ਪੀਲੀਆ ਨਾਲ ਮਹਿਲਾ ਦੀ ਮੌਤ, ਪ੍ਰਸ਼ਾਸਨ ਸੁੱਤਾ ਕੁੰਭਕਰਨੀ ਨੀਂਦ
ਅੰਮ੍ਰਿਤਸਰ, 24 ਜਨਵਰੀ (ਜਗਦੀਪ ਸਿੰਘ ਸੱਗੂ)- ਹਲਕਾ ਉਤਰੀ ਦੀ ਵਾਰਡ ਨੰਬਰ 13 ਸਥਿਤ ਜਵਾਹਰ ਨਗਰ ਵਿੱਚ ਪਿਛਲੇ ਡੇਢ ਸਾਲ ਤੋਂ ਵਾਟਰ ਸਪਲਾਈ ਵਿੱਚ ਗੰਦਾ ਪਾਣੀ ਆਉਣ ਨਾਲ ਲੋਕ ਜਿੱਥੇ ਲੋਕ ਬੀਮਾਰ ਪੈ ਰਹੇ ਹਨ, ਉਥੇ ਇੱਕ ਮਹਿਲਾ ਦੀ ਮੌਤ ਦਾ ਮਾਮਲਾ ਸਾਹਮਣੇ ਆਇਆ ਹੈ। ਲੋਕਾਂ ਦੀ ਬਾਰ-ਬਾਰ ਪ੍ਰਸ਼ਾਸਨ ਤੋਂ ਇਸ ਦੀ ਸ਼ਿਕਾਇਤ ਦੇ ਬਾਵਜੂਦ ਸੁਧਾਰ ਨਹੀਂ ਹੋਇਆ, ਜਿਸ ਦੇ ਨਾਲ ਲੋਕ ਪੀਲੀਆ ਦਾ ਸ਼ਿਕਾਰ ਹੋ ਰਹੇ ਹਨ।ਹਲਕਾ ਉੱਤਰੀ ਦੇ ਕਾਂਗਰਸ ਇੰਚਾਰਜ ਅਤੇ ਸੀਨੀਅਰ ਕਾਂਗਰਸੀ ਨੇਤਾ ਕਰਮਜੀਤ ਸਿੰਘ ਰਿੰਟੂ ਨੇ ਜਵਾਹਰ ਨਗਰ ਵਿੱਚ ਪੀੜਤ ਪ੍ਰੀਵਾਰ ਸ਼ੋਭਾ ਰਾਣੀ ਦੇ ਘਰ ‘ਤੇ ਜਾ ਕੇ ਉਨ੍ਹਾਂ ਦੀ ਨੂੰਹ ਸੀਮਾ ਦੀ ਮੌਤ ‘ਤੇ ਦੁੱਖ ਪ੍ਰਗਟ ਕੀਤਾ ਅਤੇ ਕਿਹਾ ਕਿ ਕੈਬਨਿਟ ਮੰਤਰੀ ਅਤੇ ਹਲਕਾ ਵਿਧਾਇਕ ਅਨਿਲ ਜੋਸ਼ੀ ਦੇ ਵਿਕਾਸ ਦੇ ਦਾਅਵੇ ਝੂਠੇ ਹਨ ਅਤੇ ਹਕੀਕਤ ਇਹ ਹੈ ਕਿ ਲੋਕਾਂ ਨੂੰ ਪੀਣ ਲਈ ਸਾਫ਼ ਪਾਣੀ ਤੱਕ ਉਪਲੱਬਧ ਨਹੀਂ ਕਰਵਾਇਆ ਜਾ ਰਿਹਾ ਹੈ।
ਸੀਨੀਅਰ ਕਾਂਗਰਸੀ ਨੇਤਾ ਰਿੰਟੂ ਨੇ ਕਿਹਾ ਕਿ ਪ੍ਰਸ਼ਾਸਨ ਕੁੰਭਕਰਨੀ ਨੀਂਦ ਸੁੱਤਾ ਹੋਇਆ ਹੈ ਅਤੇ ਜਿੱਥੇ ਲੋਕਾਂ ਦੀ ਜਾਨ ‘ਤੇ ਬਣੀ ਹੋਈ ਹੈ।