
ਅੰਮ੍ਰਿਤਸਰ, 21 ਫਰਵਰੀ (ਜਗਦੀਪ ਸਿੰਘ ਸੱਗੂ)- ਇਤਿਹਾਸਕ ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਨੇ ਅੱਜ ‘ਖ਼ਾਲਸਾ ਯੂਨੀਵਰਸਿਟੀ, ਅੰਮ੍ਰਿਤਸਰ’ ਦੀ ਸਥਾਪਨਾ ਅਲੱਗ ਤੌਰ ‘ਤੇ ਕਰਨ ਅਤੇ ਸਿਰਮੌਰ ਵਿੱਦਿਅਕ ਸੰਸਥਾ ਖ਼ਾਲਸਾ ਕਾਲਜ ਦੀ ਹੋਂਦ ਨੂੰ ਬਰਕਰਾਰ ਰੱਖਣ ਤੋਂ ਇਲਾਵਾ ਇਸ ਦੀ ‘ਵਿਰਾਸਤੀ ਦਿੱਖ’ ਦੇ ਫੈਸਲੇ ‘ਤੇ ਵਚਨਬੱਧਤਾ ਦੁਹਰਾਈ। ਉਨ੍ਹਾਂ ਨੇ ਸਮੂਹ ਸਿਆਸੀ ਪਾਰਟੀਆਂ ਨੂੰ ‘ਖ਼ਾਲਸਾ ਯੂਨੀਵਰਸਿਟੀ ਅੰਮ੍ਰਿਤਸਰ’ ਦੇ ਵਿੱਦਿਅਕ ਪ੍ਰੋਜੈਕਟ ਦੀ ਸਫ਼ਲਤਾ ਲਈ ਯੋਗਦਾਨ ਪਾਉਣ ਦੀ ਅਪੀਲ ਵੀ ਕੀਤੀ।
ਗਵਰਨਿੰਗ ਕੌਂਸਲ ਦੇ ਪ੍ਰਧਾਨ ਸ: ਸੱਤਿਆਜੀਤ ਸਿੰਘ ਮਜੀਠੀਆ ਨੇ ਖ਼ਾਲਸਾ ਯੂਨੀਵਰਸਿਟੀ ਨੂੰ ਸਮੇਂ ਦੀ ਲੋੜ ਜਰੂਰਤ ਦੱਸਦਿਆਂ ਰਾਜਨੀਤਿਕ ਆਗੂਆਂ ਨੂੰ ਚੇਤਾਵਨੀ ਦਿੰਦਿਆਂ ਕਿਹਾ ਕਿ ਇਸ ਵਿੱਦਿਅਕ ਪ੍ਰੋਜੈਕਟ ‘ਤੇ ਰਾਜਨੀਤੀ ਕਰਨਾ ਉਚਿੱਤ ਨਹੀਂ। ਉਨ੍ਹਾਂ ਕਿਹਾ ਕਿ ਕੁਝ ਰਾਜਨੀਤਿਕ ਆਗੂ ਇਸ ਮੁੱਦੇ ‘ਤੇ ਸਿਆਸੀ ਰੋਟੀਆਂ ਸੇਕਣਾ ਚਾਹੁੰਦੇ ਹਨ, ਜੋ ਕਿ ਨਿੰਦਨਯੋਗ ਵਿਸ਼ਾ ਹੈ। ਉਨ੍ਹਾਂ ਕਿਹਾ ਕਿ ਇਹ ਸਿਆਸਤਦਾਨ ਅੰਦਰੋਂ ਇਸ ਮੁੱਦੇ ਦੀ ਗਹਿਰਾਈ ਨੂੰ ਸਮਝਦੇ ਹਨ ਪਰ ਕੁਝ ਨਿੱਜੀ ਅਤੇ ਸਿਆਸੀ ਕਾਰਨਾਂ ਕਰਕੇ ਨੂੰ ਵਿਵਾਦਪ੍ਰਸਤ ਕਰਨ ਦੀਆਂ ਸਾਜਿਸ਼ਾਂ ਰਚ ਰਹੇ ਹਨ। ਕੌਂਸਲ ਦੇ ਆਨਰੇਰੀ ਸਕੱਤਰ ਸ: ਰਜਿੰਦਰ ਮੋਹਨ ਸਿੰਘ ਛੀਨਾ ਨੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਤੇ ਲੋਕ ਸਭਾ ਮੈਂਬਰ ਪਾਰਲੀਮੈਂਟ ਕੈਪਟਨ ਅਮਰਿੰਦਰ ਸਿੰਘ ਦੇ ਖ਼ਾਲਸਾ ਕਾਲਜ ਦੇ ਵਿਹੜੇ ਵਿੱਚ ਅੱਜ ਅਚਨਚੇਤ ਪੁੱਜਣ ‘ਤੇ ਰੋਸ ਜਾਹਿਰ ਕੀਤਾ। ਉਨ੍ਹਾਂ ਨੇ ਕੈਪਟਨ ਦੇ ