
ਅੰਮ੍ਰਿਤਸਰ, 5 ਫਰਵਰੀ (ਜਗਦੀਪ ਸਿੰਘ ਸੱਗੂ)- ਲੋਕਰਾਜੀ ਸਰਕਾਰ ਦਾ ਆਧਾਰ ਮੰਨੇ ਜਾਂਦੇ ਵੋਟਰਾਂ ਦੇ ਨਾਮ ਹੇਠ ਜਾਅਲੀ ਵੋਟਾਂ ਬਣਾਏ ਜਾਣ ਤੇ ਫਿਰ ਕੱਟੇ ਜਾਣ ਦੇ ਕਥਿਤ ਫਰਜੀਵਾੜੇ ਦੀ ਜਿਲ੍ਹਾ ਕਾਂਗਰਸ ਦਿਹਾਤੀ ਦੇ ਪ੍ਰਧਾਨ ਗੁਰਜੀਤ ਸਿੰਘ ਔਜਲਾ ਨੇ ਉਚ ਪੱਧਰੀ ਤੇ ਨਿਰਪੱਖ ਜਾਂਚ ਕਰਵਾਏ ਜਾਣ ਦੀ ਮੰਗ ਕੀਤੀ ਹੈ ।ਜਾਰੀ ਇੱਕ ਪ੍ਰੈਸ ਰਲੀਜ਼ ਵਿੱਚ ਔਜਲਾ ਨੇ ਦੱਸਿਆ ਹੈ ਕਿ ਇੱਕ ਪਾਸੇ ਤਾਂ ਕੇਂਦਰ ਤੇ ਸੂਬਾਈ ਸਰਕਾਰਾਂ ਹਰ ਸਾਲ ਕਰੋੜਾਂ ਅਰਬਾਂ ਰੁਪਏ ਆਮ ਨਾਗਰਿਕਾਂ ਨੂੰ ਇਹ ਸਮਝਾਣ ਹਿੱਤ ਖਰਚ ਦਿੰਦੀਆਂ ਹਨ ਕਿ ਹਰ ਨਾਗਰਿਕ ਆਪਣੇ ਵੋਟ ਦਾ ਇਸਤੇਮਾਲ ਜਰੂਰ ਕਰੇ ਤੇ ਦੂਸਰੇ ਪਾਸੇ ਜਿਲ੍ਹਾ ਪ੍ਰਸ਼ਾਸ਼ਨ ਦਾਅਵੇ ਕਰਦੇ ਹਨ ਕਿ ਵੋਟ ਤਿਆਰ ਕਰਨ ਦਾ ਸਾਰਾ ਨਿਜ਼ਾਮ ਪਾਰਦਰਸ਼ੀ ਹੈ ਲੇਕਿਨ ਸਰਕਾਰ ਦੇ ਦੋਨਾਂ ਦਾਅਵਿਆਂ ਦੀ ਪੋਲ ਅੰਮ੍ਰਿਤਸਰ ਜਿਲ੍ਹੇ ਵਿੱਚ ਵੋਟਰ ਲਿਸਟਾਂ ਤਿਆਰ ਕਰਨ ਤੇ ਫਿਰ ਕੱਟੇ ਜਾਣ ਦੀ ਪ੍ਰਕਿਰਿਆ ਨੇ ਖੋਹਲ ਦਿੱਤੀ ਹੈ। ਉਨ੍ਹਾਂ ਕਿਹਾ ਕਿ ਹਾਲੇ ਸਾਲ 2014 ਵਿੱਚ ਹੀ ਲੋਕ ਸਭਾ ਚੋਣ ਹੋਈ ਹੈ ਤੇ ਉਸ ਤੋਂ ਇੱਕ ਸਾਲ ਬਾਅਦ ਮੌਜੂਦ ਵੋਟਰਾਂ ਦੇ ਅੰਕੜੇ ਸਾਲ 2016 ਵਿੱਚ ਕਿਉਂ ਘੱਟਦੇ ਹਨ ਜਾਂ ਜਿਹੜੇ ਨਾਮ ਕੱਟੇ ਗਏ ਹਨ ਆਖਿਰ ਉਹ ਲੋਕ ਕੌਣ ਸਨ ।