ਚੋਣ ਜਿੱਤ ਕੇ ‘ਵਾਚ’ ਡਾਗ ਬਣ ਕੇ ਕੰਮ ਕਰਨਗੇ
ਅੰਮ੍ਰਿਤਸਰ, 24 ਜਨਵਰੀ (ਜਸਬੀਰ ਸਿੰਘ ਪੱਟੀ)- ਵਿਧਾਨ ਸਭਾ ਹਲਕਾ ਖਡੂਰ ਸਾਹਿਬ ਤੋ ਆਮ ਆਦਮੀ ਪਾਰਟੀ ਵਿੱਚੋ ਮੁਅੱਤਲ ਕੀਤੇ ਗਏ ਅਜ਼ਾਦ ਉਮੀਦਵਾਰ ਵਜੋ ਚੋਣ ਲੜ ਰਹੇ ਭਾਈ ਬਲਦੀਪ ਸਿੰਘ ਨੇ ਅਕਾਲੀ ਭਾਜਪਾ ਤੇ ਕਾਂਗਰਸ ਨੂੰ ਪੰਜਾਬ ਦੇ ਦੁਸ਼ਮਣ ਗਰਦਾਨਦਿਆ ਕਿਹਾ ਕਿ ਮੇਲਿਆ ਵਿੱਚ ਭੀੜਾਂ ਤਾਂ ਇਕੱਠੀਆ ਕੀਤੀਆ ਜਾ ਸਕਦੀਆ ਹਨ ਪਰ ਉਹਨਾਂ ਨੂੰ ਵੋਟ ਬੈਂਕ ਸਮਝ ਲੈਣਾ ਨਾਦਾਨੀ ਹੋਵੋਗੀ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਭਾਈ ਬਲਦੀਪ ਸਿੰਘ ਨੇ ਕਿਹਾ ਕਿ ਧਰਮ ਕਰਮ ਦੇ ਕੰਮਾਂ ਵਿੱਚ ਗੰਦੀ ਸਿਆਸਤ ਨਹੀ ਕੀਤੀ ਜਾਣੀ ਚਾਹੀਦੀ ਕਿਉਕਿ ਸਿਆਸਤ ਸਿਰਫ ਲੋਕਾਂ ਤੇ ਰਾਜ ਕਰਨ ਲਈ ਨਹੀ ਸਗੋ ਸੇਵਾ ਕਰਨ ਲਈ ਹੋਣੀ ਚਾਹੀਦੀ ਹੈ। ਉਹਨਾਂ ਕਿਹਾ ਕਿ ਗੁਰੂ ਨਾਨਕ ਦੇਵ ਜੀ ਦੀਆ ਸਿੱਖਿਆਵਾਂ ਦਾ ਢੰਡੋਰਾ ਪਿੱਟ ਕੇ ਅਤੇ ਲੋਕਾਂ ਨੂੰ ਪੰਥ ਦਾ ਵਾਸਤਾ ਪਾ ਕੇ ਵੋਟਾਂ ਲੈ ਕੇ ਸੱਤਾ ਹਾਸਲ ਕਰਨ ਵਾਲਾ ਅਕਾਲੀ ਦਲ ਗੁਰੂ ਸਾਹਿਬ ਦੀ ਵਿਚਾਰਧਾਰਾ ਤੋ ਸਿਖਿਆਵਾਂ ਤੇ ਬਹੁਤ ਦੂਰ ਜਾ ਚੁੱਕਾ ਹੈ ਕਿਉਕਿ ਗੁਰੂ ਸਾਹਿਬ ਨੇ ਤਾਂ ਖਡੂਰ ਸਾਹਿਬ ਵਿਖੇ ਭਾਈ ਲਹਿਣਾ ਜੀ ਨੂੰ ਗੱਦੀ ਦੇ ਤੇ ਸਾਬਤ ਕਰ ਦਿੱਤਾ ਸੀ ਕਿ ਵਿਚਾਰਧਾਰਾ ਨਾਲ ਪਰਿਵਾਰਵਾਦ ਨੂੰ ਨਹੀ ਜੋੜਿਆ ਜਾ ਸਕਦਾ ਪਰ ਅੱਜ ਸਿਆਸਤ ਬਾਬੇ ਨਾਨਕ ਦੇ ਸੰਕਲਪ ਨੂੰ ਤਿਲਾਂਜਲੀ ਦੇ ਕੇ ਸਿਰਫ ਕੁਨਬਾਪ੍ਰਵਾਰੀ ਤੇ ਵਪਾਰ ਬਣ ਚੁੱਕੀ ਹੈ ਜਿਸ ਵਿੱਚ ਸੁਆਰਥ ਭਾਰੂ ਹੋ ਚੁੱਕਾ ਹੈ। ਉਹਨਾਂ ਕਿਹਾ ਕਿ ਭਾਂਵੇ ਬਾਦਲ ਪਰਿਵਾਰ ਹੋਵੇ, ਬ੍ਰਹਮਪੁਰਾ ਜਾਂ ਢੀਡਸਾ ਪਰਿਵਾਰ ਹੋਏ ਨੇ ਸਿਆਸਤ ਨੂੰ ਨਿੱਜੀ ਜਗੀਰ ਬਣਾ ਲਿਆ ਹੈ ਅਤੇ ਖਡੂਰ ਸਾਹਿਬ ਦੀ ਜ਼ਿਮਨੀ ਚੋਣ ਵਿੱਚ ਬ੍ਰਹਮਪੁਰਾ ਪਰਿਵਾਰ ਦੇ ਫਰਜੰਦ ਨੂੰ ਹੀ ਟਿਕਟ ਦੇ ਕੇ ਅਕਾਲੀ ਦਲ ਨੇ ਸਾਬਤ ਕਰ ਦਿੱਤਾ ਅਕਾਲੀ ਦਲ ਵਿੱਚ ਬਾਬੇ ਨਾਨਕ ਦੇ ਗੁਣਤੰਤਰ ਦੇ ਸਿਧਾਂਤ ਦਾ ਕੋਈ ਸਥਾਨ ਨਹੀ ਹੈ। ਉਹਨਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਪ੍ਰਧਾਨ ਕੀ ਸਪੱਸ਼ਟ ਕਰਦੇ ਹਨ ਕਿ ਉਹਨਾਂ ਕੋਲ ਖਡੂਰ ਸਾਹਿਬ ਹਲਕੇ ਵਿੱਚ ਸਿਵਾਏ ਬ੍ਰਹਮਪੁਰਾ ਪਰਿਵਾਰ ਦੇ ਕੋਈ ਹੋਰ ਪਾਰਟੀ ਦਾ ਉਮੀਦਵਾਰ ਚੋਣ ਮੈਦਾਨ ਵਿੱਚ ਖੜਾ ਕਰਨ ਵਾਸਤੇ ਨਹੀ ਹੈ? ਉਹਨਾਂ ਕਿਹਾ ਕਿ ਕਾਂਗਰਸ ਦਾ ਸਭਿਆਚਾਰ ਵੀ ਸਿਰਫ ਕੁਨਬਾਪਰਵਾਰੀ ਹੈ ਤੇ ਕਾਂਗਰਸ ਦੀ ਕੇਂਦਰੀ ਲੀਡਰਸ਼ਿਪ ‘ਤੇ ਨਹਿਰੂ ਤੇ ਗਾਂਧੀ ਖਾਨਦਾਨ ਨੇ ਕਬਜ਼ਾ ਕੀਤਾ ਹੋਇਆ ਹੈ।
ਆਮ ਆਦਮੀ ਪਾਰਟੀ ਬਾਰੇ ਉਹਨਾਂ ਕਿਹਾ ਕਿ ਜਿਹੜੀ ਸਿਧਾਂਤਾ ਨੂੰ ਲੈ ਕੇ ਆਮ ਆਦਮੀ ਪਾਰਟੀ ਹੋਂਦ ਵਿੱਚ ਆਈ ਸੀ ਕੇਜਰੀਵਾਲ ਉਸ ਤੋ ਬਹੁਤ ਦੂਰ ਜਾ ਚੁੱਕੇ ਹਨ। ਉਹਨਾਂ ਕਿਹਾ ਕਿ ਮੁਕਤਸਰ ਦੇ ਮਾਘੀ ਮੇਲੇ ਤੇ ਆਮ ਆਦਮੀ ਪਾਰਟੀ ਦਾ ਇਕੱਠ ਭਾਂਵੇ ਅਕਾਲੀ ਭਾਜਪਾ ਤੇ ਕਾਂਗਰਸ ਨਾਲੋ ਜ਼ਿਆਦਾ ਸੀ ਪਰ ਭੀੜਾ ਕਦੇ ਵੀ ਵੋਟਾਂ ਵਿੱਚ ਤਬਦੀਲ ਨਹੀ ਹੁੰਦੀਆ। ਉਹਨਾਂ ਕਿਹਾ ਕਿ ਲੋਕ ਸਭਾ ਚੋਣਾਂ ਦੌਰਾਨ ਜਦੋ ਆਮ ਆਦਮੀ ਪਾਰਟੀ ਨੇ ਰੋਹਤਕ ਵਿਖੇ ਰੈਲੀ ਕੀਤੀ ਸੀ ਤਾਂ ਲੋਕ ਲੱਖਾਂ ਦੀ ਗਿਣਤੀ ਵਿੱਚ ਸ਼ਾਮਲ ਹੋਏ ਸਨ ਤੇ ਇੰਜ ਲੱਗਦਾ ਸੀ ਕਿ ਆਮ ਆਦਮੀ ਪਾਰਟੀ ਹਰਿਆਣੇ ਦੀਆ ਸਾਰੀਆ ਦਸ ਸੀਟਾਂ ਜਿੱਤ ਜਾਵੇਗੀ ਪਰ ਨਤੀਜਾ ਨਿੱਲ ਰਿਹਾ। ਉਹਨਾਂ ਕਿਹਾ ਕਿ ਧਾਰਮਿਕ ਮੇਲਿਆ ਤੇ ਸਿਆਸੀ ਕਾਨਫਰੰਸਾਂ ਨਹੀ ਕੀਤੀਆ ਜਾਣੀਆ ਚਾਹੀਦੀਆ ਕਿਉਕਿ ਇਹਨਾਂ ਕਾਨਫਰੰਸਾਂ ਵਿੱਚ ਧਰਮ ਦੀ ਕੋਈ ਗੱਲ ਨਹੀ ਕੀਤੀ ਜਾਂਦੀ ਸਗੋ ਇੱਕ ਦੂਜੇ ‘ਤੇ ਦੂਸ਼ਣਬਾਜੀ ਕਰਕੇ ਸੰਗਤਾਂ ਦੀ ਆਸਥਾ ਨੂੰ ਠੇਸ ਪਹੁੰਚਾਈ ਜਾਂਦੀ ਹੈ। ਉਹਨਾਂ ਕਿਹਾ ਕਿ ਪੰਜਾਬ ਵਿੱਚ ”ਪਰੋਕਸੀ ਮੁੱਖ ਮੰਤਰੀ” ਪੰਜਾਬ ਦੇ ਲੋਕਾਂ ਨੂੰ ਬਰਦਾਸ਼ਤ ਨਹੀ ਹੋਵੇਗਾ। ਉਹਨਾਂ ਕਿਹਾ ਕਿ ਡਾਂ ਧਰਮਵੀਰ ਗਾਂਧੀ ਤੇ ਸ੍ਰ ਹਰਿੰਦਰ ਸਿੰਘ ਖਾਲਸਾ ਸਾਫ ਸੁਥਰੇ ਅਕਸ਼ ਵਾਲੇ ਆਗੂ ਹਨ ਤੇ ਉਹਨਾਂ ਦੀ ਚੋਣ ਵਿੱਚ ਉਹ ਪ੍ਰਚਾਰ ਲਈ ਆਉਣਗੇ। ਉਹਨਾਂ ਸਪੱਸ਼ਟ ਕੀਤਾ ਕਿ ਸਵਰਾਜ ਅਭਿਆਨ ਦੇ ਆਗੂ ਤੇ ਆਮ ਆਦਮੀ ਪਾਰਟੀ ਨੂੰ ਸਿਖਰ ਤੇ ਲੈ ਕੇ ਜਾਣ ਵਾਲੇ ਸ੍ਰੀ ਯੋਗਿੰਦਰ ਯਾਦਵ ਵੀ ਪ੍ਰਚਾਰ ਵਿੱਚ ਸ਼ਮੂਲੀਅਤ ਕਰਨਗੇ।
ਆਮ ਆਦਮੀ ਪਾਰਟੀ ਵੱਲੋ ਇਹ ਚੋਣ ਨਾ ਲੜਣ ਬਾਰੇ ਪੁੱਛੇ ਜਾਣ ਤੇ ਉਹਨਾਂ ਕਿਹਾ ਕਿ ਇਹ ਕੇਜਰੀਵਾਲ ਦਾ ਆਪਣਾ ਫੈਸਲਾ ਹੈ ਪਰ ਸ਼ਾਇਦ ਉਹਨਾਂ ਨੂੰ ਇਹ ਖਤਰਾ ਹੈ ਕਿ ਇਹ ਚੋਣ ਉਹਨਾਂ ਦੇ ਮਾਘੀ ਦੇ ਮੇਲੇ ਤੇ ਸਿਆਸੀ ਹਵਾ ਭਰੇ ਗਏ ਗੁਬਾਰੇ ਵਿੱਚ ਛੇਕ ਕਰਕੇ ਇਸ ਨੂੰ ਠੁੱਸ ਕਰ ਸਕਦੀ ਪਰ ਕੇਜਰੀਵਾਲ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਕਦੇ ਥੁੱਕਾਂ ਨਾਲ ਵੜੇ ਨਹੀ ਪੱਕਦੇ। ਉਹਨਾਂ ਕਿਹਾ ਕਿ ਕੇਜਰੀਵਾਲ ਕੁਝ ਪੂੰਛ ਹਿਲਾਉਦੇ ਆਗੂਆ ਦੇ ਘੇਰੇ ਵਿੱਚ ਜਿਹੜੇ ਉਹਨਾਂ ਲਈ ਬਰਬਾਦੀ ਦਾ ਕਾਰਨ ਬਣ ਸਕਦੇ ਹਨ। ਉਹਨਾਂ ਕਿਹਾ ਕਿ ਜੇਕਰ ਉਹ ਚੋਣ ਜਿੱਤ ਜਾਂਦੇ ਹਨ ਤਾਂ ਉਹ ਵਿਧਾਨ ਸਭਾ ਵਿੱਚ ਦਰਸ਼ਨੀ ਭਲਵਾਨ ਬਣ ਤੇ ਬੈਠਣ ਦੀ ਬਜਾਏ ”ਵਾਚ ਡਾਗ” ਬਣ ਕੇ ਵਿਚਰਨਗੇ।
