
ਅੰਮ੍ਰਿਤਸਰ, 23 ਜਨਵਰੀ (ਗੁਰਪ੍ਰੀਤ ਸਿੰਘ)- ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਅਰਾ ਪ੍ਰਬੰਧਕ ਕਮੇਟੀ ਵੱਲੋਂ ਸਿੱਖ ਕੌਮ ਦੇ ਵਿਦਵਾਨ ਢਾਡੀ ਗਿਆਨੀ ਗੁਰਚਰਨ ਸਿੰਘ ਚੰਨ ਮੱਦੂਛਾਂਗੀਆ ਨੂੰ ਪੰਜਾਹ ਹਜ਼ਾਰ ਰੁਪਏ ਦੀ ਆਰਥਿਕ ਸਹਾਇਤਾ ਦਿੱਤੀ ਗਈ ਹੈ।ਇਹ ਸਹਾਇਤਾ ਉਨ੍ਹਾਂ ਦੀ ਸਿਹਤ ਦੇ ਨਾਸਾਜ਼ ਚੱਲਦਿਆਂ ਅੰਤ੍ਰਿੰਗ ਕਮੇਟੀ ਦੇ ਫੈਸਲੇ ਅਨੁਸਾਰ ਧਰਮ ਪ੍ਰਚਾਰ ਕਮੇਟੀ ਦੇ ਫੰਡਾਂ ਵਿੱਚੋਂ ਦਿੱਤੀ ਗਈ।
ਇਥੋਂ ਜਾਰੀ ਪ੍ਰੈੱਸ ਬਿਆਨ ਵਿੱਚ ਸ਼ੋ੍ਰਮਣੀ ਕਮੇਟੀ ਦੇ ਬੁਲਾਰੇ ਤੇ ਵਧੀਕ ਸਕੱਤਰ ਸ. ਦਿਲਜੀਤ ਸਿੰਘ ਬੇਦੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਢਾਡੀ ਭਾਈ ਗੁਰਚਰਨ ਸਿੰਘ ਚੰਨ ਦਿਮਾਗੀ ਬਿਮਾਰੀ ਤੋਂ ਪੀੜਤ ਹਨ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਨੇ ਸਿੱਖ ਕੌਮ ਦੇ ਪ੍ਰਚਾਰ-ਪ੍ਰਸਾਰ ਵਿੱਚ ਯੋਗਦਾਨ ਪਾਉਣ ਵਾਲੇ ਭਾਈ ਚੰਨ ਦੇ ਜਲਦੀ ਸਿਹਤਯਾਬ ਹੋਣ ਦੀ ਕਾਮਨਾ ਕੀਤੀ ਹੈ।ਉਨ੍ਹਾਂ ਭਾਈ ਮੱਦੂਛਾਂਗੀਆ ਦੀਆਂ ਪੰਥਕ ਸੇਵਾਵਾਂ ਨੂੰ ਵਡਿਆਉਂਦਿਆਂ ਕਿਹਾ ਕਿ ਛੇਵੇਂ ਪਾਤਸ਼ਾਹ ਵੱਲੋਂ ਵਰੋਸਾਏ ਗਏ ਢਾਡੀ ਸਿੱਖ ਕੌਮ ਦਾ ਸਰਮਾਇਆ ਹਨ, ਜੋ ਸੰਗਤਾਂ ਅੰਦਰ ਕੌਮੀ ਜਜ਼ਬਾ ਭਰਦੇ ਹਨ।ਉਨ੍ਹਾਂ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੁਮਾਇੰਦਾ ਸਿੱਖ ਸੰਸਥਾ ਹੈ ਅਤੇ ਗੁਰਮਤਿ ਪ੍ਰਚਾਰ ਦੇ ਖੇਤਰ ਵਿੱਚ ਕਾਰਜਸ਼ੀਲ ਸ਼ਖ਼ਸੀਅਤਾਂ ਦੀ ਹਮੇਸ਼ਾ ਕਦਰ ਕਰਦੀ ਹੈ।
Punjab Post Daily Online Newspaper & Print Media