Tuesday, November 10, 2026

ਪੰਜਾਬ ਦੇ ਸਾਰੇ ਪਿੰਡ ਸਾਲ ਦੇ ਅੰਤ ਤੱਕ 4ਜੀ ਕੁਨੈਕਟੀਵਿਟੀ ਨਾਲ ਜੁੜਣਗੇ – ਸੁਖਬੀਰ ਬਾਦਲ

ਮਾਲੇਰਕੋਟਲਾ ਤੋਂ ਦਰਗਾਹ ਅਜਮੇਰ ਸ਼ਰੀਫ ਲਈ ਰੇਲ ਗੱਡੀ ਨੂੰ ਹਰੀ ਝੰਡੀ

PPN2901201608

ਸੰਦੌੜ, 29 ਜਨਵਰੀ (ਹਰਮਿੰਦਰ ਸਿੰਘ ਭੱਟ)- ਪੰਜਾਬ ਦੇ ਉੱਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਨੇ ਕਿਹਾ ਹੈ ਕਿ ਇਸ ਸਾਲ ਦੇ ਅੰਤ ਤੱਕ ਪੰਜਾਬ ਦੇ ਸਾਰੇ ਪਿੰਡ ਅਤੇ ਕਸਬੇ 4ਜੀ ਕੁਨੈਕਟੀਵਿਟੀ ਦੀ ਸਹੂਲਤ ਨਾਲ ਜੁੜ ਜਾਣਗੇ ਅਤੇ ਅਜਿਹਾ ਕਰਨ ਵਾਲਾ ਪੰਜਾਬ ਦੇਸ਼ ਦਾ ਪਹਿਲਾ ਸੂਬਾ ਬਣ ਜਾਵੇਗਾ। ਉਨ੍ਹਾਂ ਕਿਹਾ ਕਿ ਇੰਟਰਨੈੱਟ ਦੀ ਤੇਜ਼ ਗਤੀ ਨਾਲ ਪੰਜਾਬਵਾਸੀਆਂ ਨੂੰ ਸਰਕਾਰੀ ਨਾਗਰਿਕ ਸੇਵਾਵਾਂ ਘਰ ਬੈਠਿਆਂ ਪ੍ਰਾਪਤ ਕਰਨ ਵਿਚ ਸੌਖ ਹੋਵੇਗੀ ਅਤੇ ਇਸ ਨਾਲ ਸਰਕਾਰੀ ਦਫਤਰਾਂ ਦੀ ਖੱਜਲ-ਖੁਆਰੀ ਤੋਂ ਵੀ ਉਨ੍ਹਾਂ ਨੂੰ ਨਿਜਾਤ ਮਿਲੇਗੀ। ਉਨ੍ਹਾਂ ਕਿਹਾ ਕਿ ਸਾਲ 2016 ਵਿਕਾਸ ਨੂੰ ਸਮਰਪਿਤ ਰਹੇਗਾ ਅਤੇ ਇਸ ਸਾਲ ਹਰ ਖੇਤਰ ਵਿਚ ਵਿਕਾਸ ਕਾਰਜਾਂ ਦੀ ਗਤੀ ਤੇਜ਼ ਕੀਤੀ ਜਾਵੇਗੀ। ਉਨਾਂ ਕਿਹਾ ਕਿ ਇਸ ਸਮੇਂ ਪੰਜਾਬ ਵਿਚ ਹਰ ਖੇਤਰ ਵਿਚ ਅੰਤਾਂ ਦਾ ਵਿਕਾਸ ਕੀਤਾ ਜਾ ਰਿਹਾ ਹੈ ਅਤੇ ਸੂਬੇ ਦੇ ਸੜਕੀ ਨੈੱਟਵਰਕ ਨੂੰ ਮਜ਼ਬੂਤ ਕਰਨ ਤੋਂ ਇਲਾਵਾ ਪੰਜਾਬ ਬਿਜਲੀ ਸਰਪਲੱਸ ਵਾਲਾ ਸੂਬਾ ਬਣ ਚੁੱਕਾ ਹੈ। ਉਨਾਂ ਕਿਹਾ ਕਿ ਉਦਯੋਗਿਕ ਖੇਤਰ ਵਿਚ ਵੀ ਵਿਸ਼ਵ ਦੀਆਂ ਨਾਮੀਂ ਸਨਅਤਾਂ ਨੇ ਪੰਜਾਬ ਵਿਚ ਨਿਵੇਸ਼ ਕਰਨ ਵਿਚ ਰੁਚੀ ਦਿਖਾਈ ਹੈ ਅਤੇ ਵੱਡੇ-ਵੱਡੇ ਉਦਯੋਗਿਕ ਘਰਾਣਿਆਂ ਨੇ ਵੱਖ-ਵੱਖ ਖੇਤਰਾਂ ਵਿਚ ਨਿਵੇਸ਼ ਕੀਤਾ ਹੈ।
