
ਬਠਿੰਡਾ, 15 ਜਨਵਰੀ (ਅਵਤਾਰ ਸਿੰਘ ਕੈਂਥ)- ਸਰਬੰਸ ਦਾਨੀ ਸ੍ਰੀ ਗੁਰੂ ਗੋਬਿੰਦ ਸਿੰਘ ਦੇ ਪ੍ਰਕਾਸ਼ ਉਤਸਵ ਦੇ ਸਬੰਧ ਵਿਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਗੁਰਦੁਆਰਾ ਹਾਜੀ ਰਤਨ ਸਾਹਿਬ ਵਲੋਂ ਸੰਗਤਾਂ ਦੇ ਸਹਿਯੋਗ ਨਾਲ ਗੁਰਪੁਰਬ ਪੂਰਨ ਸ਼ਰਧਾ ਨਾਲ ਪ੍ਰਕਾਸ਼ ਉਤਸਵ ਸਬੰਧੀ ਵਿਸ਼ਾਲ ਨਗਰ ਕੀਰਤਨ ਗੁਰਦੁਆਰਾ ਹਾਜੀ ਰਤਨ ਸਾਹਿਬ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਛੱਤਰ ਛਾਇਆ ਹੇਠ ਅਤੇ ਪੰਜ ਪਿਆਰਿਆਂ ਦੀ ਅਗਵਾਈ ਵਿਚ ਆਰੰਭ ਕੀਤਾ ਗਿਆ। ਇਸ ਮੌਕੇ ਪੰਜ ਪਿਆਰਿਆਂ ਅਤੇ ਨਿਸ਼ਾਨਚੀਆਂ ਨੂੰ ਮੈਨੇਜਰ ਸਮੇਰ ਸਿੰਘ, ਐਸ.ਜੀ.ਪੀ.ਸੀ. ਮੈਂਬਰ ਵਲੋਂ ਸਿਰੋਪਾਓ ਭੇਂਟ ਕੀਤੇ ਗਏ। ਨਗਰ ਕੀਰਤਨ ਸੁੰਦਰ ਪਾਲਕੀ ਵਿਚ ਸਸੋਭਿਤ ਕੀਤੇ ਹੋਏ ਸਨ।ਨਗਰ ਕੀਰਤਨ ਵਿਖੇ ਹਜ਼ੂਰੀ ਰਾਗੀ ਜਥੇ ਭਾਈ ਰਣਜੀਤ ਸਿੰਘ ਤੋਂ ਇਲਾਵਾ ਸ੍ਰੋਮਣੀ ਕਮੇਟੀ ਦੇ ਢਾਡੀ ਜੱਥਿਆਂ ਅਤੇ ਕਵੀਸ਼ਰੀ ਜਥੇ ਵਲੋਂ ਸਬਦ ਕੀਰਤਨ ਅਤੇ ਇਤਿਹਾਸਕ ਵਾਰਾਂ ਗਾਇਣ ਦੀ ਸੇਵਾ ਥਾਂ ਪਰ ਥਾਂ ‘ਤੇ ਕੀਤੀ ਗਈ। ਨਗਰ ਕੀਰਤਨ ਦੀਆਂ ਸੰਗਤਾਂ ਲਈ ਇਲਾਕਾ ਨਿਵਾਸੀ ਸੰਗਤਾਂ ਵੱਲੋਂ ਥਾਂ-ਥਾਂ ‘ਤੇ ਲੰਗਰ ਆਦਿ ਦੇ ਪੜਾਅ, ਮਾਲ ਰੋਡ ‘ਤੇ ਕੱਪੜਾ ਮਾਰਕਿਟ ਦੁਕਾਨਦਾਰਾਂ, ਕੋਰਟ ਰੋਡ ‘ਤੇ ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਦੇ ਮੁੱਖ ਦਫ਼ਤਰ ‘ਤੇ ਸਮੂਹ ਮੈਂਬਰਾਂ ਗੁਰਿੰਦਰ ਸਿੰਘ ਬੱਬੂ, ਅਮਰਜੀਤ ਸਿੰਘ, ਗੁਰਦਰਸ਼ਨ ਸਿੰਘ, ਅਮਰਜੀਤ ਸਿੰਘ, ਅਬਨਾਸ਼ ਸਿੰਘ,ਕੁਲਦੀਪ ਸਿੰਘ,ਜਰਨੈਲ ਸਿੰਘ, ਚਰਨਜੀਤ ਸਿੰਘ,ਗੁਰਿੰਦਰ ਸਿੰਘ ਆਦਿ ਤੋਂ ਇਲਾਵਾ ਜਸਕਰਨ ਸਿੰਘ ਸਿਵੀਆਂ ਨਸ਼ਾ ਮੁਕਤੀ ਗੁਰਮਤਿ ਪ੍ਰਚੰਡ ਲਹਿਰ ਵੱਲੋਂ ਸ੍ਰੁੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਤਿਕਾਰ ਕੀਤਾ ਗਿਆ। ਗੁਰਦੁਆਰਾ ਸਾਹਿਬ ਦੇ ਰਾਗੀ ਜੱਥੇ ਨਗਰ ਕੀਰਤਨ ਵਿਚ ਸ਼ਬਦ ਕੀਰਤਨ ਨਾਲ ਹਰਜੱਸ ਕੀਰਤਨ ਵੀ ਸੰਗਤਾਂ ਨੂੰ ਸਰਵਣ ਕਰਵਾਇਆ ਗਿਆ। ਨਗਰ ਕੀਰਤਨ ਵਿਚ ਸਕੂਲਾਂ ਦੇ ਬੱਚੇ-ਬੱਚੀਆਂ ਨੇ ਵੀ ਸ਼ਿਰਕਤ ਕੀਤੀ। ਇਸ ਮੌਕੇ ਰਣਜੀਤ ਗੱਤਕਾ ਅਖਾੜਾ ਦੇ ਨੌਜਵਾਨ ਵੀਰਾਂ ਵੱਲੋਂ ਗੱਤਕਾ ਰਾਹੀਂ ਪੁਰਾਤਨ ਸ਼ਸਤਰਾਂ ਨਾਲ ਯੁੱਧ ਕਲਾ ਦੇ ਜੋਹਰ ਵੀ ਵਿਖਾਏ। ਨਗਰ ਕੀਰਤਨ ਸ਼ਹਿਰ ਦੇ ਵੱਖ-ਵੱਖ ਨਗਰ ਦੀਆਂ ਗਲੀਆਂ ਸਬਜ਼ੀ ਮੰਡੀ, ਸਰਕਾਰੀ ਰਾਜਿੰਦਰਾ ਕਾਲਜ, ਬੱਸ ਸਟੈਂਡ, ਕੋਰਟ ਰੋਡ, ਮਹਿਣਾ ਚੌਂਕ, ਮਹਾਂਬੀਰ ਦਲ, ਫੌਜੀ ਚੌਂਕ, ਕੱਪੜਾ ਮਾਰਕੀਟ, ਮਾਲ ਰੋਡ, ਫਾਇਰ ਬ੍ਰਿਗੇਡ, ਧੋਬੀ ਬਾਜ਼ਾਰ, ਸਦਭਾਵਨਾ ਚੌਂਕ, ਸਿਰਕੀ ਬਾਜ਼ਾਰ, ਪੁਰਾਣਾ ਥਾਣਾ ਤੋਂ ਹੁੰਦਾ ਹੋਇਆ ਗੁਰਦੁਆਰਾ ਕਿਲ੍ਹਾ ਮੁਬਾਰਕ ਸਾਹਿਬ ਵਿਖੇ ਸਮਾਪਤ ਹੋਇਆ।ਅੰਤ ਵਿਚ ਸਮੂਹ ਸੰਗਤਾਂ ਦਾ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਧੰਨਵਾਦ ਕੀਤਾ ਗਿਆ।ਇਸ ਮੌਕੇ ਸਬਜ਼ੀ ਮੰਡੀ ਵਿਖੇ ਇੰਦਰਜੀਤ ਸਿੰਘ, ਦਰਸਨ ਸਿੰਘ ਵਾਲੀਆ, ਨਛੱਤਰ ਸਿੰਘ ਵਾਲੀਆ ਵਲੋਂ ਸੰਗਤਾਂ ਨੂੰ ਫਲ ਵੰਡੇ ਗਏ।
ਸ਼ਹੀਦ ਭਾਈ ਮਤੀ ਦਾਸ ਨਗਰ
ਸ਼ਹੀਦ ਭਾਈ ਮਤੀ ਦਾਸ ਨਗਰ ਵਿਖੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਛੱਤਰ ਛਾਇਆ ਹੇਠ ਅਤੇ ਪੰਜ ਪਿਆਰਿਆਂ ਦੀ ਅਗਵਾਈ ਵਿਚ ਆਰੰਭ ਕੀਤਾ ਗਿਆ। ਜੋ ਨਗਰ ਦੀਆਂ ਕਲੋਨੀਆਂ ਨਛੱਤਰ ਨਗਰ, ਜੋਗੀ ਨਗਰ ਵਿਚੋਂ ਦੀ ਹੁੰਦਾ ਹੋਇਆ ਵਾਪਸ ਗੁਰਦੁਆਰਾ ਸਾਹਿਬ ਪੁੱਜਿਆ। ਨਗਰ ਕੀਰਤਨ ਦੀ ਆਰੰਭਤਾ ਦੀ ਅਰਦਾਸ ਮੁੱਖ ਗ੍ਰੰਥੀ ਸਿੰਘ ਵਲੋਂ ਕੀਤੀ ਗਈ। ਨਗਰ ਕੀਰਤਨ ਵਿਖੇ ਹਜ਼ੂਰੀ ਰਾਗੀ ਜਥੇ ਵਲੋਂ ਸਬਦ ਕੀਰਤਨ ਦੀ ਸੇਵਾ ਕੀਤੀ ਗਈ। ਨਗਰ ਦੇ ਹੀ ਨੌਜਵਾਨ ਅਤੇ ਛੋਟੇ ਛੋਟੇ ਬੱਚੇ ਜੋ ਕਿ ਅੱਜ ਕਲ੍ਹ ਗੁਰਦੁਆਰਾ ਸਾਹਿਬ ਵਿਖੇ ਗੱਤਕੇ ਦੀ ਸਿਖਲਾਈ ਲੈਂਦੇ ਹਨ, ਵਲੋਂ ਗੱਤਕੇ ਦੇ ਜੌਹਰ ਵਿਖਾਏ ਗਏ। ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਮੂਹ ਮੈਂਬਰਾਂ ਨੇ ਸਿਰਕਤ ਕਰਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ। ਸ਼ਹਿਰ ਦੇ ਹਰਬੰਸ ਨਗਰ ਵਿਖੇ ਵੀ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਵਲੋਂ ਸੰਗਤਾਂ ਦੇ ਸਹਿਯੋਗ ਨਾਲ ਨਗਰ ਕੀਰਤਨ ਸਜਾਏ ਗਏ।
Punjab Post Daily Online Newspaper & Print Media