
ਪੱਟੀ, 21 ਜਨਵਰੀ (ਅਵਤਾਰ ਸਿੰਘ ਢਿੱਲੋਂ, ਰਣਜੀਤ ਮਾਹਲਾ)- ਨਗਰ ਕੌਂਸਲ ਪੱਟੀ ਦੀ ਅਣਗਹਿਲੀ ਦੇ ਚੱਲਦਿਆਂ ਵਾਰਡ ਨੰਬਰ 8 ਦਾ ਸੀਵਰੇਜ਼ ਲੀਕ ਹੋਣ ਕਰਕੇ ਮੁਹੱਲਾ ਸ਼ਾਹਮਦਾਰ ਦੇ ਨਜ਼ਦੀਕ ਅਨੇਕਾਂ ਲੋਕਾਂ ਦੇ ਮਕਾਨ ਪਾਟਣ ਕਰਕੇ ਲੋਕਾਂ ਦੀ ਰਾਤਾਂ ਦੀ ਨੀਂਦ ਹਰਾਮ ਹੋ ਗਈ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜਸਬੀਰ ਸਿੰਘ ਪੁੱਤਰ ਗੁਰਬਚਨ ਸਿੰਘ ਮਕਾਨ ਨੰਬਰ 426, ਅਮਨਦੀਪ ਸਿੰਘ ਕੁਲਦੀਪ ਸਿੰਘ ਮਕਾਨ ਨੰਬਰ 427, ਗੁਰਦੇਵ ਸਿੰਘ ਪੁੱਤਰ ਗੁਰਬਚਨ ਸਿੰਘ, ਪਿਆਰਾ ਸਿੰਘ ਪੁੱਤਰ ਸੁਰਜਨ ਸਿੰਘ, ਜਸਪਾਲ ਕੌਰ ਪਤਨੀ ਸੰਤੋਖ ਸਿੰਘ ਤੋਂ ਇਲਾਵਾ ਕਈ ਹੋਰ ਪੀੜਤਾਂ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਾਡੇ ਮੁਹੱਲੇ ਦਾ ਸੀਵਰੇਜ ਲੀਕ ਹੋਣ ਕਾਰਨ ਸਾਡੇ ਮਕਾਨਾਂ ਵਿੱਚ ਕਾਫ਼ੀ ਵੱਡੀਆਂ ਤ੍ਰੇੜਾਂ ਪੈ ਗਈਆਂ ਹਨ ਅਤੇ ਮਕਾਨ ਲੈਂਟਰ ਤੋਂ ਹੀ ਅੱਡ ਹੋ ਗਏ ਹਨ। ਇਸਤੋਂ ਇਲਾਵਾ ਪੌੜੀਆਂ ਅਤੇ ਜਮੀਨ ਵੀ ਧੱਸ ਗਈ ਹੈ। ਇਥੋਂ ਤੱਕ ਅੱਜ ਦੀ ਮਹਿੰਗਾਈ ਦੇ ਯੁੱਗ ਵਿੱਚ ਨਵੀਂਆਂ ਤਿਆਰ ਕੀਤੇ ਮਕਾਨ ਵੀ ਅੱਧ ਵਿਚਕਾਰੇ ਹੀ ਤ੍ਰੇੜਾਂ ਪੈਣ ਕਾਰਨ ਪਾਟ ਗਏ ਹਨ ਜਿਸ ‘ਤੇ ਮੁਹੱਲੇ ਵਿੱਚ ਕਿਸੇ ਸਮੇਂ ਵੀ ਮਕਾਨ ਡਿੱਗਣ ਕਰਕੇ ਕੋਈ ਵੱਡਾ ਹਾਦਸਾ ਵਾਪਰ ਸਕਦਾ ਹੈ। ਅੱਜ ਜਦੋਂ ਪੱਤਰਕਾਰਾਂ ਦੀ ਟੀਮ ਵੱਲੋਂ ਪੀੜਤ ਇਲਾਕੇ ਦਾ ਦੌਰਾ ਕੀਤਾ ਗਿਆ ਤਾਂ ਮਜ਼ਦੂਰ ਵੱਲੋਂ ਲੀਕ ਹੋਇਆ ਸੀਵਰੇਜ ਪੁੱਟਿਆ ਜਾ ਰਿਹਾ ਸੀ ਅਤੇ ਲੀਕੇਜ ਕਾਰਨ ਪੁੱਟਦਿਆਂ ਪੁੱਟਦਿਆਂ ਹੀ ਮਿੱਟੀ ਡਿੱਗ ਰਹੀ ਸੀ ਅਤੇ ਉਸਦਾ ਪਾਣੀ ਨੀਂਹਾਂ ਵਿੱਚ ਜਾਣ ਕਾਰਨ ਮਕਾਨਾਂ ਦਾ ਫਰਸ਼ ਲੈਵਲ ਤੋਂ ਹੇਠਾਂ ਬੈਠ ਰਿਹਾ ਸੀ। ਇਸ ਮੌਕੇ ‘ਤੇ ਜਸਬੀਰ ਸਿੰਘ ਪੁੱਤਰ ਗੁਰਬਚਨ ਸਿੰਘ ਨੇ ਦੱਸਿਆ ਕਿ ਮਿਹਨਤ ਮਜ਼ਦੂੂਰੀ ਕਰਕੇ ਉਸਨੇ ਕਰੀਬ ਡੇਢ ਸਾਲ ਪਹਿਲਾਂ ਹੀ ਆਪਣੇ ਪਰਿਵਾਰ ਲਈ ਰੈਣ ਬਸੇਰਾ ਤਿਆਰ ਕਰਵਾਇਆ ਸੀ ਅਤੇ ਉਸਦੀ ਅਜੇ ਤਿਆਰੀ ਕਰਨੀ ਬਾਕੀ ਸੀ ਪਰ ਸੀਵਰੇਜ ਦੀ ਪਾਣੀ ਦੀ ਮਾਰ ਸਭ ਤੋਂ ਜਿਆਦਾ ਇਸ ਮਕਾਨ ‘ਤੇ ਹੀ ਪਈ ਹੈ। ਪਾਣੀ ਦੀ ਮਾਰ ਕਰਕੇ ਮਕਾਨ ਦੀਆਂ ਕੰਧਾਂ ਲੈਟਰ ਤੋਂ ਕਰੀਬ ਚਾਰ ਚਾਰ ਇੰਚ ਹੇਠਾਂ ਬੈਠ ਗਈਆਂ ਹਨ ਜਿਸ ਕਾਰਨ ਇਸ ਪਰਿਵਾਰ ਦਾ ਮਕਾਨ ਵਿੱਚ ਰਹਿਣਾ ਖਤਰੇ ਤੋਂ ਖਾਲੀ ਨਹੀਂ। ਉਨ੍ਹਾਂ ਦੱਸਿਆ ਕਿ ਦਿਨੇ ਵੀ ਉਹ ਡਰਦੇ ਡਰਦੇ ਮਕਾਨ ਵਿੱਚ ਰੋਟੀ ਪਾਣੀ ਕਰਦੇ ਹਨ ਅਤੇ ਰਾਤ ਗੁਜਾਰਨ ਲਈ ਮਕਾਨ ਤੋਂ ਬਾਹਰ ਕਿਸੇ ਦਾ ਆਸਰਾ ਲੈਣਾ ਪੈ ਰਿਹਾ ਹੈ। ਕਿਉਂਕਿ ਰਾਤ ਸਮੇਂ ਕਿਸੇ ਵੇਲੇ ਵੀ ਹਾਦਸਾ ਵਾਪਰਣ ਦਾ ਡਰ ਬਣਿਆ ਹੋਇਆ ਹੈ। ਪੀੜਤ ਮਕਾਨ ਮਾਲਕਾਂ ਨੇ ਨਗਰ ਕੌਂਸਲ ਪੱਟੀ ਵਿਖੇ ਲਿਖਤੀ ਦਰਖਾਸਤ ਦਿੱਤੀ ਹੈ ਅਤੇ ਮੰਗ ਕੀਤੀ ਹੈ ਕਿ ਸੀਵਰੇਜ ਦੀ ਜਾਂਚ ਕਰਕੇ ਇਸਨੂੰ ਠੀਕ ਕੀਤਾ ਜਾਵੇ ਅਤੇ ਮਕਾਨਾਂ ਦੇ ਹੋਏ ਨੁਕਸਾਨ ਦਾ ਮੁਆਵਜਾ ਦਿੱਤਾ ਜਾਵੇ।
ਕਾਰਜ ਸਾਧਕ ਅਫ਼ਸਰ ਨੇ ਨਹੀਂ ਚੁੱਕਿਆ ਫੋਨ – ਇਸ ਸਬੰਧੀ ਜਦੋਂ ਪੱਤਰਕਾਰਾਂ ਵੱਲੋਂ ਕਾਰਜ ਸਾਧਕ ਅਫ਼ਸਰ ਸz. ਮਨਮੋਹਨ ਸਿੰਘ ਦੇ ਮੋਬਾਇਲ ‘ਤੇ ਸੰਪਰਕ ਕੀਤਾ ਗਿਆ ਪਰ ਉਨ੍ਹਾਂ ਫੋਨ ਰਿਸੀਵ ਨਹੀਂ ਕੀਤਾ।
ਕੀ ਕਹਿਣਾ ਹੈ ਵਾਰਡ ਦੇ ਕੌਂਸਲਰ ਦਾ – ਇਸ ਸਬੰਧੀ ਜਦੋਂ ਵਾਰਡ ਦੇ ਕੌਂਸਲਰ ਰਾਜਨਪ੍ਰੀਤ ਸਿੰਘ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਮੈਂ ਨਗਰ ਕੌਂਸਲ ਦੇ ਪ੍ਰਧਾਨ ਨੂੰ ਨਾਲ ਲੈ ਕੇ ਮੌਕੇ ‘ਤੇ ਗਿਆ ਸੀ ਅਤੇ ਕੱਲ ਹੀ ਇਸਦਾ ਐਸਟੀਮੇਟ ਲਗਾ ਕੇ ਸੀਵਰੇਜ ਦੁਬਾਰਾ ਪਵਾਇਆ ਜਾਵੇਗਾ ਤਾਂ ਜੋ ਕੋਈ ਅਣਸੁਖਾਵੀਂ ਘਟਨਾ ਨਾ ਵਾਪਰ ਜਾਵੇ।
Punjab Post Daily Online Newspaper & Print Media