
ਨਵੀਂ ਦਿੱਲੀ, 30 ਜਨਵਰੀ (ਅੰਮ੍ਰਿਤ ਲਾਲ ਮੰਨਣ)- ਦਿੱਲੀ ਨਗਰ ਨਿਗਮ ਦੀਆਂ ਖਾਲੀ ਪਈਆਂ 13 ਸੀਟਾਂ ‘ਤੇ ਚੋਣਾਂ ਕਰਵਾਉਣ ਦੇ ਦਿੱਲੀ ਹਾਈ ਕੋਰਟ ਵੱਲੋਂ ਦਿੱਲੀ ਦੀ ਆਮ ਆਦਮੀ ਪਾਰਟੀ ਸਰਕਾਰ ਨੂੰ ਦਿੱਤੇ ਗਏ ਆਦੇਸ਼ ਤੇ ਸ਼੍ਰੋਮਣੀ ਅਕਾਲੀ ਦਲ ਦੀ ਦਿੱਲੀ ਇਕਾਈ ਦਾ ਪ੍ਰਤੀਕਰਮ ਵੀ ਸਾਹਮਣੇ ਆਇਆ ਹੈ। ਸਾਬਕਾ ਵਿਧਾਇਕ ਅਤੇ ਦਿੱਲੀ ਕਮੇਟੀ ਦੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਨੇ ਆਮ ਆਦਮੀ ਪਾਰਟੀ ਦੀ ਨੀਅਤ ਤੇ ਨੀਤੀ ਤੇ ਸਵਾਲ ਖੜੇ ਕਰਦੇ ਹੋਏ ਉਕਤ ਜਿਮਨੀ ਚੋਣਾਂ ਦੌਰਾਨ ਆਪ ਦੀ ਦਿੱਲੀ ਵਿੱਖੇ ਹਾਰ ਦੀ ਹੈਟ੍ਰਿਕ ਲਗਣ ਦਾ ਦਾਅਵਾ ਕੀਤਾ ਹੈ। ਸਿਰਸਾ ਨੇ ਕਿਹਾ ਕਿ ਆਪਣੀ ਪਾਰਟੀ ਦੀ ਹਾਰ ਦੇ ਡਰ ਤੋਂ ਦਿੱਲੀ ਦੀ ਸਰਕਾਰ ਉਕਤ ਜਿਮਨੀ ਚੋਣਾਂ ਤੋਂ ਭਜਣ ਵਾਸਤੇ ਰਾਹ ਲਭਦੀ ਰਹੀ ਹੈ।ਇਸੇ ਕੜੀ ਵਿੱਚ ਕਦੇ ਉਹ ਦਿੱਲੀ ਚੋਣ ਕਮਿਸ਼ਨ ਨੂੰ ਚੋਣਾਂ ਕਰਵਾਉਣ ਵਾਸਤੇ 10 ਕਰੋੜ ਰੁਪਏ ਦੀ ਰਾਸ਼ੀ ਦੇਣ ਤੋਂ ਇਨਕਾਰ ਕਰਦੀ ਹੈ ਤੇ ਕਦੇ ਪੂਰੇ ਨਿਗਮ ਨੂੰ ਭੰਗ ਕਰਕੇ ਆਮ ਚੋਣਾਂ ਕਰਾਉਣ ਦੀ ਸਲਾਹ ਹਾਈਕੋਰਟ ਨੂੰ ਦਿੰਦੀ ਹੈ। ਸਿਰਸਾ ਨੇ ਕਿਹਾ ਕਿ ਇੱਕ ਪਾਸੇ ਤਾਂ ਦਿੱਲੀ ਸਰਕਾਰ ਆਪਣੀ ਫੋਕੀ ਵਾਹਵਾਹੀ ਕਰਵਾਉਣ ਲਈ ਜਨਤਾ ਤੋਂ ਵਸੂਲੇ ਟੈਕਸ ਵਿੱਚੋ ਆਪਣੇ ਪ੍ਰਚਾਰ ਦੇ ਬਜਟ ਲਈ 550 ਕਰੋੜ ਰੁਪਏ ਸਾਲਾਨਾ ਰਾਖਵੇਂ ਰੱਖਦੀ ਹੈ ਪਰ ਦੂਜੇ ਪਾਸੇ ਬਿਨਾਂ ਨਿਗਮ ਪਾਰਸ਼ਦਾ ਦੇ ਖਾਲੀ ਪਈਆਂ ਸੀਟਾਂ ‘ਤੇ ਲੋਕਾਂ ਦੇ ਜਮਹੂਰੀ ਹੱਕ ਨੂੰ ਬਚਾਉਣ ਵਾਸਤੇ 10 ਕਰੋੜ ਰੁਪਏ ਦੇਣ ਤੋਂ ਇਨਕਾਰੀ ਕਰਕੇ ਆਪਣੇ ਮਾਲੀ ਅਤੇ ਮਾਨਸਿਕ ਤੌਰ ਤੇ ਦਿਵਾਲਿਆਂ ਹੋਣ ਦਾ ਸੰਕੇਤ ਦਿੰਦੀ ਹੈ।
