Thursday, March 19, 2026

ਦਿੱਲੀ ਕਮੇਟੀ ਨੇ ਰੱਖਿਆ ਮੰਤਰੀ ਨੂੰ ਸਿੱਖ ਰੈਜੀਮੈਂਟ ਨੂੰ ਪਰੇਡ ਵਿੱਚ ਸ਼ਾਮਿਲ ਨਾ ਕਰਨ ‘ਤੇ ਭੇਜਿਆ ਰੋਸ ਪੱਤਰ

manjit singh gk 1

ਨਵੀਂ ਦਿੱਲੀ, 29 ਜਨਵਰੀ (ਅੰਮ੍ਰਿਤ ਲਾਲ ਮੰਨਣ)- ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੇ ਗਣਤੰਤਰਤਾ ਦਿਹਾੜੇ ਦੀ ਪਰੇਡ ਵਿੱਚੋਂ ਸਿੱਖ ਰੈਜੀਮੈਂਟ ਦੇ ਗਾਇਬ ਹੋਣ ਤੇ ਰੋਸ਼ ਦਾ ਪ੍ਰਗਟਾਵਾ ਕੀਤਾ ਹੈ। ਦੇਸ਼ ਦੇ ਰੱਖਿਆ ਮੰਤਰੀ ਮਨੋਹਰ ਪਾਰੀਕਰ ਨੂੰ ਲਿੱਖੇ ਆਪਣੇ ਰੋਸ਼ ਪੱਤਰ ਵਿੱਚ ਜੀ.ਕੇ. ਨੇ ਸਿੱਖ ਰੈਜੀਮੈਂਟ ਦੇ ਮਾਨਮੱਤੇ ਇਤਿਹਾਸ ਦਾ ਹਵਾਲਾ ਦਿੰਦੇ ਹੋਏ ਸਿੱਖ ਕੌਮ ਦੀਆਂ ਇਸ ਰੈਜੀਮੈਂਟ ਦੇ ਨਾਲ ਭਾਵਨਾਵਾਂ ਜੁੜੀਆਂ ਹੋਣ ਦਾ ਵੀ ਦਾਅਵਾ ਕੀਤਾ ਹੈ। ਜੀ.ਕੇ. ਨੇ ਸਾਫ ਕੀਤਾ ਕਿ ਬੇਸ਼ਕ ਭਾਰਤ ਦੇ ਆਮ ਸ਼ਹਿਰੀ ਹੋਣ ਦੇ ਨਾਤੇ ਦੇਸ਼ ਦੀ ਫ਼ੌਜ ਨੂੰ ਧਰਮ ਦੇ ਆਧਾਰ ਤੇ ਨਹੀਂ ਵੰਡਿਆ ਜਾ ਸਕਦਾ ਹੈ ਪਰ ਸਿੱਖ ਰੈਜੀਮੈਂਟ ਨਾਲ ਸਿੱਖ ਕੌਮ ਦੀ ਪਛਾਣ ਜੁੜੀ ਹੋਣ ਦੇ ਕਾਰਨ ਉਸ ਨੂੰ ਸਰਕਾਰ ਵੱਲੋਂ ਅਨਗੋਲ੍ਹਾਂ ਕੀਤੇ ਜਾਉਣ ਨੂੰ ਵੀ ਨਜ਼ਰਅੰਦਾਜ ਨਹੀਂ ਕੀਤਾ ਜਾ ਸਕਦਾ।
ਜੀ.ਕੇ. ਨੇ ਸਿੱਖ ਰੈਜੀਮੈਂਟ ਨੂੰ ਪਰੇਡ ਵਿੱਚ ਸ਼ਾਮਿਲ ਨਾ ਕੀਤੇ ਜਾਉਣ ਦੀ ਨਿਖੇਧੀ ਕਰਨ ਦੌਰਾਨ ਭਾਰਤੀ ਫੌਜ ਦੇ ਤਿੰਨਾਂ ਅੰਗਾਂ ਵਿਚ 30 ਫੀਸ਼ਦੀ ਤੋਂ ਵੱਧ ਸਿੱਖ ਫੌਜੀ ਅਫਸਰ ਹੋਣ ਦੇ ਬਾਵਜੂਦ ਕਿਸੇ ਸਿੱਖ ਫੌਜੀ ਅਫਸਰ ਨੂੰ ਵੱਖ-ਵੱਖ ਫੌਜਾਂ ਦੇ ਅੰਗਾਂ ਦੀਆਂ ਟੁਕੜੀਆਂ ਦੀ ਅਗਵਾਈ ਕਰਨ ਦਾ ਮੌਕਾ ਇਸ ਪਰੇਡ ਦੌਰਾਨ ਨਾ ਮਿਲਣ ਤੇ ਵੀ ਸਵਾਲ ਚੁੱਕੇ ਹਨ। ਜੀ.