ਜਦੋ ਵੀ ਕਦੀ ਹਰ ਛੋਟੇ ਜਾਂ ਵੱਡੇ ਵਿਅਕਤੀ ਦੀ ਜ਼ਿੰਦਗੀ ਵਿੱਚ ਦਾਨ ਕਰਨ ਦਾ ਸਮਾਂ ਆਉਂਦਾ ਹੈ ਤਾਂ ਹਰ ਇਨਸਾਨ ਆਪਣੀ ਹੈਸੀਅਤ ਮੁਤਾਬਕ ਦਾਨ ਕਰਨ ਲੱਗਿਆ ਵੀ ਕਈ ਵਾਰ ਸੋਚਦਾ ਹੈ।ਸਿਆਣਿਆ ਦਾ ਕਥਨ ਹੈ ਕਿ ਸਰੀਰ ਵੇਖ ਕੇ ਇਸ਼ਨਾਨ ਅਤੇ ਹੈਸੀਅਤ ਵੇਖ ਕੇ ਦਾਨ।ਪਰੰਤੂ ਇੱਕ ਵਾਰ ਵੀ ਨਹੀਂ ਸੋਚਿਆ ਉਸ ਰਹਿਬਰ ਨੇ ਆਪਣੀ ਕੌਮ ਅਤੇ ਦੇਸ਼ ਵਾਸਤੇ ਆਪਣਾ ਸਰਬੰਸ ਦਾਨ ਕਰਨ ਲੱਗਿਆ।ਕਲਯੁੱਗ ਦੇ ਮਹਾਨ ਰਹਿਬਰੀ ਪੁਰਸ਼ ਕਲਮ ਅਤੇ ਤਲਵਾਰ ਦੇ ਧਨੀ ਸਾਹਿਬੇ ਕਮਾਲ, ਸਰਬੰਸਦਾਨੀ ਗੁਰੂ ਗੋਬਿੰਦ ਸਿੰਘ ਜੀ ਸਨ ਇਹੋ ਜਿਹੇ ਮਹਾਨ ਇਨਸਾਨ।ਦਸਮ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਦਾ ਜਨਮ 1666 ਈ: ਨੂੰ ਪਿਤਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਤੇ ਮਾਤਾ ਗੁਜਰੀ ਜੀ ਦੇ ਗ੍ਰਹਿ ਵਿਖੇ ਪਟਨਾ ਸਾਹਿਬ ਜੀ ਦੀ ਪਵਿੱਤਰ ਧਰਤੀ ‘ਤੇ ਹੋਇਆ ।ਗੁਰੂ ਜੀ ਦੇ ਅਲੌਕਿਕ ਰੂਪ ਦਾ ਪਤਾ ਤਾ ਬਚਪਨ ਵਿੱਚ ਹੀ ਲੱਗ ਗਿਆ ਸੀ, ਜਦੋਂ ਆਪ ਨੇ ਸਈਅਦ ਪੀਰ ਭੀਖਮ ਸ਼ਾਹ ਦੁਆਰਾ ਲਿਆਦੇ ਦੋਹਾਂ ਕਟੋਰਿਆਂ ਤੇ ਦੋਵੇ ਹੱਥ ਰੱਖ ਕੇ ਸਰਬ-ਸਾਂਝੀਵਾਲਤਾ ਦਾ ਸੁਨੇਹਾ ਦਿੱਤਾ ਸੀ। 9 ਸਾਲ ਦੀ ਬਾਲ ਉਮਰ ਵਿੱਚ ਆਪਣੇ ਪਿਤਾ ਨੂੰ ਮਜ਼ਲੂਮਾਂ ਦੀ ਰੱਖਿਆ ਕਰਨ ਲਈ ਕੁਰਬਾਨ ਹੋਣ ਲਈ ਤੋਰਨਾ ਵੀ ਕਿਸੇ ਆਮ ਬਾਲਕ ਦੇ ਵੱਸ ਦੀ ਗੱਲ ਨਹੀਂ ਸੀ।
ਸਿੱਖ ਧਰਮ ਦੀ ਸਥਾਪਨਾ ਸ੍ਰੀ ਗੁਰੂ ਨਾਨਕ ਦੇਵ ਜੀ ਦੁਆਰਾ ਕੀਤੀ ਗਈ ਸੀ। ਪਰ ਸਿੱਖਾਂ ਨੂੰ ਸਿੰਘ ਸਜਾਉਣ ਵਾਲੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸਨ।ਗੁਰੂ ਜੀ ਨੇ 13 ਅਪ੍ਰੈਲ 1699 ਈ: ਨੂੰ ਸ੍ਰੀ ਕੇਸਗੜ੍ਹ ਦੀ ਪਾਵਨ ਧਰਤੀ ਤੇ ਦੀਵਾਨ ਸਜਾਏ ਅਤੇ ਹਜ਼ਾਰਾਂ ਦੀ ਗਿਣਤੀ ਵਿੱਚ ਪਹੁੰਚੇ ਹੋਏ ਸ਼ਰਧਾਲੂਆਂ ਕੋਲੋ ਸੀਸ ਦੀ ਮੰਗ ਕੀਤੀ।ਸੀਸ ਦੇਣ ਲਈ ਤੱਤਪਰ ਹੋਏ ਪਹਿਲੇ ਪੰਜ ਸ਼ਰਧਾਲੂ ਖੰਡੇ ਬਾਟੇ ਦੀ ਪਾਹੁਲ ਲੈ ਕੇ ਪੰਜ ਪਿਆਰੇ ਅਖਵਾਏ।ਗੁਰੂ ਜੀ ਨੇ ਪੰਜ ਪਿਆਰਿਆ ਨੂੰ ਇੱਕੋ ਬਾਟੇ ਵਿੱਚੋਂ ਅੰਮ੍ਰਿzਤ ਛਕਾ ਕੇ ਊਚ-ਨੀਚ ਦੇ ਭੇਦ ਭਾਵ ਨੂੰ ਖਤਮ ਕਰ’ ਮਾਨਸ ਕੀ ਜਾਤ ਸਭੈ ਏਕੋ ਪਹਿਚਾਬੋ’ ਦੇ ਸਿਧਾਂਤ ਨੂੰ ਲੋਕਾਂ ਦੇ ਸਹਾਮਣੇ ਲਿਆਦਾਂ ।ਪੰਜਾਂ ਪਿਆਰਿਆ ਵਿੱਚ ਭਾਈ ਦਇਆ ਸਿੰਘ, ਭਾਈ ਧਰਮ ਸਿੰਘ ਭਾਈ ਹਿੰਮਤ ਸਿੰਘ, ਭਾਈ ਮੋਹਕਮ ਸਿੰਘ ਅਤੇ ਭਾਈ ਸਾਹਿਬ ਸਿੰਘ ਸਨ। ਪੰਜ ਪਿਆਰਿਆ ਕੋਲੋ ਗੁਰੂ ਜੀ ਨੇ ਆਪ ਅੰਮ੍ਰਿਤ ਛੱਕਿਆ ਅਤੇ ਗੋਬਿੰਦ ਰਾਏ ਤੋਂ ਗੋਬਿੰਦ ਸਿੰਘ ਸੱਜ ਗਏ।ਗੁਰੂ ਜੀ ਨੇ ਪੰਜਾਂ ਪਿਆਰਿਆਂ ਕੋਲੋਂ ਅ੍ਰੰਮਿਤ ਛੱਕ ‘ਆਪੇ ਗੁਰ ਚੇਲਾ’ ਦੇ ਕਥਨ ਨੂੰ ਸਹੀ ਕਰ ਵਿਖਾਇਆ।
