਰਬੰਧਕਾਂ ਵਲੋਂ ਇਸ ਸਮੇਂ ਹਾਜਰ ਵੱਖ-ਵੱਖ ਸਖਸ਼ੀਅਤਾਂ ਨੂੰ ਸਨਮਾਨ ਵੀ ਕੀਤਾ ਗਿਆ।ਇਸ ਮੌਕੇ ਸੰਤ ਬਾਬਾ ਹਰਮਨਜੀਤ ਸਿੰਘ ਸਿੰਗੜੀਵਾਲੇ, ਭਾਈ ਅਮਰੀਕ ਸਿੰਘ ਯੂ.ਕੇ, ਭਾਈ ਵਿੱਕੀ ਸਿੰਘ, ਭਾਈ ਮਲਕੀਤ ਸਿੰਘ ਖ਼ਾਲਸਾ, ਭਾਈ ਹਰਪ੍ਰੀਤ ਸਿੰਘ ਬੰਟੀ, ਭਾਈ ਪ੍ਰਭਜੋਤ ਸਿੰਘ ਖ਼ਾਲਸਾ, ਭਾਈ ਬਲਵੀਰ ਸਿੰਘ ਵਿੱਕੀ ਆਦਿ ਹਾਜਰ ਸਨ।ਗੁਰੂ ਕੇ ਲੰਗਰ ਅਤੁੱਟ ਵਰਤਾਏ ਗਏ ਅਤੇ ਧਾਰਮਿਕ ਸਾਹਿਤ ਵੀ ਵੰਡਿਆ ਗਿਆ।
Check Also
ਈ.ਟੀ.ਓ ਵਲੋਂ ਹਲਕਾ ਜੰਡਿਆਲਾ ਗੁਰੂ ਤੋਂ ‘ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ’ ਦੀ ਚੌਥੀ ਬੱਸ ਰਵਾਨਾ
ਅੰਮ੍ਰਿਤਸਰ, 26 ਅਪ੍ਰੈਲ (ਸੁਖਬੀਰ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਅਤੇ ਹਲਕਾ ਜੰਡਿਆਲਾ ਗੁਰੂ …
Punjab Post Daily Online Newspaper & Print Media