ਕੇ. ਨੇ ਤਲੱਖ ਲਹਿਜੇ ਵਿਚ ਕਿਹਾ ਕਿ ਉਹ ਇਸ ਮਸਲੇ ‘ਤੇ ਸਿੱਖ ਰੈਜੀਮੈਂਟ ਦੀ ਵਕਾਲਤ ਸਿੱਖ ਸਵਰੂਪ ਹੋਣ ਦੇ ਕਾਰਨ ਹੀ ਨਹੀਂ ਕਰ ਰਹੇ ਹਨ ਸਗੋਂ ਦੇਸ਼ ਵਾਸਤੇ ਰੈਜੀਮੈਂਟ ਵੱਲੋਂ ਦਿੱਤੀਆਂ ਗਈਆਂ ਕੁਰਬਾਨੀਆਂ ਨੂੰ ਚੇਤਾ ਕਰਵਾ ਕੇ ਕੌਮ ਦੇ ਹੱਕ ਦੀ ਆਵਾਜ ਬੁਲੰਦ ਕਰ ਰਹੇ ਹਨ।ਜੀ.ਕੇ. ਨੇ ਇਸ ਮੌਕੇ ਸਿੱਖਾਂ ਨੂੰ ਵਿਦੇਸ਼ਾ ਵਿੱਚ ਅਮਰੀਕਾ, ਕਨੇਡਾ, ਅਤੇ ਇੰਗਲੈਂਡ ਦੀਆਂ ਫੌਜਾਂ ਵਿੱਚ ਇੱਜਤ ਨਾਲ ਮਿਲੀ ਭਾਗੀਦਾਰੀ ਪਿੱਛੇ ਸਿੱਖਾਂ ਦੀ ਬਹਾਦਰੀ ਅਤੇ ਦੇਸ਼ ਪ੍ਰੇਮ ਜਜ਼ਬੇ ਨੂੰ ਮੁਖ ਕਾਰਨ ਵੱਜੋਂ ਗਿਣਾਇਆ।
ਜੀ.ਕੇ. ਨੇ ਗਣਤੰਤਰ ਦਿਹਾੜੇ ਮੌਕੇ ਸਿੱਖ ਰੈਜੀਮੈਂਟ ਨੂੰ ਪਰੇਡ ਵਿੱਚ ਸ਼ਾਮਿਲ ਨਾ ਕੀਤੇ ਜਾਣ ਨੂੰ ਮੰਦਭਾਗਾ ਕਰਾਰ ਦਿੰਦੇ ਹੋਏ ਜਵਾਨਾਂ ਦੇ ਸਿਰ ਸਜੀ ਦਸਤਾਰ ਵੱਲੋਂ ਨੌਜਵਾਨਾਂ ਵਿੱਚ ਦੇਸ਼ ਭਗਤੀ ਦਾ ਜਜ਼ਬਾ ਪੈਦਾ ਹੋਣ ਦਾ ਵੀ ਦਾਅਵਾ ਕੀਤਾ। ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਪ੍ਰਧਾਨ ਮਾਸਟਰ ਤਾਰਾ ਸਿੰਘ ਨੂੰ ਯਾਦ ਕਰਦੇ ਹੋਏ ਜੀ.ਕੇ. ਨੇ ਉਨ੍ਹਾਂ ਵੱਲੋਂ ਦੇਸ਼ ਦੀ ਵੰਡ ਮੌਕੇ ਸਿੱਖਾਂ ਵਾਸਤੇ ਵੱਖਰੇ ਦੇਸ਼ ਦੀ ਲੋੜ ਨਾ ਹੋਣ ਦੇ ਦਿੱਤੇ ਗਏ ਹਵਾਲੇ ਨੂੰ ਸਿੱਖਾਂ ਦੀ ਦੇਸ਼ ਦੇ ਪ੍ਰਤੀ ਵਫਾਦਾਰੀ ਦੇ ਤੌਰ ਤੇ ਵੀ ਪਰਿਭਾਸ਼ਿਤ ਕੀਤਾ। ਸਿੱਖ ਕੌਮ ਦਾ ਹਿੱਸਾ ਦੇਸ਼ ਦੀ ਅਬਾਦੀ ਵਿਚ 2 ਫੀਸ਼ਦੀ ਹੋਣ ਦੇ ਬਾਵਜੂਦ ਦੇਸ਼ ਦੀ ਅਜ਼ਾਦੀ ਵਾਸਤੇ ਸਿੱਖਾਂ ਵੱਲੋਂ 90 ਫੀਸ਼ਦੀ ਦਿੱਤੀਆਂ ਗਈਆਂ ਕੁਰਬਾਨੀਆਂ ਤੋਂ ਵੀ ਜੀ.ਕੇ. ਨੇ ਰੱਖਿਆ ਮੰਤਰੀ ਨੂੰ ਆਪਣੇ ਪੱਤਰ ਵਿੱਚ ਜਾਣੂ ਕਰਵਾਇਆ ਹੈ।
