Sunday, October 4, 2026

ਆਉਣ ਵਾਲੇ ਤਿੰਨ ਮਹੀਨੇ ਦੇ ‘ਚ ਸ਼ਹਿਰ ਦੇ ਲੋਕਾਂ ਨੂੰ ਮਿਲੇਗਾ ਆਡੀਟੋਰੀਅਮ ਤੇ ਸ਼ਾਪਿੰਗ ਕੰਪਲੈਕਸ

PPN0402201619

ਪਠਾਨਕੋਟ, 4 ਫਰਵਰੀ (ਪ.ਪ) – ਜਿਲ੍ਹਾ ਪਠਾਨਕੋਟ ਵਿੱਚ ਕਲਾ ਨੂੰ ਉਤਸ਼ਾਹਿਤ ਕਰਨ ਲਈ ਅਤੇ ਸ਼ਹਿਰ ਨਿਵਾਸੀਆਂ ਨੂੰ ਟ੍ਰੈਫਿਕ ਦੀ ਸਮੱਸਿਆ ਤੋਂ ਛੁੱਟਕਾਰਾ ਦਿਵਾਉਣ ਲਈ ਵੱਡੇ ਦੋ ਨਵੇਂ ਪ੍ਰੋਜੈਕਟ ਬਣਾ ਕੇ ਲੋਕਾਂ ਨੂੰ ਸਮਰਪਿਤ ਕਰ ਦਿੱਤੇ ਜਾਣਗੇ। ਇਹ ਜਾਣਕਾਰੀ ਸ੍ਰੀ ਅਸ਼ਵਨੀ ਸ਼ਰਮਾ, ਵਿਧਾਇਕ ਹਲਕਾ ਪਠਾਨਕੋਟ ਨੇ ਦਿੰਦਿਆ ਦੱਸਿਆ ਕਿ ਜਿਲ੍ਹਾ ਪਠਾਨਕੋਟ ਵਿੱਚ ਆਧੁਨਿਕ ਸੁਵਿਧਾਵਾਂ ਦੀ ਸਹੂਲਤ ਨਾਲ ਤਿਆਰ ਕੀਤਾ ਜਾ ਰਿਹਾ ਆਡੀਟੋਰੀਅਮ ਨਿਰਮਾਣ ਦੇ ਨਾਲ ਕਲਾਕਾਰਾਂ ਵਿੱਚ ਉਤਸ਼ਾਹ ਵਧੇਗਾ ਅਤੇ ਉਨ੍ਹਾਂ ਨੂੰ ਇਕ ਵਧੀਆ ਪਲੇਟਫਾਰਮ ਮਿਲ ਜਾਵੇਗਾ। ਜਿਸਦੇ ਚਲਦਿਆਂ ਉਹ ਆਪਣੀ ਕਲਾ ਵਿੱਚ ਹੋਰ ਵੀ ਨਿਖਾਰ ਲਿਆ ਕੇ ਜਿਲ੍ਹਾ ਪਠਾਨਕੋਟ ਦਾ ਨਾਮ ਪੂਰੀ ਦੁਨੀਆ ਵਿੱਚ ਰੋਸ਼ਨ ਕਰਨਗੇ।
ਸ੍ਰੀ ਸ਼ਰਮਾ ਨੇ ਦੱਸਿਆ ਕਿ ਪੰਜਾਬ ਦੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਅਤੇ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਦੇ ਯਤਨਾਂ ਸਦਕਾ ਹੀ ਪਠਾਨਕੋਟ ਵਿੱਚ 6 ਕਰੋੜ ਰੁਪਏ ਦੀ ਲਾਗਤ ਦੇ ਨਾਲ ਟਰੱਕ ਯੂਨਿਅਨ ਦੇ ਨਜਦੀਕ ਆਡੀਟੋਰੀਅਮ ਦਾ ਨਿਰਮਾਣ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਸ ਆਡੀਟੋਰੀਅਮ ਦਾ ਕੰਮ ਜਲਦੀ ਹੀ ਪੂਰਾ ਕਰ ਲਿਆ ਜਾਵੇਗਾ ਅਤੇ ਮਾਰਚ ਮਹੀਨੇ ਦੇ ਅੰਤ ਵਿੱਚ ਲੋਕਾਂ ਨੂੰ ਸਮਰਪਿਤ ਕਰ ਦਿੱਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਪਠਾਨਕੋਟ ਵਿੱਚ ਬਣਾਏ ਜਾ ਰਹੇ ਆਡੀਟੋਰੀਅਮ ਵਿੱਚ 650 ਲੋਕਾਂ ਦੇ ਬੈਠਣ ਦੀ ਸਮਰੱਥਾ ਹੋਵੇਗੀ । ਆਡੀਟੋਰੀਅਮ ਵਿੱਚ ਅਤਿ ਆਧੁਨਿਕ ਮਸ਼ੀਨਰੀ ਦਾ ਵੀ ਪ੍ਰਯੋਗ ਕੀਤਾ ਗਿਆ ਹੈ। ਵਿਸ਼ੇਸ ਰੂਪ ਵਿੱਚ ਆਡੀਟੋਰੀਅਮ ਦੇ ਅੰਦਰ ਕਰੀਬ 62 ਲੱਖ ਰੁਪਏ ਦੀ ਲਾਗਤ ਨਾਲ ਲਾਇਟਾਂ, ਸਟੇਜ, ਪਰਦੇ ਅਤੇ ਵੀਡਿਓ ਸਿਸਟਮ ਲਗਾਉਣ ‘ਤੇ ਖਰਚ ਕੀਤੇ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਆਡੀਟੋਰੀਅਮ ਵਿੱਚ ਪਾਰਕਿੰਗ ਅਤੇ ਪਾਰਕ ਵੀ ਬਣਾਈ ਗਈ ਹੈ ਤਾਂ ਜੋ ਲੋਕਾਂ ਨੂੰ ਕਿਸੇ ਕਿਸਮ ਦੀ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਆਡੀਟੋਰੀਅਮ ਵਿੱਚ ਪੂਰੀ ਤਰ੍ਹਾਂ ਨਾਲ ਏ.