ਇੱਥੇ ਮੁੱਖ ਮੰਤਰੀ ਤੀਰਥ ਦਰਸ਼ਨ ਯਾਤਰਾ ਯੋਜਨਾ ਤਹਿਤ ਮਾਲੇਰਕੋਟਲਾ ਰੇਲਵੇ ਸਟੇਸ਼ਨ ਤੋਂ ਦਰਗਾਹ ਅਜਮੇਰ ਸ਼ਰੀਫ ਲਈ ਪਹਿਲੀ ਰੇਲ ਗੱਡੀ ਨੂੰ ਹਰੀ ਝੰਡੀ ਦੇਣ ਤੋਂ ਬਾਅਦ ਪੱਤਰਕਾਰਾਂ ਨਾਲ ਗੱਲ ਕਰਦਿਆਂ ਉਨਾਂ ਕਿਹਾ ਕਿ ਪੰਜਾਬ ਦੇਸ਼ ਦੇ ਉਨਾਂ ਮੋਢੀ ਸੂਬਿਆਂ ਵਿਚ ਸ਼ੁਮਾਰ ਹੈ ਜਿੱਥੇ ਹਰ ਖੇਤਰ ਵਿਚ ਤਰੱਕੀ ਦੀਆਂ ਨਵੀਆਂ ਇਬਾਰਤਾਂ ਲਿਖੀਆ ਗਈਆਂ ਹਨ। ਉਨਾਂ ਕਿਹਾ ਕਿ ਪੁਲਿਸ ਸੁਧਾਰਾਂ ਵਿਚ ਵੀ ਪੰਜਾਬ ਸਰਕਾਰ ਦੀਆਂ ਗਿਣਨਯੋਗ ਪ੍ਰਾਪਤੀਆਂ ਹਨ। ਉੱਪ ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਨੇ 1.20 ਲੱਖ ਨੌਜਵਾਨਾਂ ਲਈ ਨਵੀਆਂ ਨੌਕਰੀਆਂ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ।
ਪੰਜਾਬ ਸਰਕਾਰ ਵੱਲੋਂ ਵੱਖ-ਵੱਖ ਵਰਗਾਂ ਨੂੰ ਦਿੱਤੀਆਂ ਜਾ ਰਹੀਆਂ ਸਹੂਲਤਾਂ ਦਾ ਜ਼ਿਕਰ ਕਰਦਿਆਂ ਉਨਾਂ ਕਿਹਾ ਕਿ ਪੰਜਾਬ ਦੇਸ਼ ਦਾ ਇਕੋ-ਇਕ ਅਜਿਹਾ ਸੂਬਾ ਹੈ ਜਿੱਥੇ ਗਰੀਬ ਕਿਸਾਨਾਂ ਅਤੇ ਵਪਾਰੀਆਂ ਦਾ ਮੁਫਤ ਬੀਮਾ ਕੀਤਾ ਗਿਆ ਹੈ। ਉਨਾਂ ਕਿਹਾ ਕਿ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਦੀ ਯੋਗ ਅਗਵਾਈ ਹੇਠ ਪੰਜਾਬ ਨੇ ਅੰਤਾਂ ਦੀ ਤਰੱਕੀ ਕੀਤੀ ਹੈ ਅਤੇ ਅੱਗੋਂ ਤਰੱਕੀ ਦੀ ਗਤੀ ਹੋਰ ਤੇਜ਼ ਹੋਵੇਗੀ।ਉਨਾਂ ਕਿਹਾ ਕਿ ਜਿੱਥੇ ਸੂਬਾ ਸਰਕਾਰ ਨੇ ਕਿਸਾਨਾਂ ਦੇ ਬਿਜਲੀ ਦੇ ਬਿਲ ਮੁਆਫ ਕੀਤੇ ਉੱਥੇ ਹੀ ਬੁਢਾਪਾ ਪੈਨਸ਼ਨ ਦੁੱਗਣੀ ਕਰਕੇ 500 ਰੁਪਏ ਪ੍ਰਤੀ ਮਹੀਨਾ, ਸ਼ਗਨ ਸ਼ਕੀਮ, ਆਟਾ-ਦਾਲ ਸਕੀਮ, ਗਰੀਬਾਂ, ਕਿਸਾਨਾਂ ਤੇ ਵਪਾਰੀਆਂ ਦਾ ਸਿਹਤ ਅਤੇ ਮੁਫਤ ਹਾਦਸਾ ਬੀਮਾ, ਐਮਰਜੈਂਸੀ ਦੇ ਸ਼ੰਘਰਸ਼ੀ ਯੋਧੇ ਅਤੇ ਪੰਜਾਬੀ ਸੂਬੇ ਦੌਰਾਨ ਜੇਲਾਂ ਕੱਟਣ ਵਾਲਿਆਂ ਲਈ 1000 ਰੁਪਏ ਪ੍ਰਤੀ ਮਹੀਨਾ ਪੈਨਸ਼ਨ ਲਗਾਉਣ ਤੋਂ ਇਲਾਵਾ ਸੂਬੇ ਵਿਚ ਸੜਕਾਂ ਦਾ ਜਾਲ ਵਿਛਾਇਆ ਹੈ।
ਉਨਾਂ ਕਿਹਾ ਕਿ ਪੰਜਾਬ ਅਮਨ-ਸ਼ਾਂਤੀ ਭਰਿਆ ਰਾਜ ਹੈ ਅਤੇ ਇੱਥੇ ਹਰ ਧਰਮ ਦੇ ਦਿਹਾੜਿਆਂ ਨੂੰ ਰਾਜ ਪੱਧਰ ‘ਤੇ ਮਨਾਇਆ ਜਾਂਦਾ ਹੈ। ਉਨਾਂ ਕਿਹਾ ਕਿ ਵੱਖ-ਵੱਖ ਧਰਮਾਂ ਦੇ ਤੀਰਥ ਅਸਥਾਨਾਂ ਦੀ ਯਾਤਰਾ ਲਈ ਮੁੱਖ ਮੰਤਰੀ ਤੀਰਥ ਦਰਸ਼ਨ ਯਾਤਰਾ ਯੋਜਨਾ ਤਹਿਤ ਇਸ ਤੋਂ ਪਹਿਲਾਂ ਤਖਤ ਸ੍ਰੀ ਹਜ਼ੂਰ ਸਾਹਿਬ, ਵਾਰਾਨਸੀ ਅਤੇ ਸਾਲਾਸਰ ਧਾਮ ਲਈ ਸੰਗਤਾਂ-ਸ਼ਰਧਾਲੂਆਂ ਲਈ ਰੇਲ ਗੱਡੀਆਂ ਅਤੇ ਬੱਸਾਂ ਰਵਾਨਾ ਕੀਤੀਆਂ ਗਈਆਂ ਹਨ ਉੱਥੇ ਹੀ ਹੁਣ ਦਰਗਾਹ ਅਜਮੇਰ ਸ਼ਰੀਫ ਲਈ 1004 ਸ਼ਰਲਾਧੂਆਂ ਲਈ ਰੇਲ ਗੱਡੀ ਰਵਾਨਾ ਕੀਤੀ ਗਈ ਹੈ। ਉਨਾਂ ਕਿਹਾ ਕਿ ਇਹ ਸਿਲਸਿਲਾ ਅੱਗੋਂ ਵੀ ਜਾਰੀ ਰਹੇਗਾ।  