
ਪੱਟੀ, 21 ਜਨਵਰੀ (ਅਵਤਾਰ ਸਿੰਘ ਢਿੱਲੋਂ, ਰਣਜੀਤ ਮਾਹਲਾ)- ਪੰਜਾਬ ਸਰਕਾਰ ਦੀਆਂ ਵਪਾਰ ਵਿਰੋਧੀ ਨੀਤੀਆਂ ਦੇੇ ਵਿਰੋਧ ਵਿਚ ਅੱਜ ਪੰਜਾਬ ਭਰ ਵਿਚ ਪੈਸਟੀਸਾਈਡਜ਼ ਅਤੇ ਖਾਦ ਵਿਕਰੇਤਾ ਡੀਲਰਾਂ ਵੱਲੋਂ ਪੂਰੇ ਪੰਜਾਬ ਵਿਚ ਅੱਜ ਆਪਣੇ ਵਪਾਰਕ ਅਦਾਰੇ ਬੰਦ ਕਰਕੇ ਸਰਕਾਰ ਵਿਰੁੱਧ ਰੋਸ ਜਾਹਿਰ ਕੀਤਾ ਗਿਆ। ਇਸ ਸੰਬੰਧੀ ਪ੍ਰੈਸ ਕਾਨਫਰੰਸ ਕਰਦੇ ਹੋਏ ਪੈਸਟੀਸਾਈਡ ਯੂਨੀਅਨ ਪੱਟੀ ਦੇ ਪ੍ਰਧਾਨ ਰਣਜੀਤ ਸਿੰਘ ਨੇ ਦੱਸਿਆ ਕਿ ਖੇਤੀਬਾੜੀ ਮੰਤਰੀ ਪੰਜਾਬ ਵੱਲੋਂ ਦਿੱਤੇ ਗਏ ਨਵੇਂ ਹੁਕਮਾਂ ਅਨੁਸਾਰ ਜਿਸ ਵਿਚ ਬੀਜ, ਖਾਦ, ਦਵਾਈਆਂ ਵਿਕਰੇਤਾ ਨੂੰ ਆਪਣਾ ਖੇਤੀਬਾੜੀ ਲਾਇਸੰਸ ਨਵਾਂ ਬਨਾਉਣ ਅਤੇ ਰੀਨਿਊ ਕਰਨ ਵਾਸਤੇ ਗੈਰਜਰੂਰੀ ਸ਼ਰਤਾਂ ਲਾਗੂ ਕਰਨ ਨਾਲ ਡੀਲਰਾਂ ਅਤੇ ਵਿਕਰੇਤਾਂਵਾਂ ਵਿਚ ਆਪਣੇ ਭਵਿੱਖ ਪ੍ਰਤੀ ਚਿੰਤਾ ਪਾਈ ਜਾ ਰਹੀ। ਕਿਉਂਕਿ ਬਹੁਤ ਸਾਰੇ ਡੀਲਰ ਪਿਛਲੇ 20-25 ਸਾਲ ਤੋਂ ਇਸ ਕਿੱਤੇ ਨਾਲ ਜੁੜੇ ਹੋਏ ਹਨ ਅਤੇ ਖੇਤੀਬਾੜੀ ਸਬੰਧੀ ਪੂਰੀ ਜਾਣਕਾਰੀ ਰੱਖਦੇ ਹਨ।ਉਹਨਾਂ ਕਿਹਾ ਕਿ ਜ਼ੋ ਪੁਰਾਣੇ ਲਾਇਸੰਸ ਬਣੇ ਹਨ ਉਹਨਾਂ ਵਿਚ ਨਵੀਆਂ ਸ਼ਰਤਾਂ ਲਾਗੂ ਨਹੀਂ ਹੋਣੀਆਂ ਚਾਹੀਦੀਆਂ, ਨਵੇਂ ਲਾਇਸੰਸ ਖੇਤੀਬਾੜੀ ਵਿਭਾਗ ਵੱਲੋਂ ਟਰੇਨਿੰਗ ਦੇ ਕੇ ਜਾਰੀ ਕਰਨੇ ਚਾਹੀਦੇ ਹਨ।ਅੱਜ ਪੱਟੀ ਸ਼ਹਿਰ ਅਤੇ ਆਸ ਪਾਸ ਦੇ ਇਲਾਕੇ ਦੇ ਸਮੂਹ ਦੁਕਾਨਦਾਰਾਂ ਵੱਲੋਂ ਦੁਕਾਨਾਂ ਬੰਦ ਕਰਕੇ ਪੰਜਾਬ ਸਰਕਾਰ ਦੀਆਂ ਲੋਕ ਨੀਤੀਆਂ ਖਿਲਾਫ ਜੰਮ ਕੇ ਰੋਸ ਪ੍ਰਦਰਸ਼ਨ ਕੀਤਾ ਅਤੇ ਨਾਲ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਜੇ ਸਰਕਾਰ ਵੱਲੋਂ ਲੋਕਮਾਰੂ ਫੈਸਲੇ ਵਾਪਸ ਨਾਂ ਲਏ ਗਏ ਤਾਂ ਸਰਕਾਰ ਵਿਰੁੱਧ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ।ਇਸ ਸੰਬੰਧੀ ਸਮੂਹ ਪੈਸਟੀਸਾਈਡ ਯੁੁੂਨੀਅਨ ਵੱਲੋਂ ਖੇਤੀਬਾੜੀ ਅਫਸਰ ਪੱਟੀ ਸੁਖਵਿੰਦਰ ਸਿੰਘ ਬੇਦੀ ਨੂੰ ਮੰਗ ਪੱਤਰ ਦਿੱਤਾ ਗਿਆ। ਇਸ ਮੌਕੇ, ਰਾਜਯੋਧਬੀਰ ਸਿੰਘ, ਸੁਖਜੀਤ ਸਿੰਘ, ਜਗਜੀਤ ਸਿੰਘ, ਬੂਟਾ ਸਿੰਘ, ਅਮਿਤ, ਆਦਿ ਹਾਜ਼ਰ ਸਨ।
Punjab Post Daily Online Newspaper & Print Media