ਬਾਬੇ ਨਾਨਕ ਦੀ ਤੇਰਾ ਤੇਰਾ ਤੋਲਣ ਪੇਟਿੰਗ ਬਣੀ ਖਿੱਚ ਦਾ ਕੇਂਦਰ
ਅੰਮ੍ਰਿਤਸਰ, 24 ਜਨਵਰੀ (ਤੇਜਸਵੀ ਸ਼ਰਮਾ)- ਆਰਟ ਗੈਲਰੀ ਵਿਖੇ ਦੋ ਸਕੇ ਭਰਾਵਾਂ ਪੰਕਜ ਸਚਦੇਵ ਅਤੇ ਸਿਧਾਂਤ ਸਚਦੇਵ ਵਲੋਂ ਭਗਤੀ ਰੰਗ ਵਿਚ ਚਿਤਰੀਆਂ 13 ਮਨਮੋਹਕ ਪੇਟਿੰਗਾਂ ਨੇ ਦਰਸ਼ਕਾਂ ਨੂੰ ਭਗਤੀ ਰੰਗ ਵਿਚ ਰੰਗ ਦਿੱਤਾ। ਤੇਰਾ-ਤੇਰਾ ਤੋਲਣ ਵਾਲੇ ਬਾਬੇ ਨਾਨਕ ਦੀ ਸਿੰਬਲ ਪੇਟਿੰਗ ਆਰਟ ਗੈਲਰੀ ਵਿਚ ਸਭ ਦਰਸ਼ਕਾਂ ਲਈ ਖਿੱਚ ਦਾ ਕੇਂਦਰ ਬਣੀ ਰਹੀ। ਇਸ ਚਾਰ ਦਿਨਾਂ ਪੇਟਿੰਗ ਪ੍ਰਦਰਸ਼ਨੀ ਦਾ ਸ਼ੁਭ ਆਰੰਭ ਆਰਟ ਗੈਲਰੀ ਦੇ ਸੈਕਟਰੀ ਡਾ. ਪੀਐਸ ਗਰੋਵਰ, ਏਡੀਸੀ ਤਰਨਤਾਰਨ ਬਖਤਾਵਰ ਸਿੰਘ, ਡਾਇਰੈਕਟਰ ਅੰਜਨਾ ਸੇਠ, ਰਾਸ਼ਟਰਪਤੀ ਐਵਾਰਡੀ ਸਵਰਾਜ ਗਰੋਵਰ ਅਤੇ ਵਿਸ਼ੇਸ਼ ਮਹਿਮਾਨ ਏਸੀਪੀ ਗੁਰਪ੍ਰੀਤ ਸਿੰਘ ਨੇ ਸਾਂਝੇ ਤੌਰ ਤੇ ਸ਼ਮਾ ਰੋਸ਼ਨ ਕਰਕੇ ਕੀਤਾ।
ਆਰਟਿਸਟ ਪੰਕਜ ਸਚਦੇਵ ਵਲੋਂ ਮਿਕਸ ਮੀਡੀਆ ਨਾਲ ਚਿਤਰੀਆਂ ਇਨ੍ਹਾਂ ਸਿੰਬਲ ਪੇਟਿੰਗਾਂ ਵਿਚ ਭਗਤੀ ਭਾਵ ਨੂੰ ਉਭਾਰਿਆ ਹੈ। ਆਰਟ ਨਮਸਿਆ ਦੇ ਬੈਨਰ ਹੇਠ ਲੱਗੀ ਇਸ ਪ੍ਰਦਰਸ਼ਨੀ ਵਿਚ ਭਗਵਾਨ ਗਣੇਸ਼, ਮਹਾਤਮਾ ਬੁੱਧਾ, ਮਹਾਂਕਾਲੀ, ਸਰਬੰਸਦਾਨੀ ਗੁਰੂ ਗੋਬਿੰਦ ਸਿੰਘ, ਰਾਮ ਰਾਵਣ ਯੁੱਧ, ਮਹਾਂਭਾਰਤ, ਸ਼ਿਵ ਪਾਰਵਤੀ ਅਤੇ ਕ੍ਰਿਸ਼ਨ ਸੁਦਾਮਾਂ ਦੀ ਦੋਸਤੀ ਤੇ ਅਧਾਰਿਤ ਬਾਲ ਸਖਾ ਤੇ ਅਧਾਰਿਤ ਸਿੰਬਲ ਪੇਟਿੰਗਾਂ ਵਿਚ ਕਲਾ ਅਤੇ ਰੰਗਾਂ ਦੇ ਖੂਬਸੂਰਤ ਸੁਮੇਲ ਨੇ ਆਰਟਿਸਟ ਪੰਕਜ ਸਚਦੇਵ ਉਤੇ ਕਾਬਿਲ ਆਰਟਿਸਟ ਹੋਣ ਦੀ ਵੱਡੀ ਮੋਹਰ ਲਗਾਈ। ਡਾ. ਪੀਐਸ ਗਰੋਵਰ, ਅੰਜਨਾ ਸੇਠ, ਸਵਰਾਜ ਗਰੋਵਰ, ਬਖਤਾਵਰ ਸਿੰਘ ਅਤੇ ਗੁਰਪ੍ਰੀਤ ਸਿੰਘ ਨੇ ਸਾਂਝੇ ਤੌਰ ਤੇ ਆਰਟਿਸਟ ਪੰਕਜ ਸਚਦੇਵ ਅਤੇ ਸਿਧਾਂਤ ਸਚਦੇਵ ਦੀ ਬੇਹੱਦ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਇੱਕੋ ਛੱਤ ਹੇਠ ਰੰਗਾਂ ਅਤੇ ਬੁਰਸ਼ ਦੇ ਨਾਲ-ਨਾਲ ਸਮੂਹ ਧਰਮਾਂ ਦੇ ਭਗਤੀ ਭਾਵ ਨੂੰ ਚਿਤਰ ਕੇ ਆਪਣੇ ਬੇਕਮਾਲ ਆਰਟ ਦੀ ਵੱਡੀ ਪਛਾਣ ਬਣਾਈ ਹੈ। ਪ੍ਰਿੰ. ਸਵਰਾਜ ਗਰੋਵਰ ਅਨੁਸਾਰ ਜਿਸ ਵਕਤ ਸਾਰਾ ਸੰਸਾਰ ਬਾਰੂਦ ਦੇ ਢੇਰ ਤੇ ਬੈਠਾ ਹੋਇਆ ਹੈ, ਉਸ ਵਕਤ ਇਹੋ ਜਿਹੀਆਂ ਸ਼ਾਂਤੀ ਦਾ ਸੰਦੇਸ਼ ਵਾਲੀਆਂ ਪੇਟਿੰਗਾਂ ਵਿਚੋਂ ਸ਼ਾਂਤੀ ਅਤੇ ਠੰਡਕ ਦੀ ਮਹਿਕ ਆਉਂਦੀ ਹੈ। ਇਹ ਪੇਟਿੰਗ ਪ੍ਰਦਰਸ਼ਨੀ 27 ਜਨਵਰੀ ਤੱਕ ਨਿਰੰਤਰ ਚੱਲਦੀ ਰਹੇਗੀ। ਆਰਟਿਸਟ ਸਿਧਾਂਤ ਸਚਦੇਵ ਨੇ ਪੰਕਜ ਸਚਦੇਵ ਵਲੋਂ ਬਣਾਈਆਂ ਪੇਟਿੰਗਾਂ ਬਾਬਤ ਦਰਸ਼ਕਾਂ ਨੂੰ ਵਿਸਥਾਰ ਸਹਿਤ ਚਾਨਣਾ ਪਾਇਆ। ਆਰਟਿਸਟ ਪੰਕਜ ਸਚਦੇਵ ਨੇ ਗੱਲਬਾਤ ਕਰਦਿਆਂ ਕਿਹਾ ਕਿ ਇਸ ਪੇਟਿੰਗ ਪ੍ਰਦਰਸ਼ਨੀ ਦਾ ਮੁੱਖ ਮਕਸਦ ਸਮਾਜ ਅਤੇ ਵਿਦਿਆਰਥੀ ਵਰਗ ਨੂੰ ਆਪਣੇ ਪਿਛੋਕੜ ਨਾਲ ਤੇ ਮੂਲ ਨਾਲ ਜੋੜਣਾ ਅਤੇ ਪੇਟਿੰਗ ਪ੍ਰਦਰਸ਼ਨੀ ਦੇ ਜਰੀਏ ਹੀ ਅਸੀ ਪ੍ਰਾਚੀਨ ਦੇਵ ਭਾਸ਼ਾ ਸੰਸਕ੍ਰਿਤ ਦਾ ਪ੍ਰਚਾਰ ਤੇ ਪ੍ਰਸਾਰ ਕਰਨ ਦਾ ਉਦਮ ਕੀਤਾ ਹੈ। ਉਨ੍ਹਾਂ ਕਿਹਾ ਕਿ ਇਹ ਪੇਟਿੰਗ ਪ੍ਰਦਰਸ਼ਨੀ ਐਜੂਕੇਸ਼ਨ ਇੰਸਟੀਟਿਊਟ ਧਣੇਯ ਆਈਏਐਸ ਸਰਵਿਸ ਪ੍ਰਾਈਵੇਟ ਲਿਮਟਿਡ ਵਲੋਂ ਸਪਾਂਸਰ ਕੀਤੀ ਗਈ ਹੈ। ਇਸ ਮੌਕੇ ਕਲਾ ਅਲੋਚਕ ਬ੍ਰਿਜੇਸ਼ ਜੌਲੀ, ਅਤੁਲ ਮਹਿਰਾ, ਮਾਲਾ ਚਾਵਲਾ, ਬੁੱਤ ਤਰਾਸ਼ ਓਪੀ ਵਰਮਾ, ਡਾ. ਬਲਦੇਵ ਗੰਭੀਰ, ਨਰਿੰਦਰ ਸਿੰਘ, ਗੋਪਾਲ ਕਰੋੜੀਵਾਲ, ਧਰਮਿੰਦਰ ਸ਼ਰਮਾ, ਕੰਵਲ ਸਹਿਗਲ, ਟੀਨਾ ਸ਼ਰਮਾ, ਗੁਰਸ਼ਰਨ ਕੌਰ, ਇੰਦਰਪ੍ਰੀਤ ਕੌਰ ਰੋਮਿਲਾ ਸਚਦੇਵ ਅਤੇ ਸੁਦੇਸ਼ ਸਚਦੇਵ ਤੋਂ ਇਲਾਵਾ ਹੋਰ ਵੀ ਪ੍ਰਮੁੱਖ ਸ਼ਖਸੀਅਤਾਂ ਹਾਜ਼ਰ ਸਨ।
ਪੁੱਤ ਦੀ ਪੇਟਿੰਗ ਪ੍ਰਦਰਸਨੀ ਦੇਖ ਬਾਗੋਬਾਗ ਹੋਈ ਮਾਂ
ਆਪਣੇ ਆਰਟਿਸਟ ਪੁੱਤਰਾਂ ਦੀ ਪੇਟਿੰਗ ਪ੍ਰਦਰਸ਼ਨੀ ਦੇਖਣ ਆਰਟਿਸਟ ਪੰਕਜ ਸਚਦੇਵ ਦੀ ਮਾਂ ਸੁਦੇਸ਼ ਸਚਦੇਵ ਆਪਣੀ ਨੂੰਹ ਰੋਮਿਲਾ ਸਚਦੇਵ ਨਾਲ ਪਹੁੰਚੀ ਹੋਈ ਸੀ। ਪ੍ਰਦਰਸ਼ਨੀ ਦੇਖ ਬਾਗੋਬਾਗ ਹੋਈ ਮਾਂ ਨੇ ਦੱਸਿਆ ਕਿ ਪੰਕਜ ਸਾਲ ਦੀ ਉਮਰ ਤੋਂ ਹੀ ਕਲਾ ਨਾਲ ਮੋਹ ਕਰਨ ਲੱਗ ਪਿਆ ਸੀ। ਪੁੱਤਰ ਵਲੋਂ ਬਣਾਈ ਬਾਬੇ ਨਾਨਕ ਦੀ ਪੇਟਿੰਗ ਅੱਗੇ ਖਲੋ ਅਰਦਾਸ ਕਰਦਿਆਂ ਉਨ੍ਹਾਂ ਕਿਹਾ ਕਿ ਅਕਾਲ ਪੁਰਖ ਮਿਹਰਾਂ ਕਰਨ ਅਤੇ ਵਰ੍ਹਿਆਂ ਤੋਂ ਪੁੱਤ ਦੀ ਵੱਡੀ ਤਰੱਕੀ ਦੇ ਇੰਤਜਾਰ ਨੂੰ ਬੂਰ ਪੈ ਜਾਵੇ।
Punjab Post Daily Online Newspaper & Print Media