Wednesday, February 25, 2026

ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਸ਼ਖਸੀਅਤ

Guru Gobind Singh Ji 1

ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਪਹਿਲੇ ਮਹਾਂਪੁਰਸ਼ ਸਨ, ਜਿਨ੍ਹਾਂ ਨੇ ਆਪਣੇ ਸੰਸਾਰ ਵਿੱਚ ਆਉਣ ਦਾ ਮਨੋਰਥ ਆਪ ਇਨ੍ਹਾਂ ਸ਼ਬਦਾਂ ਵਿੱਚ ਕੀਤਾ :
ਹਮ ਇਹ ਕਾਜ ਜਗਤ ਮੋ ਆਏ ਧਰਮ ਹੇਤ ਗੁਰਦੇਵ ਪਠਾਏ
ਜਹਾਂ ਤਹਾਂ ਤੁਮ ਧਰਮ ਬਿਧਾਰੋ ਦੁਸ਼ਟ ਦੋਖੀਅਨ ਪਕਰ ਪਛਾਰੋ
ਆਪਨੇ ਹੋਰ ਦੱਸਿਆ :
ਯਾਹੀ ਕਾਜ ਧਰਾ ਹਮ ਜਨਮੰ ਸਮਝਿ ਲੇਹੁ ਸਾਧੂ ਸਭ ਮਨਮੰ
ਧਰਮ ਚਲਾਵਨ ਸੰਤ ਉਭਾਰਨ ਦੁਸ਼ਟ ਸਭਨ ਤੇ ਮੂਲ ਉਪਾਰਿਨ
ਆਪ ਆਪਣੇ ਉਦੇਸ਼ ਵਿੱਚ ਕਿਤਨੇ ਸਫਲ ਹੋਏ, ਇਹ ਗੱਲ ਉਨ੍ਹਾਂ ਦੇ 42 ਵਰ੍ਹਿਆਂ ਦੇ ਜੀਵਨ ਕਾਲ ‘ਤੇ ਝਾਤ ਮਾਰਦਿਆਂ ਸੰਸਾਰ ਪ੍ਰਸਿੱਧ ਵਿਦਵਾਨਾਂ ਨੇ ਆਪੋ ਆਪਣੇ ਦ੍ਰਿਸ਼ਟੀਕੋਣ ਤੋਂ ਇਉਂ ਬਿਆਨ ਕੀਤਾ ਹੈ :
ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਅਦੁੱਤੀ ਸ਼ਖਸੀਅਤ ਅਜਿਹੀ ਸੀ, ਜਿਸ ਦਾ ਮੁਲਾਂਕਣ ਕਰਨਾ ਸਹਿਜ ਹੀ ਨਹੀਂ ਸਗੋਂ ਨਾਮੁਮਕਿਨ ਵੀ ਹੈ।
ਭਾਈ ਨੰਦ ਲਾਲ ਜੀ ਨੇ ਲਿਖਿਆ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਸ਼ਖਸੀਅਤ ਅੱਤ ਸੱਦ ਨੂੰ ਰੋਸ਼ਨ ਕਰਨ ਵਾਲੀਆਂ ਨੌਂ ਮਸ਼ਾਲਾਂ ਦਾ ਨਜ਼ਾਰਾ ਦਰਸਾਉਣ ਵਾਲੀ ਅਤੇ ਝੂਠ ਅਤੇ ਕੁਸਤਿ ਦੀ ਰਾਤ ਦੇ ਹਨੇਰੇ ਨੂੰ ਨਾਸ਼ ਕਰਨ ਵਾਲੀ ਹੈ। ਕਵੀ ਸ਼ਾਰਦਾ ਦਾ ਕਹਿਣਾ ਹੈ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਅਜਿਹੇ ਸੂਰਮੇ ਹਨ ਕਿ ਬਖ਼ਸ਼ਸ਼ਾਂ ਨਾਲ ਨਿਵਾਜ਼ ਕੇ ਹੀ ਮਾਰ ਦਿੰਦੇ ਹਨ ਅਤੇ ਬਖ਼ਸ਼ਸ਼ਾਂ ਕਰਨ ਸਮੇਂ ਕਿਸੇ ਦੇ ਅਧਿਕਾਰ ਆਦਿ ਦਾ ਵਿਚਾਰ ਨਹੀਂ ਕਰਦੇ, ਫਿਰ, ਨਿਰਾ ਕਰ (ਹੱਥਾਂ) ਦੇ ਦਾਨ ਨਾਲ ਤਾਰਦੇ ਹੀ ਨਹੀਂ ਕਰਤਾਰ ਵੀ ਦਿੰਦੇ ਹਨ, ਅਰਥਾਤ ਪ੍ਰਭੂ ਦੀ ਯਾਦ ਵੀ ਦਿੰਦੇ ਹਨ। ਗੁਰੂ ਜੀ ਨੇ ਜਿਤਨੀਆਂ ਵੀ ਜੰਗਾਂ ਕੀਤੀਆਂ ਹਨ, ਉਹ ਦੁਖਾਂ ਨੂੰ ਦਬਾਉਣ ਅਤੇ ਦੁਖੀਆਂ ਦੇ ਸੁਖ ਲਈ ਕੀਤੀਆਂ ਹਨ, ਉਨ੍ਹਾਂ ਵਿੱਚੋਂ ਕੋਈ ਵੀ ਨਿੱਜ ਲਈ ਨਹੀਂ ਸੀ।
ਗੁਰੂ ਸਾਹਿਬ ਦੇ ਇੱਕ ਸਮਕਾਲੀ ਕਵੀ ਅੰਮ੍ਰਿਤ ਰਾਇ ਨੇ ਲਿਖਿਆ ਕਿ ਕਾਇਰਾਂ ਨੂੰ ਸ਼ੇਰ ਬਣਾ ਕੇ ਜੰਗ ਵਿੱਚ ਲੜਾ ਦੇਣਾ, ਇੱਕ ਹਲਵਾਈ ਤੇ ਉਦਾਸੀ ਕੋਲੋਂ ਸਮੇਂ ਦੇ ਜਰਨੈਲ ਮਰਵਾ ਦੇਣੇ ਗੁਰੂ ਸਾਹਿਬ ਦੇ ਹੀ ਹਿੱਸੇ ਆਇਆ ਹੈ। ਜਦੋਂ ਰਣਜੀਤ ਨਗਾਰਾ ਵਜਾਉਂਦੇ ਹਨ ਤਾਂ ਇੱੱਕ ਅਜਿਹੀ ਭਿਆਨਕ ਆਵਾਜ਼ ਪੈਦਾ ਹੁੰਦੀ ਹੈ ਕਿ ਪਹਾੜੀਏ ਘੁਰਨਿਆਂ ਵਿੱਚ ਹੀ ਵੜ ਜਾਂਦੇ ਹਨ।ਹੈਰਾਨਕੁੰਨ ਗੱਲ ਤਾਂ ਇਹ ਹੈ ਕਿ ਗੁਰੂ ਸਾਹਿਬ ਜੋ ਕਰ ਰਹੇ ਹਨ, ਉਹ ਕਦੇ ਹੋ ਹੀ ਨਹੀਂ ਸੀ ਸਕਦਾ! ਲਾਹੌਰ ਤੋਂ ਦਇਆ, ਦਿੱਲੀ ਤੋਂ ਧਰਮ, ਪੁਰੀ ਤੋਂ ਹਿੰਮਤ, ਦਵਾਰਕਾ ਤੋਂ ਮੁਹਕਮ ਅਤੇ ਬਿਦਰ ਤੋਂ ਸਾਹਿਬ ਦਾ ਉਭਾਰਨਾ ਅਦਭੁੱਤ ਗੱਲ ਹੀ ਤਾਂ ਸੀ।