ਸਿੱਖ ਰੈਜੀਮੈਂਟ ਦੀ ਸਥਾਪਨਾ 1ਅਗਸਤ 1846 ਨੂੰ ਅੰਗਰੇਜਾਂ ਦੇ ਰਾਜ ਦੌਰਾਨ ਹੋਣ ਦਾ ਜਿਕਰ ਕਰਦੇ ਹੋਏ ਜੀ.ਕੇ. ਨੇ ਰੱਖਿਆ ਮੰਤਰੀ ਨੂੰ ਰੈਜੀਮੈਂਟ ਵੱਲੋਂ ਦੇਸ਼ ਵਾਸਤੇ ਮਾਰੀਆਂ ਗਈਆਂ ਮੱਲਾਂ ਦੀ ਵੀ ਵਿਸ਼ਤਾਰ ਨਾਲ ਹਵਾਲਾ ਦਿੱਤਾ ਹੈ। ਜੀ.ਕੇ. ਨੇ ਰੈਜੀਮੈਂਟ ਦੇ ਬਹਾਦਰ ਜਵਾਨਾਂ ਵੱਲੋਂ 1894-95 ਦਾ ਅਫਗਾਨ ਯੁੱਧ, 1897 ਦੀ ਸਾਰਾਗੜ੍ਹੀ ਦੀ ਇਤਿਹਾਸਕ ਲੜਾਈ, ਵਿਸ਼ਵਯੁੱਧ ਪਹਿਲਾ ਤੇ ਦੂਜਾ, 1947-48 ਦਾ ਜੰਮੂ ਕਸ਼ਮੀਰ ਆਪਰੇਸ਼ਨ, 1948 ਦਾ ਆਪਰੇਸ਼ਨ ਪੋਲੋ, ਚੀਨ ਨਾਲ 1962 ਦੀ ਲੜਾਈ, ਪਾਕਿਸਤਾਨ ਨਾਲ 1965,1971ਅਤੇ 1999 ਦੀ ਕਾਰਗਿਲ ਲੜਾਈ ਦੌਰਾਨ ਦਿਖਾਏ ਗਏ ਹੌਸ਼ਲੇ ਦਾ ਵੀ ਵੇਰਵਾ ਦਿੱਤਾ ਹੈ। ਜੀ.ਕੇ. ਨੇ ਰੈਜੀਮੈਂਟ ਵੱਲੋਂ ਕੁਲ 1652 ਵੀਰਤਾ ਪੁਰਸਕਾਰ ਜਿੱਤਣ ਦੀ ਰੱਖਿਆ ਮੰਤਰੀ ਨੂੰ ਜਾਣਕਾਰੀ ਵੀ ਦਿੱਤੀ ਹੈ। ਇਨ੍ਹਾਂ ਵਿੱਚ 73 ਯੁੱਧ ਸੇਵਾ ਤਗਮੇ, 38 ਥਇਏਟਰ ਤਗਮੇ, 2 ਪਰਮਵੀਰ ਚੱਕਰ, 14 ਮਹਾਵੀਰ ਚੱਕਰ, 5 ਕੀਰਤੀ ਚੱਕਰ, 2 ਅਸ਼ੋਕ ਚੱਕਰ, 68 ਵੀਰ ਚੱਕਰ, 14 ਵਿਕਟੋਰੀਆਂ ਕ੍ਰੌਸਿੰਗ ਅਤੇ ਸਾਰਾਗੜ੍ਹੀ ਦੀ ਲੜਾਈ ਲਈ 21 ਇੰਡੀਅਨ ਆਰਡਰ ਆੱਫ਼ ਮੈਰੀਟਸ ਸਨਮਾਨ ਵੀ ਸ਼ਾਮਿਲ ਹਨ।

Check Also

ਦੁਬਈ ਦੇ ਵੱਡੇ ਦਿਲ ਵਾਲੇ ਸਰਦਾਰ ਨੇ ਜਾਰਜੀਆ ਹਾਦਸੇ `ਚ ਮਰਨ ਵਾਲਿਆਂ ਦੇ ਪਰਿਵਾਰਾਂ ਦੀ ਫ਼ੜੀ ਬਾਂਹ

ਅੰਮ੍ਰਿਤਸਰ, 23 ਦਸੰਬਰ (ਜਗਦੀਪ ਸਿੰਘ) – ਦੁਬਈ ਦੇ ਉੱਘੇ ਕਾਰੋਬਾਰੀ ਤੇ ਸਰਬਤ ਦਾ ਭਲਾ ਚੈਰੀਟੇਬਲ …

Leave a Reply