
ਅੰਮ੍ਰਿਤਸਰ, 29 ਜਨਵਰੀ (ਜਗਦੀਪ ਸਿੰਘ ਸੱਗੂ) – ਸਥਾਨਕ ਬੀ. ਬੀ. ਕੇ. ਡੀ. ਏ. ਵੀ. ਕਾਲਜ ਫ਼ਾਰ ਵੂਮੈਨ ਦੇ ਡਿਜ਼ਾਇਨ ਵਿਭਾਗ ਨੇ ਵਸਤਰ ਕਾਰਨੀਵਲ ਦਾ ਆਯੋਜਨ ਕੀਤਾ।ਇਹ ਕਾਰਨੀਵਲ ਟੈਕਸਟਾਇਲ ਅਤੇ ਫੈਸ਼ਨ ਵਿਭਾਗ ਦੇ ਸਮੂਹਿਕ ਯਤਨਾ ਦੁਆਰਾ ਹੋਇਆ।ਇਸ ਪ੍ਰਦਰਸ਼ਨੀ ਵਿੱਚ ਕਪੜੇ ਦੀ ਵਿਵਿੰਗ, ਫੈਬਰਿਕ ਪੇਟਿੰਗ, ਟੈਕਸਟਾਇਲ ਵਸਤਾਂ, ਟਾਈ ਐਂਡ ਡਾਈ, ਨਿਟਿੰਗ ਮਸ਼ੀਨ, ਸਕਰੀਨ ਪੇਟਿੰਗ, ਬਲਾਕ ਪ੍ਰਿਟਿੰਗ, ਸਟੈਂਸਿਲ ਪ੍ਰਿਟਿੰਗ ਤੇ ਅਧਾਰਿਤ ਕੰਮਾਂ ਨੂੰ ਵਿਹਾਰਿਕ ਰੂਪ ਦੇ ਨਮੂਨਿਆਂ ਰਾਹੀਂ ਪੇਸ਼ ਕੀਤਾ ਗਿਆ।ਵੱਖ-ਵੱਖ ਸਕੂਲਾਂ ਤੋਂ ਆਏ ਹੋਏ ਵਿਦਿਆਰਥੀਆਂ ਨੇ ਇਸ ਸਮਾਗਮ ਵਿੱਚ ਹਿੱਸਾ ਲਿਆ ਤੇ ਉਹਨਾਂ ਨੂੰ ਟੈਕਸਟਾਇਲ ਦੀਆਂ ਕਈ ਤਕਨੀਕਾਂ ਦੀ ਪ੍ਰਦਰਸ਼ਨੀ ਦਿਖਾਈ ਗਈ।
ਸਮਾਗਮ ਵਿੱਚ ਸ਼੍ਰੀਮਤੀ ਅਰਵਿੰਦਰ ਕੌਰ ਪਤਨੀ, ਜ਼ਿਲ੍ਹਾ ਸੈਸ਼ਨ ਜੱਜ ਸ. ਗੁਰਬੀਰ ਸਿੰਘ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ।ਇਹਨਾਂ ਤੋਂ ਇਲਾਵਾ ਸ਼੍ਰੀਮਤੀ ਨਿਤਾਸ਼ਾ ਗੋਇਲ ਪਤਨੀ ਮੁੱਖ ਜੱਜ ਸ਼੍ਰੀ ਯੁਕਤੀ ਗੋਇਲ ਵੀ ਹਾਜ਼ਰ ਸਨ।ਪ੍ਰਿੰਸੀਪਲ ਡਾ. ਪੁਸ਼ਪਿੰਦਰ ਵਾਲੀਆ ਨੇ ਡਿਜ਼ਾਈਨ ਵਿਭਾਗ ਦੇ ਮਿਹਨਤੀ ਸਟਾਫ਼ ਅਤੇ ਪ੍ਰਤਿੱਭਾਸ਼ਾਲੀ ਵਿਦਿਆਰਥੀਆਂ ਨੂੰ ਇਸ ਆਯੋਜਨ ਲਈ ਵਧਾਈ ਦਿੱਤੀ ਅਤੇ ਵਿਦਿਆਰਥਣਾਂ ਵਲੋਂ ਟੈਕਸਟਾਇਲ ਤਕਨੀਕ ਦੁਆਰਾ ਬਣਾਏ ਗਏ ਕਪੜਿਆਂ ਦੀ ਸ਼ਲਾਘਾ ਕੀਤੀ। ਉਹਨਾਂ ਕਿਹਾ ਕਿ ਅਜਿਹੇ ਆਯੋਜਨ ਵਿਦਿਆਰਥਣਾਂ ਦੀ ਕਲਾ ਨੂੰ ਉਜਾਗਰ ਕਰਨ ਵਿੱਚ ਆਪਣੀ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ ਅਤੇ ਕਾਲਜ ਅਜਿਹੇ ਵਿਹਾਰਿਕ ਕੰਮਾਂ ਨੂੰ ਹਮੇਸ਼ਾਂ ਹੀ ਪਹਿਲ ਦਿੰਦਾ ਆਇਆ ਹੈ।
ਪ੍ਰੋਗਰਾਮ ਦੇ ਅੰਤ ‘ਚ ਸਥਾਨਕ ਪ੍ਰਬੰਧਕੀ ਕਮੇਟੀ ਦੇ ਪ੍ਰਧਾਨ ਸ਼੍ਰੀ ਸੁਦਰਸ਼ਨ ਕਪੂਰ ਨੇ ਮੁੱਖ ਮਹਿਮਾਨਾਂ ਅਤੇ ਹੋਰ ਹਾਜ਼ਰੀਨ ਦਾ ਧੰਨਵਾਦ ਕੀਤਾ।ਉਨ੍ਹਾਂ ਦਸਿਆ ਕਿ ਅੰਮ੍ਰਿਤਸਰ ਟੈਕਸਟਾਇਲ ਦਾ ਇਕ ਵੱਡਾ ਕੇਂਦਰ ਹੈ, ਜਿਹੜਾ ਪ੍ਰਤਿਭਾਸ਼ਾਲੀ ਡਿਜ਼ਾਇਨਰਾਂ ਨੂੰ ਰੋਜ਼ਗਾਰ ਦੇ ਮੌਕੇ ਵੀ ਪ੍ਰਧਾਨ ਕਰਦਾ ਹੈ।ਇਸ ਮੌਕੇ ਤੇ ਡਿਜ਼ਾਇਨ ਵਿਭਾਗ ਦੇ ਮੁੱਖੀ ਪ੍ਰੋ. ਮਨਦੀਪ ਸ਼ੋਖੀ ਨੇ ਵਿਭਾਗੀ ਗਤੀਵਿਧੀਆਂ ਦੀ ਜਾਣਕਾਰੀ ਦਿੱਤੀ।ਉਨਾਂ ਨਾਲ ਡਾ. ਲਲਿਤ ਗੋਪਾਲ ਪਰਾਸ਼ਰ, ਪ੍ਰੋ. ਮੋਨਾ ਮਲਹੋਤਰਾ ਅਤੇ ਸਟਾਫ਼ ਦੇ ਹੋਰ ਮੈਬਰ ਮੌਜੂਦ ਸਨ।
Punjab Post Daily Online Newspaper & Print Media