ਮੁੱਖ ਮੰਤਰੀ ਪੰਜਾਬ ਵੱਲੋ ਲਏ ਗਏ ਸਪੱਸ਼ਟ ਸਟੈਂਡ ਤੇ ਸਖਤੀ ਨਾਲ ਕੀਤੀ ਜਾਵੇ ਕਾਰਵਾਈ
ਅਮ੍ਰਿਤਸਰ, 1 ਫਰਵਰੀ (ਜਗਦੀਪ ਸਿੰਘ ਸੱਗੂ)- ਅਖੰਡ ਕੀਰਤਨੀ ਜੱਥਾ ਇੰਟਰਨੈਸ਼ਨਲ ਤੇ ਧਰਮ ਪ੍ਰਚਾਰ ਲਹਿਰ ਦੇ ਮੁੱਖੀ ਜੱਥੇਦਾਰ ਬਲਦੇਵ ਸਿੰਘ ਨੇ ਜਾਰੀ ਪ੍ਰੈਸ ਨੋਟ ‘ਚ ਕਿਹਾ ਹੈ ਕਿ ਗੁਰੂ ਤੇਗ ਬਹਾਦਰ ਹਿੰਦ ਦੀ ਚਾਦਰ ਨੇ ਤਿਲਕ ਜੰਝੂ ਦੀ ਸ਼ਹਾਦਤ ਦੇ ਕੇ ਰੱਖਿਆ ਕੀਤੀ ਅਤੇ ਗੁਰੂ ਗੋਬਿੰਦ ਸਿੰਘ ਜੀ ਨੇ ਏਸੇ ਹੀ ਲੜੀ ਵਿੱਚ ਹਿੰਦੂ ਧਰਮ ਦੀ ਰਖਵਾਲੀ ਲਈ ਪਿਆਰੇ ਪੁੱਤ ਵਾਰ ਦਿੱਤੇ। ਪਰ ਸਭ ਤੋਂ ਵੱਡਾ ਅਫਸੋਸ ਇਹ ਹੇ ਕਿ ਸਿੱਖ ਕੌਮ ਨੇ ਹਿੰਦੂਸਤਾਨ ਦੀ ਅਜ਼ਾਦੀ ਲਈ 80 ਫੀਸਦੀ ਤੋਂ ਵੱਧ ਸ਼ਹਾਦਤਾਂ ਦਿੱਤੀਆ ਪਰ 26 ਜਨਵਰੀ ਨੂੰ ਗਣਤੰਤਰ ਦਿਵਸ ਮੌਕੇ ਸਿੱਖ ਰਜਮੈਂਟ ਅਤੇ ਪੰਜਾਬ ਰਜਮੈਂਟ ਨੂੰ ਨਜ਼ਰਅੰਦਾਜ਼ ਕਰਨਾ ਸਿੱਖ ਕੌਮ ਦੀ ਆਨ ਤੇ ਸ਼ਾਨ ਵਿਰੁੱਧ ਸਿੱਧਾ ਹਮਲਾ ਹੋਇਆ ਹੈ ਅਤੇ ਇਹ ਸਭ ਕੁੱਝ ਕੇਂਦਰ ਸਰਕਾਰ ਨੇ ਜਾਣਬੁੱਝ ਕੇ ਕਿਸੇ ਡੂੰਘੀ ਸਾਜਿਸ਼ ਤਹਿਤ ਕੀਤਾ ਹੈ।ਅਫਸੋਸ ਤਾਂ ਇਸ ਗੱਲ ਦਾ ਹੈ ਕਿ ਪੂਰੀ ਪਰੇਡ ਦੋਰਾਨ ਕੋਈ ਵੀ ਸਿੱਖ ਨਜ਼ਰੀ ਨਹੀ ਪਿਆ ਅਤੇ ਇੰਝ ਲੱਗ ਰਿਹਾ ਸੀ ਕਿ ਜਿਵੇ ਹਿੰਦੂਸਤਾਨ ਚ’ ਸਿੱਖ ਕੋਈ ਹੈ ਹੀ ਨਹੀ ਇਹ ਸਭ ਕੁੱਝ ਉਸ ਸਮੇਂ ਹੋਇਆ ਜਦੋਂ ਫਰਾਂਸ ਦੇ ਰਾਸ਼ਟਰਪਤੀ ਮੁੱਖ ਮਹਿਮਾਨ ਸਨ।
ਜਿੱਥੇ ਕਿ ਫਰਾਂਸ ਸਰਕਾਰ ਨੇ ਸਿੱਖਾਂ ਨੂੰ ਪੱਗੜੀ ਬੰਨਣ ‘ਤੇ ਪਾਬੰਦੀ ਲਾਈ ਹੋਈ ਹੈ।ਜਥੇਦਾਰ ਬਲਦੇਵ ਸਿੰਘ ਨੇ ਕਿਹਾ ਕਿ ਅਖੰਡ ਕੀਰਤਨੀ ਜੱਥਾ ਇੰਟਰਨੈਸ਼ਨਲ ਵੱਲੋਂ ਫਰਾਂਸ ਸਰਕਾਰ ਕੋਲ ਦਸਤਾਰ ਦੀ ਪਾਬੰਦੀ ਵਿਰੁੱਧ ਲੰਬੀ ਕਾਨੂੰਨੀ ਜੱਦੋ ਜਹਿਦ ਆਰੰਭੀ ਹੋਈ ਹੈ।