ਗੁਰੂ ਗੋਬਿੰਦ ਸਿੰਘ ਜੀ ਜਿੱਥੇ ਇੱਕ ਸੰਤ ਸਨ ਉਥੇ ਇੱਕ ਸਿਪਾਹੀ ਵੀ ਸਨ।ਉਹ ਇੱਕ ਮਹਾਨ ਯੋਧਾ ਵੀ ਸਨ। ਉਹਨਾਂ ਨੇ ਮਜ਼ਲੂਮਾਂ ਦੀ ਰੱਖਿਆ ਕਰਨ ਲਈ ਕਈ ਲੜਾਈਆਂ ਲੜੀਆਂ।ਇਹਨਾਂ ਵਿੱਚ ਅਨੰਦਪੁਰ ਸਾਹਿਬ ਦੀ ਲੜਾਈ , ਭੰਗਾਣੀ ਦਾ ਯੁੱਧ, ਚਮਕੌਰ ਦੀ ਲੜਾਈ ਅਤੇ ਖਿਦਰਾਣੇ ਦੀ ਢਾਬ (ਮੁਕਤਸਰ) ਦੀਆਂ ਲੜਾਈਆਂ ਪ੍ਰਮੁੱਖ ਹਨ।ਸਰਸਾ ਨਦੀ ਪਾਰ ਕਰਦਿਆਂ ਆਪ ਦਾ ਸਾਰਾ ਪਰਿਵਾਰ ਆਪ ਤੋ ਵਿਛੜ ਗਿਆ।ਗੁਰੂ ਜੀ ਦੇ ਵੱਡੇ ਸਹਿਬਜ਼ਾਦੇ ਅਜੀਤ ਸਿੰਘ ਅਤੇ ਜੁਝਾਰ ਸਿੰਘ ਚਮਕੌਰ ਦੀ ਲੜਾਈ ਵਿੱਚ ਸ਼ਹੀਦ ਹੋ ਗਏ ਅਤੇ ਛੋਟੇ ਸਹਿਬਜ਼ਾਦਿਆਂ ਨੂੰ ਸਰਹੰਦ ਦੇ ਨਵਾਬ ਵਜ਼ੀਰ ਖਾਂ ਦੇ ਹੁਕਮ ਅਨੁਸਾਰ ਜਿਊਂਦੇ ਜੀਅ ਨੀਹਾਂ ਵਿੱਚ ਚਿਣਵਾ ਦਿੱਤਾ ਗਿਆ।ਮਾਤਾ ਗੁਜਰੀ ਜੀ ਵੀ ਸਰਹੰਦ ਵਿੱਚ ਹੀ ਸ਼ਹੀਦੀ ਪਾ ਗਏ। ਗੁਰੂ ਜੀ ਨੇ ਮਨੁੱਖਤਾ ਦੀ ਭਲਾਈ ਅਤੇ ਮਜ਼ਲੂਮਾਂ ਦੀ ਰੱਖਿਆ ਲਈ ਆਪਣਾ ਸਰਬੰਸ ਵਾਰ ਕੇ ਸਰਬੰਸਦਾਨੀ ਦਾ ਰੁਤਬਾ ਹਾਸਲ ਕੀਤਾ।
ਗੁਰੂ ਜੀ ਇੱਕ ਉੱਘੇ ਸਹਿਤਕਾਰ ਵੀ ਸਨ, ਸਹਿਤ ਰਚਨਾ ਵਿੱਚ ਗੁਰੂ ਜੀ ਨੇ ਬਹੁਮੱਲਾ ਯੋਗਦਾਨ ਪਾਇਆ।ਗੁਰੂ ਜੀ ਨੇ ਆਪਣੀ ਸਵੈ-ਜੀਵਨੀ ਨੂੰ ਕਲਮਬੱਧ ਕਰ ‘ਬਚਿੱਤz ਨਾਟਕ ‘ਦੀ ਰਚਨਾ ਕੀਤੀ।