
ਨਵੀਂ ਦਿੱਲੀ, 4 ਫਰਵਰੀ (ਅੰਮ੍ਰਿਤ ਲਾਲ ਮੰਨਣ) – ਉਤਰ ਪ੍ਰਦੇਸ਼ ਘਟਗਿਣਤੀ ਕਮਿਸ਼ਨ ਦੇ ਸਾਬਕਾ ਮੈਂਬਰ ਐਸ.ਪੀ.ਸਿੰਘ ਦੀ ਅਗਵਾਈ ਹੇਠ ਇੱਕ ਵੱਫ਼ਦ ਨੇ ਅੱਜ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨਾਲ ਗਾਜਿਆਬਾਦ ਵਿਖੇ ਇਕ ਸਿੱਖ ਦੀ ਦੁਕਾਨ ‘ਤੇ ਕਿਸੇ ਸ਼ਰਾਰਤੀ ਅਨਸਰ ਵੱਲੋਂ ਕਬਜਾ ਕਰਨ ਬਾਰੇ ਮੁਲਾਕਾਤ ਕੀਤੀ। ਵੱਫਦ ਨੇ ਦੱਸਿਆ ਕਿ ਗਾਜ਼ੀਆਬਾਦ ਦੇ ਜਸਬੀਰ ਸਿੰਘ ਅਤੇ ਅਮਰ ਸਿੰਘ ਦੀ ਦਿੱਲੀ ਗੇਟ ਮਾਰਕੀਟ ਵਿਖੇ ਬਤੌਰ ਕਿਰਾਏਦਾਰ ਦੁਕਾਨ ਦਾ ਪੁਰਾਣਾ ਕਬਜਾ ਅਤੇ ਅਦਾਲਤ ਵੱਲੋਂ ਫੈਸਲਾ ਨਾ ਹੋਣ ਤਕ ਕਿਸੇ ਹੋਰ ਪੱਖ ਦੇ ਦੁਕਾਨ ਵਿੱਚ ਆਉਣ ਤੇ ਰੋਕ ਲਗਾਉਣ ਦਾ ਆਦੇਸ਼ ਹੋਣ ਦੇ ਬਾਵਜੂਦ ਕਿਸੇ ਸ਼ਰਾਰਤੀ ਅਨਸਰ ਵੱਲੋਂ ਸ਼ਹਿਰ ਦੇ ਭਾਈਚਾਰੇ ਦੇ ਮਾਹੌਲ ਨੂੰ ਖਰਾਬ ਕਰਨ ਵਾਸਤੇ ਜਬਰੀ ਕਬਜਾ ਕਰਨ ਉਪਰੰਤ ਇਲਾਕੇ ਦਾ ਮਾਹੌਲ ਖਰਾਬ ਹੋ ਗਿਆ ਹੈ।
ਪ੍ਰਸ਼ਾਸਨ ਅਤੇ ਪੁਲਿਸ ਵੱਲੋਂ ਸਿਆਸੀ ਦਬਾਵ ਹੇਠ ਸਿੱਖਾਂ ਦੀ ਸੁਣਵਾਈ ਕਰਨ ਵਿੱਚ ਵੀ ਲਾਪਰਵਾਹੀ ਵਰਤੀ ਜਾ ਰਹੀ ਹੈ। ਜੀ.ਕੇ. ਨੂੰ ਦਿੱਤੇ ਆਪਣੇ ਮੰਗ ਪੱਤਰ ਵਿੱਚ ਵੱਫਦ ਵੱਲੋਂ ਇਸ ਮਸਲੇ ‘ਤੇ ਦਿੱਲੀ ਕਮੇਟੀ ਨੂੰ ਮਦਦ ਕਰਨ ਦੀ ਅਪੀਲ ਕੀਤੀ। ਜੀ.ਕੇ ਨੇ ਤੁਰੰਤ ਇਸ ਮਸਲੇ ਤੇ ਕਮੇਟੀ ਦੇ ਜੁਆਇੰਟ ਸਕੱਤਰ ਅਮਰਜੀਤ ਸਿੰਘ ਪੱਪੂ ਅਤੇ ਧਰਮ ਪ੍ਰਚਾਰ ਕਮੇਟੀ ਦੇ ਚੇਅਰਮੈਨ ਪਰਮਜੀਤ ਸਿੰਘ ਰਾਣਾ ਨੂੰ ਗਾਜਿਆਬਾਦ ਜਾਉਣ ਦੀ ਹਿਦਾਇਤ ਦਿੰਦੇ ਹੋਏ ਕਮੇਟੀ ਵੱਲੋਂ ਇਸ ਮਸਲੇ ‘ਤੇ ਪੂਰਾ ਸਹਿਯੋਗ ਕਰਨ ਦਾ ਭਰੋਸਾ ਦਿੱਤਾ ਗਿਆ। ਇਸ ਵੱਫਦ ਵਿੱਚ ਯੂਥ ਅਕਾਲੀ ਦਲ ਗਾਜਿਆਬਾਦ ਦੇ ਗਗਨਦੀਪ ਸਿੰਘ ਅਰੋੜਾ ਅਤੇ ਸਿੱਖ ਸਟੂਡੈਂਟਸ਼ ਫੈਡਰੇਸ਼ਨ ਦੇ ਪ੍ਰਧਾਨ ਬਾਬਾ ਸੁੱਚਾ ਸਿੰਘ ਸ਼ਾਮਿਲ ਸਨ। ਇਸ ਮੌਕੇ ਕਮੇਟੀ ਮੈਂਬਰ ਹਰਜਿੰਦਰ ਸਿੰਘ, ਕਾਨੂੰਨੀ ਸਲਾਹਕਾਰ ਜਸਵਿੰਦਰ ਸਿੰਘ ਜੌਲੀ, ਪਟਨਾ ਸਾਹਿਬ ਕਮੇਟੀ ਦੇ ਐਸੋਸੀਐਟ ਮੈਂਬਰ ਸੁਰਿੰਦਰ ਪਾਲ ਸਿੰਘ ਓਬਰਾਇ ਅਤੇ ਧਰਮ ਪ੍ਰਚਾਰ ਕਮੇਟੀ ਦੇ ਕਨਵੀਨਰ ਜਗਜੀਤ ਸਿੰਘ ਕਮਾਂਡਰ ਵੀ ਮੌਜੂਦ ਸਨ।
Check Also
ਦੁਬਈ ਦੇ ਵੱਡੇ ਦਿਲ ਵਾਲੇ ਸਰਦਾਰ ਨੇ ਜਾਰਜੀਆ ਹਾਦਸੇ `ਚ ਮਰਨ ਵਾਲਿਆਂ ਦੇ ਪਰਿਵਾਰਾਂ ਦੀ ਫ਼ੜੀ ਬਾਂਹ
ਅੰਮ੍ਰਿਤਸਰ, 23 ਦਸੰਬਰ (ਜਗਦੀਪ ਸਿੰਘ) – ਦੁਬਈ ਦੇ ਉੱਘੇ ਕਾਰੋਬਾਰੀ ਤੇ ਸਰਬਤ ਦਾ ਭਲਾ ਚੈਰੀਟੇਬਲ …
Punjab Post Daily Online Newspaper & Print Media