
ਬਠਿਡਾ, 25 ਜਨਵਰੀ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਆਮ ਆਦਮੀ ਪਾਰਟੀ ਦੀ ਬਠਿੰਡਾ ਯੂਨਿਟ ਦੇ ਹੌਂਸਲੇ ਉਸ ਸਮੇਂ ਹੋਰ ਬੁਲੰਦ ਹੋ ਗਏ ਜਦ ਬਠਿੰਡਾ ਦੀ ਜੰਮਪਲ ਅਤੇ ਕੈਨੇਡਾ ਦੇ ਵੈਨਕੂਵਰ ਵਿਖੇ ਰਹਿ ਰਹੀ ਬੀਬੀ ਜਸਕੀਰਤ ਕੌਰ ਮਾਨ ਨੂੰ ਕੈਨੇਡਾ ਦਾ ਰਾਸ਼ਟਰੀ ਕਨਵੀਨਰ ਨਿਯੁਕਤ ਕਰ ਦਿੱਤਾ। ਅੱਜ ਬਠਿੰਡਾ ਦੇ ਸਰਕਲ ਇੰਚਾਰਜ਼ ਦਲਜੀਤ ਸਿੰਘ ਨੇ ਖੁਸ਼ੀ ਵਿੱਚ ਖੀਵੇ ਹੁੰਦਿਆਂ ਦੱਸਿਆ ਕਿ ਬਠਿੰਡਾ ਦੇ ਭਾਗੂ ਰੋਡ ਵਾਸੀ ਗਲੀ ਨੰਬਰ 11 ਵਾਸੀ ਪ੍ਰਿੰਸੀਪਲ ਗੁਰਮੇਲ ਸਿੰਘ ਸਮਾਘ ਦੀ ਲੜਕੀ ਅਤੇ ਉਨ੍ਹਾਂ ਦੀ ਭਤੀਜੀ ਜਸਕੀਰਤ ਕੌਰ ਮਾਨ ਜੋ ਕਿ ਕਰੀਬ 8-10 ਸਾਲ ਪਹਿਲਾਂ ਕੈਨੇਡਾ ਵਿਖੇ ਗਈ ਸੀ ਜਿਸਦਾ ਕੈਨੇਡਾ ਵਿਖੇ ਟ੍ਰਾਂਸਪੋਰਟ ਦਾ ਕਾਰੋਬਾਰ ਹੈ। ਜਸਕੀਰਤ ਕੌਰ ਨੂੰ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਉਸਦੀਆਂ ਵਧੀਆ ਸੇਵਾਵਾਂ ਬਦਲੇ ਕੈਨੇਡਾ ਦਾ ਰਾਸ਼ਟਰੀ ਕਨਵੀਨਰ ਨਿਯੁਕਤ ਕੀਤਾ ਹੈ ਜੋ ਕਿ ਬਠਿੰਡਾ ਲਈ ਮਾਣ ਵਾਲੀ ਗੱਲ ਹੈ ਅਤੇ ਸਾਰੇ ਵਰਕਰਾਂ ਅਤੇ ਵਲੰਟੀਅਰਾਂ ਵਿੱਚ ਖੁਸ਼ੀ ਪਾਈ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਕਲ੍ਹ ਜਸਕੀਰਤ ਕੌਰ ਮਾਨ ਦਾ ਨਾਮ ਕਨਵੀਨਰ ਵਜੋਂ ਸਾਹਮਣੇ ਆਉਣ ਤੋਂ ਬਾਅਦ ਦੇਸ਼ ਵਿਦੇਸ਼ ਤੋਂ ਵਧਾਈਆਂ ਦਾ ਸਿਲਸਿਲਾ ਜਾਰੀ ਹੈ ਅਤੇ ਉਨ੍ਹਾਂ ਵੀ ਜਸਕੀਰਤ ਕੌਰ ਨੂੰ ਫੋਨ ਕਰਕੇ ਵਧਾਈ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਜਸਕੀਰਤ ਕੌਰ ਨੇ ਸਮੂਹ ਪਾਰਟੀ ਵਰਕਰਾਂ ਦਾ ਧੰਨਵਾਦ ਕਰਦਿਆਂ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਉਣ ਲਈ ਮਿਸ਼ਨ 2017 ਲਈ ਇੱਕਜੁਟ ਹੋ ਕੇ ਡਟ ਜਾਣ ਲਈ ਕਿਹਾ। ਉਨ੍ਹਾਂ ਨਾਲ ਇਸ ਮੌਕੇ ਸੁਰਜੀਤ ਸਿੰਘ ਸਰਕਲ ਇੰਚਾਰਜ਼, ਹਰਭਜਨ ਸਿੰਘ ਨਾਗੀ ਸਰਕਲ ਇੰਚਾਰਜ਼, ਰਮਨਦੀਪ ਸਿੰਘ ਜੌੜਾ ਸਰਕਲ ਇੰਚਾਰਜ਼, ਨਰਿੰਦਰਪਾਲ ਸਿੰਘ ਭਗਤਾ ਜੋਨ ਇੰਚਾਰਜ਼ ਬਠਿੰਡਾ ਆਦਿ ਨੇ ਵੀ ਖੁਸ਼ੀ ਸਾਂਝੀ ਕੀਤੀ।
Punjab Post Daily Online Newspaper & Print Media