ਅਬਦੁਲ ਸਮਨ ਖਾਨ ਦੇ ਇੱਕ ਸਰਕਾਰੀ ਕਰਮਚਾਰੀ ਨੇ ਲਿਖਿਆ ਕਿ ਉਸ ਕੌਮ ਨੂੰ ਕੌਣ ਹਰਾ ਸਕਦਾ ਹੈ, ਜਿਸ ਪਾਸ ਦੇਗ ਅਤੇ ਤੇਗ ਹੈ, ਦੇਗ ਦਾ ਭਾਵ ਖੁਲ੍ਹਦਿਲੀ ਉਦਾਰਤਾ ਹੈ।ਜਿਵੇਂ ਦੇਗ ਦਾ ਮੂੰਹ ਖੁਲ੍ਹਾ ਅਤੇ ਵੱਡਾ ਹੁੰਦਾ ਹੈ, ਫਿਰ ਉਸ ਉਦਾਰਤਾ ਤੋਂ ਕੋਈ ਹੀਣਤਾ ਦੀ ਭਾਵਨਾ ਨਾ ਲੈ ਜਾਏ, ਇਸ ਲਈ ਤੇਗ ਦੇ ਦਿੱਤੀ।ਸੁੰਦਰ ਅਨੁਸਾਰ ਇਹ ਤਾਂ ਸੁਣਿਆ ਜਾਂਦਾ ਹੈ ਕਿ ਪਰਸਰਾਮ ਦੇ ਕੁਹਾੜੇ ਅੱਗੇ ਕੋਈ ਨਹੀਂ ਟਿਕਦਾ ਪਰ ਇਹ ਤਾਂ ਪ੍ਰਤੱਖ ਵੇਖਿਆ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਦੀ ਕ੍ਰਿਪਾਨ ਅੱਗੇ ਕੋਈ ਅੜ ਨਹੀਂ ਸਕਦਾ।
ਇਕ ਹੋਰ ਕਵੀ ਹੀਰ ਦੇ ਅਨੁਸਾਰ ਸ਼ਾਂਤੀ ਦੇ ਸਾਗਰ ਹਨ ਗੁਰੂ ਗੋਬਿੰਦ ਸਿੰਘ ਜੀ ਬੀਰ ਰਸ ਵਿੱਚ ਗੁੱਝੇ, ਜੰਗ ਜੇਤੂ ਤੇ ਬਖਸ਼ਸ਼ਾਂ ਕਰਨ ਵਿੱਚ ਕੋਈ ਉਨ੍ਹਾਂ ਦਾ ਸਾਨੀ ਨਹੀਂ।
ਬੰਗਾਲ ਦੇ ਇਤਿਹਾਸਕਾਰ ਬੈਨਰਜ਼ੀ ਨੇ ਆਪਣੀ ਪੁਸਤਕ ਐਵੂਲੇਸ਼ਨ ਆਫ ਦਾ ਖ਼ਾਲਸਾ ਵਿੱਚ ਲਿਖਿਆ ਹੈ ਕਿ ਇਸ ਗੱਲ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਗੁਰੂ ਗੋਬਿੰਦ ਸਿੰਘ ਜੀ, ਹਿੰਦੁਸਤਾਨ ਦੀਆਂ ਕੁੱਝ ਗਿਣਵੀਆਂ ਮਹਾਨ ਸ਼ਖਸੀਅਤਾਂ ਵਿਚੋਂ ਹਨ ਅਤੇ ਉਨ੍ਹਾਂ ਦੀ ਪ੍ਰਤਿਭਾ ਅੱਟਲ ਹੈ। ਗੁਰੂ ਗੋਬਿੰਦ ਸਿੰਘ ਜੀ ਵਿੱਚ ਪੈਗੰਬਰ, ਰਖਿਅਕ, ਸੰਤ, ਕਵੀ, ਭਗਤ, ਕਲਾਕਾਰ, ਸੁਧਾਰਕ, ਰੂਹਾਨੀ, ਆਗੂ, ਵੰਡ ਛਕਣ ਵਾਲੇ, ਵਿਦਵਾਨ, ਸਕਾਲਰ, ਸਭ ਬੋਲੀਆਂ ਦੇ ਮਾਹਿਰ, ਜਥੇਦਾਰ (ਆਗੂ) ਸਟੇਟਸ ਮੈਨ, ਨੀਤੀਵਾਨ, ਜਰਨੈਲ, ਸੰਤ-ਸਿਪਾਹੀ, ਪਰ ਉਪਕਾਰੀ, ਉਦਾਰਚਿਤ, ਤੀਰ-ਅੰਦਾਜ਼, ਤਲਵਾਰ ਦੇ ਧਨੀ, ਸਹਿਣਸ਼ੀਲਤਾ, ਨਿਰਮਾਣਤਾ, ਸਫ਼ਲ ਆਗੂ, ਘੋੜ ਸਵਾਰ, ਸੰਸਾਰ ਦੀ ਪੀੜਾ ਹਰਨ ਆਏ, ਨਿਸ਼ਾਨਾਬਾਜ਼, ਜਗਤ-ਗੁਰੂ, ਮਾਇਆ ਵਿੱਚ ਉਦਾਸੀ, ਨਿਰਵੈਰ ਨਿਡਰ, ਲਿਖਾਰੀ ਅਤੇ ਹੋਰ ਅਨੇਕਾਂ ਗੁਣ ਮਿਲ ਸਕਦੇ ਹਨ।
ਲਤੀਫ਼ ਨੇ ਲਿਖਿਆ ਕਿ ਗੁਰੂ ਗੋਬਿੰਦ ਸਿੰਘ ਜੀ ਦਾ ਨਿਸ਼ਾਨਾ ਬਹੁਤ ਉਚਾ ਸੀ। ਜਿਸ ਕਾਰਜ ਵਿੱਚ ਉਨ੍ਹਾਂ ਹੱਥ ਪਾਇਆ ਉਹ ਮਹਾਨ ਸੀ।ਉਨ੍ਹਾਂ ਦੀ ਕ੍ਰਿਪਾ ਸਦਕਾ ਹੀ ਆਪ ਮੁਹਾਰੇ ਬੇਲਗਾਮ ਲੋਕ ਇਕ ਲੜੀ ਵਿਚ ਪਰੋਏ ਗਏ ਅਤੇ ਸਮੇਂ ਦੇ ਸਭ ਤੋਂ ਵੱਡੇ ਯੋਧੇ ਬਣੇ।
ਕਨਿੰਘਮ ਨੇ ਲਿਖਿਆ ਪਹਿਲੇ ਗੁਰੂ ਸਾਹਿਬਾਨ ਦੀ ਕ੍ਰਿਪਾ ਸਦਕਾ ਸਿੱਖਾਂ ਵਿੱਚ ਅਥਾਹ ਜ਼ਜ਼ਬਾ ਭਰਿਆ ਜਾ ਚੁੱਕਾ ਸੀ। ਗੁਰੂ ਗੋਬਿੰਦ ਸਿੰਘ ਜੀ ਨੇ ਉਨ੍ਹਾਂ ਵਿੱਚ ਅਜਿਹੀ ਰੂਹ ਫੂਕੀ, ਜਿਸ ਨੇ ਨਾ ਕੇਵਲ ਸਿੱਖਾਂ ਦੇ ਮਨਾਂ ਨੂੰ ਹੀ ਬਦਲ ਕੇ ਰੱਖ ਦਿੱਤਾ, ਸਗੋਂ ਉਨ੍ਹਾਂ ਨੂੰ ਹਰ ਪੱਖੋਂ ਬਲਵਾਨ ਤੇ ਤਗੜਾ ਵੀ ਕਰ ਦਿੱਤਾ।ਅਕਲ ਤੇ ਸ਼ਕਲ ਦੋਹਾਂ ਨੂੰ ਹੀ ਬਦਲਾ ਦਿੱਤਾ।ਸਿੱਖ ਦੀ ਨੁਹਾਰ ਸੰਸਾਰ ਭਰ ਤੋਂ ਵੱਖਰੀ ਹੋ ਗਈ ਤੇ ਉਸ ਨੇ ਉਹ ਕਾਰਨਾਮੇ ਕਰ ਵਿਖਾਏ ਜੋ ਕਿਸੇ ਪਾਸੋਂ ਵੀ ਨਾ ਹੋ ਸਕੇ।