ਜਫ਼ਰਨਾਮਾ ਆਪ ਵੱਲੋ ਔਰਗਜੇਬ ਨੂੰ ਫ਼ਾਰਸੀ ਵਿੱਚ ਲਿੱਖੀ ਗਈ ਚਿੱਠੀ ਹੈ।ਇਸੇ ਤਰ੍ਹਾਂ ਜਾਪੁ ਸਾਹਿਬ, ਚੰਡੀ ਦੀ ਵਾਰ ਆਪ ਦੀ ਪ੍ਰਮੁੱਖ ਰਚਨਾ ਦੇ ਵਿੱਚ ਆਉਂਦੇ ਹਨ। ਆਪ ਜੀ ਦੁਆਰਾ ਰਚਿਤ ਬਾਣੀ ਦਸਮ ਗ੍ਰੰਥ ਵਿੱਚ ਦਰਜ ਹੈ।
ਗੁਰੂ ਜੀ ਨੇ ਆਪਣੇ ਜੀਵਲ ਕਾਲ ਦਾ ਆਖਰੀ ਸਮਾਂ ਨਾਂਦੇੜ (ਮਹਾਂਰਾਸ਼ਟਰ ) ਵਿੱਚ ਗੁਜਾਰਿਆ ਅਤੇ ਇਥੇ ਹੀ ਆਪ 1708 ਈ: ਨੂੰ ਜੋਤੀ-ਜੋਤਿ ਸਮਾਂ ਗਏ।ਗੁਰੂ ਗੋਬਿੰਦ ਸਿੰਘ ਜੀ ਨੇ ਇੱਕ ਆਮ ਆਦਮੀ ਦੀ ਤਰ੍ਹਾਂ ਆਪਣਾ ਜੀਵਨ ਬਸਰ ਕੀਤਾ।ਉਹਨਾਂ ਦੁਆਰਾ ਕੀਤੀਆ ਗਈਆਂ ਕੁਰਬਾਨੀਆਂ ਦੀ ਮਿਸਾਲ ਨਾ ਤਾਂ ਇਤਿਹਾਸ ਵਿੱਚ ਪਹਿਲਾਂ ਕਦੇ ਵੇਖਣ ਨੂੰ ਮਿਲੀ ਹੈ ਤੇ ਨਾਂ ਹੀ ਕਦੇ ਮਿਲੇਗੀ।ਗੁਰੂ ਜੀ ਨੇ ਆਪਣਾ ਸਾਰਾ ਜੀਵਨ ਸੰਘਰਸ਼ ਕਰਦਿਆਂ ਹੋਇਆ ਮਨੁੱਖਤਾ ਦੇ ਭਲੇ ਲਈ ਗੁਜ਼ਾਰਿਆ।ਗੁਰੂ ਜੀ ਦੇ ਪਾਵਨ ਜਨਮ ਦਿਹਾੜੇ ਤੇ ਸਾਨੂੰ ਸਭ ਨੂੰ ਗੁਰੂ ਜੀ ਦੁਆਰਾ ਪਾਏ ਗਏ ਪੂਰਨਿਆਂ ਤੇ ਚਲਣ ਦਾ ਪ੍ਰਣ ਕਰਨਾ ਚਾਹੀਦਾ ਹੈ।ਊਚ ਨੀਚ ਅਤੇ ਜਾਤ ਪਾਤ ਦੇ ਭੇਦ ਭਾਵ ਨੂੰ ਮਿਟਾ ਕੇ ਸਰਬ-ਸਾਂਝੀਵਾਲਤਾ ਦਾ ਸੰਦੇਸ਼ ਦੁਨੀਆਂ ਦੇ ਕੋਨੇ ਕੋਨੇ ਤੱਕ ਪਹੁੰਚਾਉਂਦੇ ਹੋਏ ਨਿਰੋਏ ਸਮਾਜ਼ ਦੀ ਸਿਰਜਣਾ ਕਰਨੀ ਚਾਹੀਦੀ ਹੈ।
ਕੰਵਲਜੀਤ ਕੌਰ ਢਿੱਲੋਂ
ਤਰਨ ਤਾਰਨ।
9478793231