ਜਿਲ੍ਹਾ ਕਾਂਗਰਸ ਦਿਹਾਤੀ ਪ੍ਰਧਾਨ ਔਜਲਾ ਨੇ ਪ੍ਰਸਾਸ਼ਨ ਨੂੰ ਜੋਰ ਦੇ ਕੇ ਪੁਛਿਆ ਹੈ ਕਿ ਕੀ ਸਾਲ 2015 ਦੇ ਵੋਟਰ ਅੰਕੜੇ ਤੇ ਸਾਲ 2014 ਦੇ ਇਹੀ ਸਨ ਜਾਂ ਕਿਸੇ ਸੋਚੀ ਸਮਝੀ ਸਾਜਿਸ਼ ਤਹਿਤ ਕਾਂਗਰਸੀ ਉਮੀਦਵਾਰ ਕੈਪਟਨ ਅਮਰਿੰਦਰ ਸਿੰਘ ਨੂੰ ਹਰਾਉਣ ਲਈ ਕੋਈ ਗੁਪਤ ਸਾਜਿਸ਼ ਘੜੀ ਗਈ ਸੀ ਕਿਉਂਕਿ ਬੀਤੇ ਸਾਲ 2004, 2007 ਅਤੇ 2009 ਵਿੱਚ ਹੋਈਆਂ ਲੋਕ ਸਭਾ ਚੋਣਾਂ ਦਰਮਿਆਨ ਭਾਜਪਾ ਉਮੀਦਵਾਰ ਨਵਜੋਤ ਸਿੰਘ ਸਿੱਧੂ ਦਾ ਜਿੱਤ ਦਾ ਫਰਕ ਇੱਕ ਲੱਖ 40 ਹਜਾਰ ਵੋਟ ਤੋਂ ਲੈ ਕੇ ਇੱਕ ਲੱਖ ਵੋਟ ਤੇ ਫਿਰ ਅਚਨਚੇਤ 40 ਹਜਾਰ ਰਿਹਾ ਹੈ ।ਔਜਲਾ ਨੇ ਕਿਹਾ ਕਿ ਸਾਲ 2014 ਵਿੱਚ ਕੈਪਟਨ ਅਮਰਿੰਦਰ ਸਿੰਘ ਦੀ ਭਾਜਪਾ ਦੇ ਅਰੁਣ ਜੇਤਲੀ ਉਪਰ ਜਿੱਤ ਦਾ ਫਰਕ ਯਕੀਨਨ ਦੋ ਢਾਈ ਲੱਖ ਸੀ, ਜਿਸ ਨੂੰ ਅਜੇਹੀਆਂ ਬੋਗਸ ਵੋਟਾਂ ਨੇ ਘਟਾ ਦਿੱਤਾ । ਅੂੌਜਲਾ ਨੇ ਕਿਹਾ ਕਿ ਉਹ ਜਿਲ੍ਹਾ ਪ੍ਰਸ਼ਾਸ਼ਨ ਵਲੋਂ ਕੱਟੀਆਂ ਗਈਆਂ ਵੋਟਾਂ ਦੀ ਹਕੀਕਤ ਜਾਨਣ ਲਈ ਭਾਰਤ ਦੇ ਚੋਣ ਕਮਿਸ਼ਨ ਪਾਸ ਅਵਾਜ ਬੁਲੰਦ ਕਰਨਗੇ ਤਾਂ ਜੋ ਅਸਲੀਅਤ ਸਾਹਮਣੇ ਆ ਸਕੇ ।
Punjab Post Daily Online Newspaper & Print Media