ਬਟਾਲਾ, 12 ਫਰਵਰੀ (ਨਰਿੰਦਰ ਸਿੰਘ ਬਰਨਾਲ)- ਸੀਨੀਅਰ ਅਕਾਲੀ ਆਗੂ ਸ. ਲਖਬੀਰ ਸਿੰਘ ਲੋਧੀਨੰਗਲ ਨੇ ਜਿਥੇ ਬਟਾਲਾ ਸ਼ਹਿਰ ਵਿੱਚ ਫੈਲੀ ਪੀਲੀਏ ਦੀ ਬਿਮਾਰੀ ‘ਤੇ ਚਿੰਤਾ ਪ੍ਰਗਟ ਕੀਤੀ ਹੈ ਉਥੇ ਅੰਮ੍ਰਿਤਧਾਰੀ ਸਿੱਖਅਜੀਤ ਸਿੰਘ ਦੀ ਪੀਲੀਏ ਕਾਰਨ ਹੋਈ ਮੌਤ ‘ਤੇ ਵੀ ਡੂੰਘੇ ਦੁੱਖ ਦਾ ਇਜ਼ਹਾਰ ਕੀਤਾ ਹੈ। ਸ. ਲਖਬੀਰ ਸਿੰਘ ਲੋਧੀਨੰਗਲ ਨੇ ਕਿਹਾ ਕਿ ਕਾਂਗਰਸ ਅਤੇ ਭਾਜਪਾ ਦੇ ਨਗਰ ਕੌਂਸਲ ਬਟਾਲਾ ‘ਚ ਨਾ-ਪਾਕ ਗਠਜੋੜ ਦਾ ਨਤੀਜਾ ਬਟਾਲਾ ਵਾਸੀਆਂ ਨੂੰ ਆਪਣੀ ਜਾਨ ਦੇ ਕੇ ਚੁਕਾਉਣਾ ਪੈ ਰਿਹਾ ਹੈ। ਸ. ਲੋਧੀਨੰਗਲ ਨੇ ਕਿਹਾ ਕਿ ਪੀਲੀਆ ਫੈਲਣ ਮਗਰੋਂ ਲੋਕ ਰੋਹ ਤੋਂ ਡਰਦਿਆਂ ਕਾਂਗਰਸੀ ਵਿਧਾਇਕ ਅਸ਼ਵਨੀ ਸੇਖੜੀ ਵੱਲੋਂ ਹੁਣ ਮੱਗਰਮੱੱਛ ਦੇ ਹੰਝੂ ਵਹਾਏ ਜਾ ਰਹੇ ਹਨ ਜਦਕਿ ਹਕੀਕਤ ਇਹ ਹੈ ਕਿ ਬਟਾਲਾ ‘ਚ ਫੈਲੀ ਪੀਲੀਏ ਦੀ ਬਿਮਾਰੀ ਦਾ ਮੁੱਖ ਕਾਰਨ ਸੇਖੜੀ ਤੇ ਨਰੇਸ਼ ਮਹਾਜਨ ਵੱਲੋਂ ਚਲਾਈ ਜਾ ਰਹੀ ਨਗਰ ਕੌਂਸਲ ਹੈ। ਉਨ੍ਹਾਂ ਕਿਹਾ ਕਿ ਸੇਖੜੀ ਹੁਣ ਆਪਣੀ ਜਿੰਮੇਵਾਰੀ ਤੋਂ ਭੱਜ ਨਹੀਂ ਸਕਦਾ ਕਿਉਂਕਿ ਸੇਖੜੀ ਦੀ ਪਾਰਟੀ ਦੀ ਹਮਾਇਤ ਅਤੇ ਉਸਦੀ ਖੁਦ ਦੀ ਆਪਣੀ ਵੋਟ ਨਾਲ ਹੀ ਬਟਾਲਾ ਨਗਰ ਕੌਂਸਲ ਦੀ ਕਮੇਟੀ ਬਣੀ ਸੀ ਜੋ ਅੱਜ ਵੀ ਚੱਲ ਰਹੀ ਹੈ। ਸ. ਲੋਧੀਨੰਗਲ ਨੇ ਕਿਹਾ ਕਿ ਸ਼ਹਿਰ ਦੇ ਲੋਕਾਂ ਨੂੰ ਸਾਫ-ਸੁਥਰਾ ਵਾਤਾਵਰਨ ਦੇਣਾ, ਸਫਾਈ ਵਿਵਸਥਾ, ਪੀਣ ਲਈ ਸ਼ੁੱਧ ਪਾਣੀ ਦੇਣਾ ਅਤੇ ਸੀਵਰੇਜ ਵਰਗੀਆਂ ਬੁਨਿਆਦੀ ਸਹੂਲਤਾਂ ਮੁਹੱਈਆ ਕਰਾਉਣੀਆਂ ਕਮੇਟੀ ਦੇ ਦਾਇਰੇ ਹੇਠ ਆਉਂਦਾ ਹੈ ਪਰ ਕਮੇਟੀ ‘ਤੇ ਕਾਬਜ਼ ਲੋਕਾਂ ਨੂੰ ਸ਼ਹਿਰ ਵਾਸੀਆਂ ਦਾ ਕੋਈ ਫਿਕਰ ਨਹੀਂ ਹੈ ਅਤੇ ਉਹ ਸਿਰਫ ਆਪਣੀਆਂ ਜੇਬਾਂ ਭਰਨ ਵਿੱਚ ਹੀ ਮਸਤ ਹਨ।
ਸੇਖੜੀ ਦੇ ਬਿਆਨ ਨੂੰ ਸਿਰੇ ਤੋਂ ਖਾਰਜ਼ ਕਰਦਿਆਂ ਸ. ਲਖਬੀਰ ਸਿੰਘ ਲੋਧੀਨੰਗਲ ਨੇ ਕਿਹਾ ਅੱਜ ਤੱਕ ਬਟਾਲਾ ਨਗਰ ਕੌਂਸਲ ਕਦੀ ਵੀ ਅਕਾਲੀ ਦਲ ਦੀ ਨਹੀਂ ਬਣੀ ਹੈ ਇਸ ਲਈ ਕਾਂਗਰਸ ਵੱਲੋਂ ਅਕਾਲੀ ਦਲ ਨੂੰ ਦੋਸ਼ ਦੇਣਾ ਠੀਕ ਨਹੀਂ ਹੈ। ਉਨ੍ਹਾਂ ਕਿਹਾ ਕਿ ਜਦੋਂ ਦਾ ਦੇਸ਼ ਅਜ਼ਾਦ ਹੋਇਆ ਹੈ ਉਸ ਵਕਤ ਤੋਂ ਲੈ ਕੇ ਬਟਾਲਾ ਨਗਰ ਕੌਂਸਲ ‘ਤੇ ਜਾਂ ਤਾਂ ਕਾਂਗਰਸ ਦਾ ਕਬਜ਼ਾ ਰਿਹਾ ਹੈ ਜਾਂ ਭਾਜਪਾ ਦਾ। ਉਨ੍ਹਾਂ ਕਿਹਾ ਕਿ ਹੁਣ ਵੀ ਬਟਾਲਾ ਕਮੇਟੀ ‘ਤੇ ਭਾਜਪਾ ਤੇ ਕਾਂਗਰਸ ਦੋਵੇਂ ਰਲ ਕੇ ਕਾਬਜ਼ ਹਨ, ਇਸ ਲਈ ਕਮੇਟੀ ਦੀ ਹੁਣ ਤੱਕ ਦੀ ਕਾਰਗੁਜ਼ਾਰੀ ਅਤੇ ਸ਼ਹਿਰ ਵਾਸੀਆਂ ਨੂੰ ਭਿਆਨਕ ਬਿਮਾਰੀਆਂ ਵੱਲ ਧੱਕਣ ‘ਚ ਕਾਂਗਰਸ ਤੇ ਭਾਜਪਾ ਦਾ ਹੀ ਹੱਥ ਹੈ। ਸ. ਲੋਧੀਨੰਗਲ ਨੇ ਕਿਹਾ ਕਿ ਅਸ਼ਵਨੀ ਸੇਖੜੀ ਨੂੰ ਹੁਣ ਇਸ ਅਤਿ-ਸੰਵੇਦਨਸ਼ੀਲ ਮੁੱਦੇ ‘ਤੇ ਰਾਜਨੀਤੀ ਕਰਨ ਦੀ ਬਜਾਏ ਉਸਨੂੰ ਆਪਣੀ ਜਿੰਮੇਵਾਰੀ ਕਬੂਲਣੀ ਚਾਹੀਦੀ ਹੈ ਅਤੇ ਇਸ ਗੱਲ ਨੂੰ ਸਵੀਕਾਰ ਕਰਨਾ ਚਾਹੀਦਾ ਹੈ ਕਿ ਸ਼ਹਿਰ ਦੀ ਜੋ ਦੁਰਦਸ਼ਾ ਹੋਈ ਹੈ ਉਸ ਲਈ ਸੇਖੜੀ ਅਤੇ ਉਸਦੇ ਭਾਈਵਾਲ ਪਾਰਟੀ ਭਾਜਪਾ ਦੇ ਸਾਥੀ ਜਿੰਮੇਵਾਰ ਹਨ।
ਅੰਮ੍ਰਿਤਧਾਰੀ ਸਿੱਖ ਅਜੀਤ ਸਿੰਘ ਦੀ ਪੀਲੀਏ ਕਾਰਨ ਹੋਈ ਮੌਤ ‘ਤੇ ਉਸਦੇ ਪਰਿਵਾਰ ਨਾਲ ਆਪਣੀ ਡੂੰਘੀ ਸੰਵੇਦਨਾ ਜ਼ਾਹਰ ਕਰਦਿਆਂ ਸ. ਲਖਬੀਰ ਸਿੰਘ ਲੋਧੀਨੰਗਲ ਨੇ ਕਿਹਾ ਕਿ ਅਜੀਤ ਸਿੰਘ ਦੀ ਮੌਤ ਸ਼ਹਿਰ ‘ਚ ਫੈਲੀ ਪੀਲੀਏ ਦੀ ਬਿਮਾਰੀ ਕਾਰਨ ਹੋਈ ਹੈ ਅਤੇ ਸਿਹਤ ਵਿਭਾਗ ਵੱਲੋਂ ਇਸ ਮੌਤ ਨੂੰ ਸ਼ਰਾਬ ਪੀਣ ਕਾਰਨ ਹੋਈ ਮੌਤ ਦੱਸੇ ਜਾਣਾ ਬਹੁਤ ਮੰਦਭਾਗਾ ਹੈ। ਉਨ੍ਹਾਂ ਕਿਹਾ ਕਿ ਸਿਹਤ ਵਿਭਾਗ ਦਾ ਇਹ ਫੁਰਮਾਨ ਕਿਸੇ ਸਿੱਖ ਦੀ ਸ਼ਰਧਾ ‘ਤੇ ਜਾਤੀ ਹਮਲਾ ਹੈ ਅਤੇ ਅਜਿਹੇ ਗੈਰ ਜਿੰਮੇਵਾਰ ਬਿਆਨ ਦੇਣ ਵਾਲੇ ਡਾਕਟਰ ਖਿਲਾਫ ਕਾਰਵਾਈ ਹੋਣੀ ਚਾਹੀਦੀ ਹੈ।
Check Also
ਦਿੱਲੀ ਦੇ ਉਪ ਰਾਜਪਾਲ ਤਰਨਜੀਤ ਸਿੰਘ ਸੰਧੂ ਨੇ ਗੁ. ਟਾਹਲਾ ਸਾਹਿਬ ਵਿਖੇ ਕੀਤਾ ਸ਼ੁਕਰਾਨਾ
ਅੰਮ੍ਰਿਤਸਰ, 16 ਮਾਰਚ (ਸੁਖਬੀਰ ਸਿੰਘ) – ਦਿੱਲੀ ਦੇ ਉਪ ਰਾਜਪਾਲ ਨਿਯੁੱਕਤ ਹੋਣ ਤੋਂ ਬਾਅਦ ਪਹਿਲੀ …
Punjab Post Daily Online Newspaper & Print Media