Saturday, September 5, 2026

ਪ੍ਰਧਾਨ ਮੰਤਰੀ ਨਰੇਂਦਰ ਮੋਦੀ ਤੇ ਫਰਾਂਸ ਦੇ ਰਾਸ਼ਟਰਪਤੀ ਔਲਾਂਦ ਨੇ ਪੁਰਾਤੱਤਵ ਖੋਜ ਪ੍ਰਦਰਸ਼ਨੀ ਵੇਖੀ

ਨਵੀਂ ਦਿੱਲੀ, 24 ਜਨਵਰੀ (ਪੰਜਾਬ ਪੋਸਟ ਬਿਊਰੋ) – ਭਾਰਤ ਦੇ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਅਤੇ ਫਰਾਂਸ ਦੇ ਰਾਸ਼ਟਰਪਤੀ ਸ੍ਰੀ ਫਰਾਂਸਵਾ ਔਲਾਂਦ ਅੱਜ ਚੰਡੀਗੜ੍ਹ ਦੇ ਸਰਕਾਰੀ ਅਜਾਇਬਘਰ ਅਤੇ ਆਰਟ ਗੈਲਰੀ ਵੇਖਣ ਲਈ ਗਏ। ਸ੍ਰੀ ਔਲਾਂਦ ਅੱਜ 24 ਜਨਵਰੀ, 2016 ਨੂੰ ਸਰਕਾਰੀ ਦੌਰੇ ਉੱਤੇ ਭਾਰਤ ਪੁੱਜੇ ਸਨ।
ਦੋਵੇਂ ਆਗੂਆਂ ਨੇ ਹਿਮਾਲਾ ਪਰਬਤਾਂ ਦੇ ਛੋਟੇ ਪਹਾੜਾਂ ਤੋਂ ਕੀਤੀਆਂ ਗਈਆਂ ਪੁਰਾਤੱਤਵ ਖੋਜਾਂ ਦੀ ਪ੍ਰਦਰਸ਼ਨੀ ਨੂੰ ਵੇਖਿਆ। ਇਹ ਖੋਜਾਂ 26 ਲੱਖ ਸਾਲ ਪਹਿਲਾਂ ਦੀਆਂ ਮਨੁੱਖੀ ਗਤੀਵਿਧੀਆਂ ਨਾਲ ਸਬੰਧਤ ਦੱਸੀਆਂ ਜਾਂਦੀਆਂ ਹਨ ਅਤੇ ਇਨ੍ਹਾਂ ਨੂੰ ਮਨੁੱਖੀ ਹੋਂਦ ਦੀ ਸਭ ਤੋਂ ਪੁਰਾਣੀ ਰਹਿੰਦ-ਖੂਹੰਦ ਮੰਨਿਆ ਜਾਂਦਾ ਹੈ। ਇਹ ਮਹੱਤਵਪੂਰਣ ਖੋਜ; ਭਾਰਤ ਦੀ ‘ਪੁਰਾਤਤਵ-ਵਿਗਿਆਨਕ ਅਤੇ ਮਾਨਵ-ਵਿਗਿਆਨਕ ਖੋਜ ਬਾਰੇ ਸੁਸਾਇਟੀ’ ਤੇ ‘ਕੁਦਰਤੀ ਇਤਿਹਾਸ ਦੇ ਫ਼ਰਾਂਸੀਸੀ ਰਾਸ਼ਟਰੀ ਅਜਾਇਬਘਰ’ ਵਿਚਾਲੇ ਤਾਲਮੇਲ ਬਾਰੇ ਹੋਏ ਸਮਝੌਤੇ ਅਧੀਨ ਫਰਾਂਸ ਦੇ ਕੁਦਰਤੀ ਇਤਿਹਾਸ ਦੇ ਰਾਸ਼ਟਰੀ ਅਜਾਇਬਘਰ ਦੇ ਪੂਰਵ-ਇਤਿਹਾਸ ਵਿਭਾਗ ਅਤੇ ਚੰਡੀਗੜ੍ਹ ਸਥਿਤ ‘ਪੁਰਾਤਤਵ-ਵਿਗਿਆਨਕ ਅਤੇ ਮਾਨਵ-ਵਿਗਿਆਨਕ ਖੋਜ ਬਾਰੇ ਸੁਸਾਇਟੀ’ ਵੱਲੋਂ ਸਾਂਝੇ ਤੌਰ ਉੱਤੇ 7 ਸਾਲਾਂ ਤੱਕ ਕੀਤੀ ਗਈ ਲਗਾਤਾਰ ਵਿਆਪਕ ਖੋਜ ਦਾ ਨਤੀਜਾ ਹੈ। ਇਸ ਪੁਰਾਤਤਵ ਖੋਜ ਅਧੀਨ ਚੰਡੀਗੜ੍ਹ ਨੇੜਲੇ ਮਸੋਲ਼ ਖੇਤਰ ਦੇ 50 ਏਕੜ ਇਲਾਕੇ ਵਿੱਚ ਵੱਖੋ-ਵੱਖਰੇ ਸਥਾਨਾਂ ਤੋਂ ਲੱਭੇ ਗਏ 1,500 ਪਥਰਾਟ ਸ਼ਾਮਲ ਹਨ, ਜਿਨ੍ਹਾਂ ਵਿੱਚ ਪੱਥਰ ਦੇ 200 ਔਜ਼ਾਰ ਵੀ ਹਨ। ਇਸ ਪੁਰਾਤਤਵ ਵਿਗਿਆਨਕ ਖੋਜ-ਕਾਰਜ ਨੂੰ ਹੁਣ ‘ਪੇਲਵੌਲ ਰੀਵਿਊ’ ਵਿੱਚ ਲੇਖਾਂ ਦੀ ਸ਼ਕਲ ਵਿੱਚ ਪ੍ਰਕਾਸ਼ਿਤ ਕੀਤਾ ਜਾ ਰਿਹਾ ਹੈ। ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਅਤੇ ਰਾਸ਼ਟਰਪਤੀ ਸ੍ਰੀ ਫਰਾਂਸਵਾ ਔਲਾਂਦ ਨੇ ਇਸ ਖੋਜ ਨੂੰ ਸਾਂਝੇ ਤੌਰ ਉੱਤੇ ਅੰਜਾਮ ਦੇਣ ਵਾਲੀ ਭਾਰਤ ਤੇ ਫਰਾਂਸ ਦੀ ਟੀਮ ਨੂੰ ਵਧਾਈਆਂ ਦਿੱਤੀਆਂ। ਉਨ੍ਹਾਂ ਕਿਹਾ ਕਿ ਇਹ ਖੋਜ ਕਾਰਜ ਸਫ਼ਲ ਦੁਵੱਲੇ ਤਾਲਮੇਲ ਦੀ ਇੱਕ ਮਿਸਾਲ ਹੈ ਅਤੇ ਇਸ ਰਾਹੀਂ ਸਾਡੇ ਲੰਮੇ ਸਮੇਂ ਤੋਂ ਚੱਲੇ ਆ ਰਹੇ ਸਭਿਆਚਾਰਕ ਸਬੰਧਾਂ ਤੇ ਭਾਰਤ ਤੇ ਫਰਾਂਸ ਵਿਚਾਲੇ ਵਧੀਆ ਆਪਸੀ ਤਾਲਮੇਲ ਦੀ ਜਾਣਕਾਰੀ ਵੀ ਮਿਲਦੀ ਹੈ। ਉਨ੍ਹਾਂ ਕਿਹਾ ਕਿ ਦੋਵੇਂ ਦੇਸ਼ ਆਪਣੀ ਸਾਂਝੀ ਸਭਿਆਚਾਰਕ ਵਿਰਾਸਤ ਦੀ ਮੁੜ ਖੋਜ ਕਰ ਰਹੇ ਹਨ, ਉਸ ਨੂੰ ਸੰਭਾਲ ਰਹੇ ਹਨ ਤੇ ਉਸ ਵਿਰਾਸਤ ਨੂੰ ਉਤਸ਼ਾਹਿਤ ਕਰ ਰਹੇ ਹਨ। ਉਨ੍ਹਾਂ ਆਸ ਪ੍ਰਗਟਾਈ ਕਿ ਅਜਿਹੀਆਂ ਖੋਜਾਂ ਭਵਿੱਖ ਵਿੱਚ ਹੋਰ ਸਾਂਝੇ ਉੱਦਮਾਂ ਨੂੰ ਹੱਲਾਸ਼ੇਰੀ ਦੇਣਗੀਆਂ।

Check Also

ਦੁਬਈ ਦੇ ਵੱਡੇ ਦਿਲ ਵਾਲੇ ਸਰਦਾਰ ਨੇ ਜਾਰਜੀਆ ਹਾਦਸੇ `ਚ ਮਰਨ ਵਾਲਿਆਂ ਦੇ ਪਰਿਵਾਰਾਂ ਦੀ ਫ਼ੜੀ ਬਾਂਹ

ਅੰਮ੍ਰਿਤਸਰ, 23 ਦਸੰਬਰ (ਜਗਦੀਪ ਸਿੰਘ) – ਦੁਬਈ ਦੇ ਉੱਘੇ ਕਾਰੋਬਾਰੀ ਤੇ ਸਰਬਤ ਦਾ ਭਲਾ ਚੈਰੀਟੇਬਲ …

Leave a Reply