ਯੂਰਪ ਅਤੇ ਖਾਸ ਕਰਕੇ ਫਰਾਂਸ ਦੀਆਂ ਸਿੱਖ ਸੰਗਤਾਂ ਦੇ ਸਹਿਯੋਗ ਨਾਲ ਅਖੰਡ ਕੀਰਤਨੀ ਜੱਥਾ ਇੰਟਰਨੈਸ਼ਨਲ ਦੇ ਸਿਆਸੀ ਸਲਾਹਕਾਰ ਕਮੇਟੀ ਦੇ ਮੁੱਖੀ ਭਾਈ ਜੋਗਾ ਸਿੰਘ, ਪੰਜਾਬੀ ਟੂਡੇ ਦੇ ਮੁੱਖ ਪ੍ਰਬੰਧਕ ਭਾਈ ਸ਼ਿੰਗਾਰਾ ਸਿੰਘ ਮਾਨ ਅਤੇ ਬਲਬਿੰਦਰ ਸਿੰਘ ਨੰਨੂਆ ਪ੍ਰਧਾਨ ਖਾਲਸਾ ਇੰਟਰਨੈਸ਼ਨਲ ਵੈਲਫੇਅਰ ਸੋਸਾਇਟੀ ਯੂ.ਕੇ ਅਤੇ ਕਨੇਡਾ ਵੱਲੋਂ ਅੱਜ ਤੱਕ ਇਹ ਲੜਾਈ ਜਾਰੀ ਹੈ ਇੱਥੇ ਵਰਨਣਯੋਗ ਹੈ ਕਿ ਫਰਾਂਸ ਦੀਆਂ ਸਿੱਖ ਸੰਗਤਾਂ ਅਤੇ ਦਸਤਾਰ ਐਕਸ਼ਨ ਕਮੇਟੀ ਅਤੇ ਯੂਨਾਇਟਿਡ ਸਿੱਖ ਆਰਗਨਾਇਜੇਸ਼ਨ ਅੱਜ ਤੱਕ ਆਪਣੇ ਖਰਚੇ ‘ਤੇ ਲੜਾਈ ਲੜ ਰਹੀਆ ਹਨ ਜੋ ਕਿ ਸ਼ਲਾਘਾਯੋਗ ਹੈ।ਇਹ ਵੀ ਸਿੱਖ ਸੰਗਤਾਂ ਦੀ ਜਾਣਕਾਰੀ ਲਈ ਦੱਸਿਆ ਜਾਂਦਾ ਹੈ ਕਿ ਦਸਤਾਰ ਦੇ ਸੰਬੰਧ ਵਿਚ ਜਿਹੜੇ ਤਿੰਨ ਕੇਸ ਸਿੱਖ ਲੜ੍ਹ ਰਹੇ ਹਨ ਉਸ ਦਾ ਫੈਸਲਾ ਯੂਨਾਇਟਿਡ ਨੇਸ਼ਨ ਨੇ ਸਿੱਖਾਂ ਦੇ ਹੱਕ ਵਿੱਚ ਦਿੱਤਾ ਹੈ, ਪਰ ਅਫਸੋਸ ਦੀ ਗੱਲ ਇਹ ਹੈ ਕਿ ਫਰਾਂਸ ਸਰਕਾਰ ਯੂਨਾਇਟਿਡ ਨੇਸ਼ਨ ਦੇ ਫੈਸਲੇ ਤੋਂ ਆਕੀ ਹੈ। ਉਨਾਂ ਕਿਹਾ ਕਿ ਹੁਣ ਕੇਂਦਰ ਸਰਕਾਰ ਨੇ ਇਸ ਲੜਾਈ ਨੂੰ ਉਲਟਾ ਰੁੱਖ ਦਿੰਦਿਆਂ ਇਹ ਸਪੱਸ਼ਟ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਹਿੰਦੂਸਤਾਨ ਵਿੱਚ ਦਸਤਾਰ ਬੰਨਣੀ ਜ਼ਰੂਰੀ ਨਹੀ ਹੈ।ਉਨਾਂ ਨੇ ਮੁੱਖ ਮੰਤਰੀ ਪੰਜਾਬ ਵੱਲੋਂ ਲਏ ਸਟੈਂਡ ਨੂੰ ਸਖਤੀ ਨਾਲ ਲਾਗੂ ਕਰਵਾਉਣ ਲਈ ਵੀ ਕਿਹਾ ਹੈ।
Punjab Post Daily Online Newspaper & Print Media