
ਬਟਾਲਾ, 28 ਜਨਵਰੀ (ਨਰਿੰਦਰ ਸਿੰਘ ਬਰਨਾਲ) – ਪਿਛਲੇ ਦੋ ਹਫਤਿਆਂ ਤੋਂ ਲਗਾਤਾਰ ਬੱਦਲਵਾਈ ਅਤੇ ਧੁੰਦ ਕਾਰਨ ਠੰਢ ਵਧਣ ਕਾਰਨ ਜਿਥੇ ਕਣਕ ਦੀ ਫਸਲ ਨੂੰ ਫਾਇਦਾ ਹੋਇਆ ਹੈ, ਉਥੇ ਕਿਸਾਨਾਂ ਨੂੰ ਕੁਝ ਪ੍ਰੇਸ਼ਾਨੀਆਂ ਦਾ ਸਾਹਮਣਾ ਵੀ ਕਰਨਾ ਪੈ ਰਿਹਾ ਹੈ। ਇਹ ਵਿਚਾਰ ਡਾ. ਅਮਰੀਕ ਸਿੰਘ ਖੇਤੀਬਾੜੀ ਵਿਕਾਸ ਅਫਸਰ ਨੇ ਡਾ. ਲਖਵਿੰਦਰ ਸਿੰਘ ਹੁੰਦਲ ਮੁੱਖ ਖੇਤੀਬਾੜੀ ਅਫਸਰ ਦੇ ਹੁਕਮਾਂ ਅਤੇ ਡਾ ਦੇਵ ਰਾਜ ਬਾਠ ਜ਼ਿਲਾ ਸਿਖਲਾਈ ਅਫਸਰ ਦੀ ਅਗਵਾਈ ਹੇਠ ਖੇਤੀਬਾੜੀ ਵਿਭਾਗ ਵੱਲੋਂ ਚਲਾਈ ਜਾ ਰਹੀ ਜਾਗਰੁਕਤਾ ਮੁਹਿੰਮ ਤਹਿਤ ਬਲਾਕ ਬਟਾਲਾ ਦੇ ਅੱਚਲ ਸਾਹਿਬ ਫੋਕਲ ਪੁਆਇੰਟ ਦੇ ਪਿੰਡਾਂ (ਮਿਸ਼ਰਪੁਰਾ, ਚਾਹਲ ਕਲਾਂ ਅਤੇ ਸੱਲੋਚਾਹਲ) ਦੇ ਕੀਤੇ ਦੌਰੇ ਦੌਰਾਨ ਪਿੰਡ ਮਿਸ਼ਰਪੁਰਾ ਵਿਖੇ ਕਿਸਾਨਾਂ ਨਾਲ ਗੱਲਬਾਤ ਕਰਦਿਆਂ ਕਹੇ। ਇਸ ਮੌਕੇ ਉਨਾਂ ਦੇ ਨਾਲ ਬਲਜਿੰਦਰ ਸਿੰਘ ਖੇਤੀ ਵਿਸਥਾਰ ਅਫਸਰ ਅਤੇ ਡਾ ਨਵਦੀਪ ਸਿੰਘ ਬਲਾਕ ਟੈਕਨੀਕਲ ਮੈਨੇਜ਼ਰ ਵੀ ਹਾਜ਼ਰ ਸਨ।
ਕਿਸਾਨਾਂ ਨਾਲ ਗੱਲਬਾਤ ਕਰਦਿਆਂ ਡਾ. ਅਮਰੀਕ ਸਿੰਘ ਨੇ ਕਿਹਾ ਕਿ ਬੱਦਲਵਾਈ ਅਤੇ ਧੁੰਦ ਰਹਿਣ ਕਾਰਨ ਕਣਕ ਦੀ ਫਸਲ ਖਾਸ ਕਰਕੇ ਐਚ.ਡੀ. 3086 ਕਿਸਮ ਦੇ ਪੌਦਿਆਂ ਦੀਆਂ ਉਪਰਲੀਆਂ ਨੋਕਾਂ ਪੀਲੀਆਂ ਪੈਣ ਕਾਰਨ ਕਿਸਾਨਾਂ ਦੀਆਂ ਬਹੁਤ ਸ਼ਿਕਾਇਤਾਂ ਆ ਰਹੀਆਂ ਹਨ। ਉਨਾਂ ਕਿਹਾ ਕਿ ਕੁਝ ਕਿਸਾਨ ਤਾਂ ਆਢੀਆਂ ਗੁਆਂਢੀਆਂ ਜਾਂ ਡੀਲਰਾਂ ਦੇ ਕਹਿਣ ਤੇ ਸਲਫਰ, ਜ਼ਿੰਕ ਆਦਿ ਪਾ ਕੇ ਪੀਲਾਪਣ ਦੂਰ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਪਰ ਕੋਸ਼ਿਸ਼ਾਂ ਕਰਨ ਦੇ ਬਾਵਜੂਦ ਕਣਕ ਦੀ ਫਸਲ ਦਾ ਪੀਲਾਪਣ ਦੂਰ ਨਹੀਂ ਹੋ ਰਿਹਾ, ਜਿਸ ਕਾਰਨ ਕਿਸਾਨਾਂ ਅੰਦਰ ਬੇਚੈਨੀ ਵਧਣੀ ਸੁਭਾਵਕ ਹੋ ਜਾਂਦੀ ਹੈ। ਉਨਾਂ ਕਿਹਾ ਕਿ ਪੀਲਾਪਣ ਦੂਰ ਕਰਨ ਲਈ ਢੁਕਵਾਂ ਇਲਾਜ ਨਾ ਹੋਣ ਕਾਰਨ ਜਿਥੇ ਖੇਤੀ ਲਾਗਤ ਖਰਚੇ ਵਧਦੇ ਹਨ, ਉਥੇ ਫਸਲ ਦੀ ਪੈਦਾਵਾਰ ‘ਤੇ ਵੀ ਮਾੜਾ ਅਸਰ ਪੈਂਦਾ ਹੈ। ਇਸ ਲਈ ਕਣਕ ਦੀ ਫਸਲ ਦੇ ਪੀਲੇਪਣ ਦਾ ਸਹੀ ਕਾਰਨ ਲੱਭ ਕੇ ਸਹੀ ਇਲਾਜ ਕਰਨਾ ਬਹੁਤ ਜ਼ਰੂਰੀ ਹੈ। ਉਨਾਂ ਕਿਹਾ ਕਿ ਕਣਕ ਦੀ ਫਸਲ ਦਾ ਇਹ ਪੀਲਾਪਣ ਮੌਸਮ ਸਾਫ ਹੋਣ, ਧੁੱਪ ਨਿਕਲਣ ਅਤੇ ਖੇਤ ਵੱਤਰ ਆਉਣ ਬਾਅਦ ਆਪਣੇ ਆਪ ਠੀਕ ਹੋ ਜਾਂਦੇ ਹਨ, ਇਸ ਲਈ ਕਿਸਾਨਾਂ ਨੂੰ ਘਬਰਾਉਣ ਦੀ ਜ਼ਰੂਰਤ ਨਹੀਂ ਹੈ। ਉਨਾਂ ਕਿਹਾ ਕਿ ਕਣਕ ਨੂੰ ਪਾਣੀ ਹਮੇਸ਼ਾਂ ਖੇਤ ਵਿੱਚ ਮੌਜੂਦ ਨਮੀ ਵੇਖ ਕੇ ਲਾਉਣਾ ਚਾਹੀਦਾ। ਉਨਾਂ ਕਿਹਾ ਕਿ ਕਣਕ ਦੇ ਖੇਤਾਂ ਵਿੱਚ ਕਿਸਾਨਾਂ ਵੱਲੋਂ ਕਿਆਰੇ ਨਾ ਮਾਤਰਾ ਵਿੱਚ ਜਾਂਦੇ ਅਤੇ ਕਈ ਵਾਰ ਤਾਂ ਪ੍ਰਤੀ ਏਕੜ ਇੱਕ ਦੋ ਕਿਆਰੇ ਪਾਏ ਜਾਂਦੇ ਹਨ। ਇਸ ਤੋਂ ਇਲਾਵਾ ਕਿਆਰੇ ਘੱਟ ਪੈਣ ਕਾਰਨ ਪਹਿਲਾ ਪਾਣੀ ਭਾਰੀ ਲੱਗ ਜਾਂਦਾ ਹੈ ਅਤੇ ਖੇਤ ਵੱਤਰ ਦੇਰ ਨਾਲ ਆਉਂਦਾ ਹੈ, ਖਾਸ ਕਰਕੇ ਭਾਰੀ ਜ਼ਮੀਨਾਂ ਵਿੱਚ ਤਾਂ ਇਹ ਸਮੱਸਿਆ ਹੋਰ ਵੀ ਵੱਧ ਜਾਂਦੀ ਹੈ। ਉਨਾਂ ਕਿਹਾ ਕਿ ਭਾਰੀ ਪਾਣੀ ਲੱਗਣ ਕਾਰਨ ਕਣਕ ਦੀ ਫਸਲ ਦੇ ਪੌਦਿਆਂ ਦੀ ਜੜ੍ਹ ਖੇਤਰ ਵਿਚਲੇ ਮਿੱਟੀ ਦੇ ਮੁਸਾਮ ਪਾਣੀ ਨਾਲ ਭਰ ਜਾਂਦੇ ਹਨ ਅਤੇ ਫਸਲ ਦੀਆਂ ਜੜ੍ਹਾਂ ਨੂੰ ਆਕਸੀਜਨ ਘੱਟ ਮਿਲਦੀ ਹੈ, ਨਤੀਜੇ ਵੱਜੋਂ ਫਸਲ ਦੇ ਮੁਢਲੇ ਵਾਧੇ ਤੇ ਮਾੜ੍ਹਾ ਪ੍ਰਭਾਵ ਪੈਂਦਾ ਹੈ ਅਤੇ ਫਸਲ ਬਹਿ ਜਾਂਦੀ ਹੈ।
Punjab Post Daily Online Newspaper & Print Media