ਸ. ਬਾਦਲ ਨੇ ਕਿਹਾ ਕਿ ਮਾਲੇਰਕੋਟਲਾ ਦੇ ਵਿਕਾਸ ਲਈ 63 ਕਰੋੜ ਰੁਪਏ ਦਾ ਵਿਕਾਸ ਫੰਡ ਜਾਰੀ ਕੀਤਾ ਗਿਆ ਹੈ ਅਤੇ ਇਸ ਤੋਂ ਪਹਿਲਾਂ ਹਲਕੇ ਵਿਚ ਵਿਕਾਸ ਕਾਰਜਾਂ ਲਈ 200 ਕਰੋੜ ਰੁਪਏ ਖਰਚ ਕੀਤੇ ਗਏ ਹਨ। ਉਨਾਂ ਐਲਾਨ ਕੀਤਾ ਕਿ ਪੰਜਾਬ ਦੇ ਹਰੇਕ ਪਿੰਡ-ਕਸਬੇ ਵਿੱਚ ਮੁਸਲਮਾਨਾਂ ਲਈ ਕਬਰਸਤਾਨ ਲਈ ਥਾਂ ਰਾਖਵੀਂ ਰੱਖਣ ਦੇ ਹੁਕਮ ਡਿਪਟੀ ਕਮਿਸ਼ਨਰਾਂ ਨੂੰ ਜਾਰੀ ਕੀਤੇ ਜਾ ਚੁੱਕੇ ਹਨ। ਉਨਾਂ ਕਿਹਾ ਕਿ ਰਾਜ ਸਰਕਾਰ ਹਰੇਕ ਹਲਕੇ ਦੇ ਵਿਕਾਸ ਲਈ 25 ਕਰੋੜ ਰੁਪਏ ਅਲੱਗ ਤੋਂ ਜਾਰੀ ਕਰੇਗੀ। ਇਸ ਮੌਕੇ ਲੋਕਾਂ ਦਾ ਉਤਸ਼ਾਹ ਦੇਖਦਿਆਂ ਹੀ ਬਣਦਾ ਸੀ ਅਤੇ ਉੱਪ ਮੁੱਖ ਮੰਤਰੀ ਨੇ ਲੋਕਾਂ ਵਿਚ ਜਾ ਕੇ ਉਨਾਂ ਦੀਆਂ ਸ਼ੁਭ ਇਛਾਵਾਂ ਕਬੂਲ ਕੀਤੀਆਂ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ, ਮੁੱਖ ਪਾਰਲੀਮਾਨੀ ਸਕੱਤਰ ਫਰਜ਼ਾਨਾ ਆਲਮ ਅਤੇ ਸੰਤ ਬਲਬੀਰ ਸਿੰਘ ਘੁੰਨਸ, ਵਿਧਾਇਕ ਇਕਬਾਲ ਸਿੰਘ ਝੂੰਦਾਂ ਅਤੇ ਗੋਬਿੰਦ ਸਿੰਘ ਲੌਂਗੋਵਾਲ, ਸਾਬਕਾ ਮੰਤਰੀ ਗੋਬਿੰਦ ਸਿੰਘ ਕਾਂਝਲਾ ਅਤੇ ਇਕਰਾਮ ਬੱਗੇ ਖਾਨ, ਸਕੱਤਰ ਟਰਾਂਸਪੋਰਟ ਆਰ.ਵੈਂਕਟਰਮਨ, ਡਿਪਟੀ ਕਮਿਸ਼ਨਰ ਅਰਸ਼ਦੀਪ ਸਿੰਘ ਥਿੰਦ ਅਤੇ ਐਸਐਸਪੀ ਪ੍ਰਿਤਪਾਲ ਸਿੰਘ ਥਿੰਦ ਤੋਂ ਇਲਾਵਾ ਵੱਡੀ ਆਗੂ ਹਾਜ਼ਰ ਸਨ।

Check Also

ਖਾਲਸਾ ਕਾਲਜ ਇੰਜੀਨੀਅਰਿੰਗ ਵਲੋਂ ਵਾਤਾਵਰਣ-ਅਨੁਕੂਲ ਗਰੀਨ ਦੀਵਾਲੀ ਮਨਾਈ ਗਈ

ਅੰਮ੍ਰਿਤਸਰ, 9 ਨਵੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ਼ ਇੰਜੀਨੀਅਰਿੰਗ ਐਂਡ ਟੈਕਨਾਲੋਜੀ, ਰਣਜੀਤ ਐਵੀਨਿਊ …

Leave a Reply