ਸਿਰਸਾ ਨੇ ਵਿਸ਼ਵਾਸ ਪ੍ਰਗਟਾਇਆ ਕਿ ਕੇਜਰੀਵਾਲ ਦੇ ਮੁਖਮੰਤਰੀ ਬਣਨ ਤੋਂ ਬਾਅਦ ਆਮ ਆਦਮੀ ਪਾਰਟੀ ਦਿੱਲੀ ਵਿਖੇ ਦਿੱਲੀ ਯੂਨੀਵਰਸਿਟੀ ਸਟੂਡੈਂਟ ਯੂਨੀਅਨ ਅਤੇ ਦਿੱਲੀ ਛਾਵਣੀ ਬੋਰਡ ਦੀਆਂ ਚੋਣਾਂ ਹਾਰਨ ਤੋਂ ਬਾਅਦ ਹੁਣ ਨਿਗਮ ਜਿਮਨੀ ਚੋਣਾਂ ਨੂੰ ਹਾਰ ਕੇ ਆਪਣੀ ਹਾਰ ਦੀ ਹੈਟ੍ਰਿਕ ਲਗਾਏਗੀ। ਬੀਤੇ ਵਰ੍ਹੇ ਪੰਜਾਬ ਵਿਧਾਨਸਭਾ ਦੀਆਂ ਦੋ ਜਿਮਨੀ ਚੋਣਾਂ ਵਿੱਚ ਬੁਰੀ ਤਰ੍ਹਾਂ ਹਾਰਨ ਤੋਂ ਬਾਅਦ ਆਪ ਵੱਲੋਂ ਹੁਣ 13 ਫਰਵਰੀ ਨੂੰ ਪੰਜਾਬ ਦੀ ਖਡੂਰ ਸਾਹਿਬ ਵਿਖੇ ਹੋ ਰਹੀ ਚੋਣ ਨਾ ਲੜਨ ਦੇ ਲਏ ਗਏ ਫੈਸਲੇ ਦੀ ਤਰਜ ਤੇ ਦਿੱਲੀ ਵਿਖੇ ਵੀ ਨਿਗਮ ਦੀਆਂ ਜਿਮਨੀ ਚੋਣਾਂ ਆਪ ਵੱਲੋਂ ਨਾ ਲੜਨ ਦਾ ਵੀ ਸਿਰਸਾ ਨੇ ਖਦਸਾ ਜਤਾਇਆ।
ਕੱਲ ਦਿੱਲੀ ਹਾਈ ਕੋਰਟ ਵਿੱਚ ਦਿੱਲੀ ਦੇ ਉਪ ਮੁਖਮੰਤਰੀ ਮਨੀਸ਼ ਸਿਸ਼ੋਦੀਆ ਨੂੰ ਸਰਕਾਰੀ ਸਕੂਲਾਂ ਦੀ ਬਦਹਾਲੀ ‘ਤੇ ਕੋਰਟ ਰੂਮ ਵਿੱਚ ਪਈ ਝਾੜ ਨੂੰ ਸਿਰਸਾ ਨੇ ਕੇਜਰੀਵਾਲ ਸਰਕਾਰ ਦੀ ਕਥਨੀ ਦੇ ਤੌਰ ਤੇ ਪਰਿਭਾਸ਼ਿਤ ਕੀਤਾ। ਸਿਰਸਾ ਨੇ ਸਵਾਲ ਕੀਤਾ ਕਿ ਇਕਤਰਫਾ ਮਿਲੇ ਬਹੁਮਤ ਦੇ ਹੰਕਾਰ ਵਿੱਚ ਭਿੱਜੇ ਆਮ ਆਦਮੀ ਪਾਰਟੀ ਦੇ ਆਗੂ ਅੱਜ ਦਿੱਲੀ ਦੀ ਸਿੱਖਿਆ, ਸਿਹਤ, ਸਫਾਈ ਅਤੇ ਵਿਕਾਸ ਵਿੱਚ ਪੁਰਾਣੀਆਂ ਲੀਹਾਂ ਤੋਂ ਪਿੱਛੜ ਕੇ ਚਾਰੋ ਖਾਨੇ ਚਿਤ ਹੋਣ ਦੇ ਬਾਵਜੂਦ ਪੰਜਾਬ ਵਿੱਚ ਕਿਸੇ ਮੂੰਹ ਨਾਲ ਸਰਕਾਰ ਬਣਾਉਣ ਦਾ ਸੁਪਨਾ ਲੈ ਰਹੇ ਹਨ ?
Punjab Post Daily Online Newspaper & Print Media