ਸੀ. ਦੀ ਸੁਵਿਧਾ ਦਿੱਤੀ ਜਾ ਰਹੀ ਹੈ, ਗਰਾਉਂਡ ਫਲੋਰ ਅਤੇ ਹਾਲ ਅੰਦਰ ਵਾਲਕਨੀ ਦੀ ਵੀ ਵਿਵਸਥਾ ਕੀਤੀ ਗਈ ਹੈ, ਤਾਂ ਜੋ ਲੋਕਾਂ ਨੂੰ ਆਡੀਟੋਰੀਅਮ ਵਿੱਚ ਬੈਠਦੇ ਮੌਕੇ ਕਿਸੇ ਤਰ੍ਹਾਂ ਦੀ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਉਨ੍ਹਾਂ ਦੱਸਿਆ ਕਿ ਆਡੀਟੋਰੀਅਮ ਹਾਲ ਤੋਂ ਬਾਹਰ ਨਿਕਲਣ ਦੇ ਲਈ 5 ਦਰਵਾਜੇ ਰੱਖੇ ਗਏ ਹਨ ਤਾਂ ਜੋ ਲੋਕਾਂ ਨੂੰ ਹਾਲ ਤੋਂ ਬਾਹਰ ਆਉਣ ‘ਤੇ ਕਿਸੇ ਕਿਸਮ ਦੀ ਪ੍ਰੇਸ਼ਾਨੀ ਨਾ ਹੋਵੇ।
ਸ੍ਰੀ ਸ਼ਰਮਾ ਨੇ ਦੱਸਿਆ ਕਿ ਪਠਾਨਕੋਟ ਦੇ ਲੋਕਾਂ ਨੂੰ ਟ੍ਰੈਫਿਕ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਇਸ ਸਮੱਸਿਆ ਤੋਂ ਲੋਕਾਂ ਨੂੰ ਮੁਕਤੀ ਦਿਵਾਉਣ ਦੇ ਲਈ ਪੰਜਾਬ ਸਰਕਾਰ ਦੇ ਯਤਨਾਂ ਨਾਲ ਵਾਲਮੀਕਿ ਚੌਕ ਪਠਾਨਕੋਟ ਵਿਖੇ 8.22 ਕਰੋੜ ਰੁਪਏ ਦੀ ਲਾਗਤ ਨਾਲ ਸ਼ਾਪਿੰਗ ਕੰਪਲੈਕਸ ਕਮ ਪਾਰਕਿੰਗ ਬਣਾਈ ਜਾ ਰਹੀ ਹੈ। ਜਿਸ ਦੇ ਸ਼ੁਰੂ ਹੋਣ ਨਾਲ ਲੋਕਾਂ ਨੂੰ ਵਾਹਨ ਪਾਰਕਿੰਗ ਦੀ ਸੁਵਿਧਾ ਮਿਲੇਗੀ। ਉਨ੍ਹਾਂ ਦੱਸਿਆ ਕਿ ਸ਼ਾਪਿੰਗ ਕੰਪਲੈਕਸ ਕਮ ਪਾਰਕਿੰਗ ਬਣਨ ਦੇ ਨਾਲ ਲੋਕਾਂ ਨੂੰ ਆਪਣੇ ਵਾਹਨ ਬਾਜ਼ਾਰ ਅੰਦਰ ਲੈ ਕੇ ਜਾਣ ਦੀ ਜ਼ਰੂਰਤ ਨਹੀਂ ਰਹੇਗੀ ਅਤੇ ਉਹ ਆਪਣੇ ਮੋਟਰਸਾਇਕਲ, ਸਕੂਟਰ ਅਤੇ ਕਾਰਾਂ ਆਦਿ ਇੱਕ ਹੀ ਸਥਾਨ ‘ਤੇ ਪਾਰਕਿੰਗ ਕਰ ਸਕਣਗੇ।  ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਲੋਕਾਂ ਦੀ ਸੁਵਿਧਾ ਦੇ ਲਈ ਜਿਨ੍ਹਾਂ ਪ੍ਰੋਜੈਕਟਾਂ ਨੂੰ ਸ਼ੁਰੂ ਕੀਤਾ ਹੋਇਆ ਹੈ ਉਹ ਸਾਰੇ ਪ੍ਰੋਜੈਕਟ ਇਸੇ ਹੀ ਸਾਲ ਦੇ ਦੌਰਾਨ ਤਿਆਰ ਕਰ ਕੇ ਲੋਕਾਂ ਨੂੰ ਸਮਰਪਿਤ ਕਰ ਦਿੱਤੇ ਜਾਣਗੇ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਲੋਕਾਂ ਦੀਆਂ ਜ਼ਰੂਰਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਜੰਗੀ ਪੱਧਰ ‘ਤੇ ਵਿਕਾਸ ਕੰਮਾਂ ਨੂੰ ਕਰਵਾ ਰਹੀ ਹੈ।

Check Also

ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ

ਅੰਮ੍ਰਿਤਰ, 30 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …

Leave a Reply