ਲਾਲਾ ਦੌਲਤ ਰਾਇ ਨੇ ਲਿਖਿਆ ਕਿ ਜਿਨ੍ਹਾਂ ਸ਼ੂਦਰਾਂ ਦੀ ਕੋਈ ਵਾਤ ਵੀ ਨਹੀਂ ਸੀ ਪੁੱਛਦਾ, ਜਿਨ੍ਹਾਂ ਨੂੰ ਦੁਰਕਾਰਿਆ ਤੇ ਫਿਟਕਾਰਿਆ ਵਾਰ ਵੀ ਨਹੀਂ ਸੀ ਆਉਂਦਾ, ਜੋ ਜ਼ਿੱਲਤ ਤੇ ਗੁਲਾਮੀ ਦਾ ਜੀਵਨ ਗੁਜ਼ਾਰ ਰਹੇ ਸਨ, ਉਨ੍ਹਾਂ ਨੂੰ ਸੰਸਾਰ ਦੇ ਯੋਧਿਆਂ ਦੇ ਟਾਕਰੇ ਤੇ ਖੜਿਆਂ ਕਰਨ ਦਾ ਨਿਰੋਲ ਤੇ ਇਕ ਮਾਤਰ ਗੁਰੂ ਗੋਬਿੰਦ ਸਿੰਘ ਦਾ ਹੀ ਕੰਮ ਸੀ।
ਇਸ ਸਬੰਧ ਵਿੱਚ ਪ੍ਰਿੰਸੀਪਲ ਸਤਬੀਰ ਸਿੰਘ ਲਿਖਦੇ ਹਨ ਕਿ 42 ਵਰ੍ਹਿਆਂ ਤੋਂ ਵੀ ਘੱਟ ਉਮਰ ਵਿੱਚ ਜੋ ਕਰਤੱਵ, ਬਖਸ਼ਸਾਂ ਅਤੇ ਯੁੱਧ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਕੀਤੇ, ਉਨ੍ਹਾਂ ਦਾ ਜਾਇਜ਼ਾ ਲੈਣਾ ਬਹੁਤ ਕਠਨ ਹੈ।ਇਸ ਦਾ ਕਾਰਣ ਉਹ ਦੱਸਦੇ ਹਨ ਕਿ ਇਤਨੀ ਛੋਟੀ ਉਮਰ ਵਿੱਚ ਇਤਨੇ ਮਹਾਨ ਕਾਰਜ ਕਰ ਜਾਣੇ ਇੱਕ ਕਰਾਮਾਤ ਤੋਂ ਘੱਟ ਨਹੀਂ।ਫਿਰ ਇੱਕ ਹੀ ਸ਼ਖਸੀਅਤ ਵਿੱਚ ਇਤਨੇ ਗੁਣ ਇੱਕ ਥਾਂ ਮਿਲਣੇ ਅਸੰਭਵ ਜਿਹੀ ਗੱਲ ਲੱਗਦੀ ਹੈ।

Rana Paramjit Singh

 

 

 

 

 

ਰਾਣਾ ਪਰਮਜੀਤ ਸਿੰਘ
ਚੇਅਰਮੈਨ, ਧਰਮ ਪ੍ਰਚਾਰ ਕਮੇਟੀ
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ

Check Also

ਸਾਕਾ ਸਰਹਿੰਦ : ਦੁਨੀਆ ਦੇ ਇਤਿਹਾਸ ਦਾ ਲਾਸਾਨੀ ਪੰਨਾ

ਸਰਬੰਸਦਾਨੀ, ਸਾਹਿਬ-ਏ-ਕਮਾਲ, ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਸਾਹਬਜ਼ਾਦਿਆਂ ਦੀ ਸ਼ਹਾਦਤ ਦਾ …

Leave a Reply