ਕਿਸਾਨਾਂ ਦੀ ਗੱਲ ਕਰਦਿਆ ਉਹਨਾਂ ਕਿਹਾ ਕਿ ਸਰਕਾਰ ਦੀਆ ਗਲਤ ਨੀਤੀਆ ਕਾਰਨ ਕਿਸਾਨ ਅੱਜ ਖੁਦਕਸ਼ੀਆ ਕਰ ਰਹੇ ਹਨ ਤੇ ਜਿਉਦੇ ਕਿਸਾਨ ਦੀ ਕੋਈ ਸਾਰ ਲੈਣ ਲਈ ਤਿਆਰ ਨਹੀ ਹੁੰਦਾ ਪਰ ਮਰ ਜਾਣ ਉਪਰੰਤ ਸਾਰੀਆ ਪਾਰਟੀਆ ਦੇ ਆਗੂ ਮੱਗਰਮੱਛ ਦੇ ਹੰਝੂ ਵਹਾਉਣ ਵਾਸਤੇ ਤੁਰ ਪੈਦੇ ਹਨ ਅਤੇ ਇਹ ਡਰਾਮੇਬਾਜੀ ਬੰਦ ਹੋਣੀ ਚਾਹੀਦੀ ਹੈ।
ਸੂਚਨਾ ਅਧਿਕਾਰ ਕਮਿਸ਼ਨ ਨੂੰ ਵੀ ਸਰਕਾਰੀ ਧਿਰ ਦੀ ਇੱਕ ਏਜੰਸੀ ਗਰਦਾਨਦਿਆ ਕਿਹਾ ਕਿ ਇਸ ਦੇ ਲਗਾਏ ਗਏ ਕਮਿਸ਼ਨਰ ਵੀ ਸਿਰਫ ਸਰਕਾਰ ਦੇ ਗਲਤ ਕੰਮਾਂ ਨੂੰ ਸਹੀ ਸਿੱਧ ਕਰਨ ਲਈ ਸਰਕਾਰੀ ਹੱਥ ਠੋਕੇ ਬਣਾ ਕੇ ਵਰਤੇ ਜਾਂਦੇ ਹਨ ਅਤੇ ਲੋਕਾਂ ਨੂੰ ਕੋਈ ਇਨਸਾਫ ਨਹੀ ਮਿਲਦਾ। ਉਹਨਾਂ ਕਿਹਾ ਕਿ ਪੰਜਾਬ ਦੇ ਸਭਿਆਚਾਰ ਤੇ ਪੰਜਾਬ ਦੀ ਵਿਰਾਸਤ ਤੇ ਕੰਮ ਕਰਨ ਲਈ ਉਹ ”ਅਨਾਥ ਫਾਊਡੇਸ਼ਨ” ਸੁਲਤਾਨਪੁਰ ਲੋਧੀ ਵਿਖੇ ਚਲਾ ਰਹੇ ਹਨ ਜਿਸ ਤੇ ਪੁਲੀਸ ਨੇ ਸਰਕਾਰੀ ਸ਼ਹਿ ਤੇ ਜਬਰੀ ਕਬਜ਼ਾ ਕਰ ਲਿਆ ਜਿਸ ਬਾਰੇ ਉਹਨਾਂ ਨੇ ਸੂਚਨਾ ਅਧਿਕਾਰ ਤਹਿਤ ਜਾਣਕਾਰੀ ਮੰਗੀ ਸੀ ਪਰ ਉਹਨਾਂ ਨੂੰ ਅੱਜ ਤੱਕ ਅਧੂਰੀ ਜਾਣਕਾਰੀ ਮਿਲੀ ਹੈ। ਉਹਨਾਂ ਕਿਹਾ ਕਿ ਮੁੱਖ ਮੰਤਰੀ ਦੇ ਹੁਕਮਾਂ ਦੇ ਬਾਵਜੂਦ ਵੀ ਉਹਨਾਂ ਨੂੰ ਕਬਜ਼ਾ ਨਹੀ ਦਿੱਤਾ ਜਾ ਰਿਹਾ। ਇਸ ਸਮੇਂ ਉਹਨਾਂ ਦੇ ਨਾਲ ਇਸ਼ਮੀਤ ਸਿੰਘ ਭੁੱਲਰ ਤੇ ਅਨੁਪਮ ਵੀ ਸਨ।
Punjab Post Daily Online Newspaper & Print Media