ਉਕਤ ਘਟਨਾ ਦੇ ਬਾਅਦ ਲੋਕਾਂ ਦਾ ਵਿਖਾਵੇ ਲਈ ਗਲੀਆਂ ਨੂੰ ਉਖਾੜ ਦਿੱਤਾ ਗਿਆ ਅਤੇ ਪਾਣੀ ਲਾਈਨ ਵਿਛਾਉਣ ਦਾ ਡਰਾਮਾ ਕੀਤਾ ਜਾ ਰਿਹਾ ਹੈ, ਜਦੋਂ ਕਿ ਸਮੱਸਿਆ ਮੁੱਖ ਪਾਈਪ ਲਾਈਨ ਦੀ ਹੈ, ਜਿਸ ਦੇ ਕਾਰਨ ਲੋਕਾਂ ਦੇ ਘਰਾਂ ਤੱਕ ਗੰਦਾ ਪਾਣੀ ਪਹੁੰਚ ਰਿਹਾ ਹੈ।ਉਨ੍ਹਾਂ ਕਿਹਾ ਕਿ ਪਿਛਲੇ ਕੁੱਝ ਦਿਨ ਪਹਿਲਾਂ ਸਿਰਫ਼ ਖਾਨਾਪੂਰਤੀ ਲਈ ਲੋਕਾਂ ਦੇ ਘਰਾਂ ਦੇ ਬਾਹਰ ਪਵਾਇੰਟ ਲਗਾਏ ਗਏ ਪਰ ਉਸ ਤੋਂ ਵੀ ਸਾਫ਼ ਪਾਣੀ ਲੋਕਾਂ ਦੇ ਘਰਾਂ ਤੱਕ ਨਹੀਂ ਪਹੁੰਚ ਸਕਿਆ। ਉਨ੍ਹਾਂ ਨੇ ਕਿਹਾ ਕਿ ਉਕਤ ਇਲਾਕੇ ਵਿੱਚ ਹੋਰ ਪ੍ਰੀਵਾਰ ਵੀ ਪੀਲੀਆ ਦੇ ਰੋਗ ਦਾ ਸ਼ਿਕਾਰ ਹੋ ਰਹੇ ਹਨ ਅਤੇ ਪ੍ਰਸ਼ਾਸਨ ਤੇ ਮੰਤਰੀ ਅੱਖਾਂ ਬੰਦ ਕਰਦੇ ਹੋਏ ਤਮਾਸ਼ਾ ਵੇਖ ਰਹੇ ਹਨ।
ਉਨ੍ਹਾਂ ਨੇ ਮੰਤਰੀ ਜੋਸ਼ੀ ‘ਤੇ ਇਲਜ਼ਾਮ ਲਗਾਉਂਦੇ ਹੋਏ ਕਿਹਾ ਕਿ ਉਹ ਵਿਕਾਸ ਕੰਮ ਕਰਵਾਉਣ ਵਿੱਚ ਵੀ ਪੱਖਪਾਤ ਕਰ ਰਹੇ ਹੈ। ਕਾਂਗਰਸ ਬਹੁਲ ਇਲਾਕਿਆਂ ਵਿੱਚ ਵਿਕਾਸ ਨਹੀਂ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਨੇ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਜੇਕਰ ਉਕਤ ਇਲਾਕੇ ਵਿੱਚ ਪੀਣ ਦੇ ਸ਼ੁੱਧ ਪਾਣੀ ਦੇ ਨਾਲ-ਨਾਲ ਹੋਰ ਸਹੂਲਤਾਂ ਉਪਲੱਬਧ ਨਾ ਕਰਵਾਈਆਂ ਗਈਆਂ ਤਾਂ ਕਾਂਗਰਸ ਵੱਲੋਂ ਮੰਤਰੀ ਜੋਸ਼ੀ ਅਤੇ ਸਬੰਧਤ ਵਿਭਾਗ ਦੇ ਅਧਿਕਾਰੀਆਂ ਦਾ ਘਿਰਾਓ ਕੀਤਾ ਜਾਵੇਗਾ।
Punjab Post Daily Online Newspaper & Print Media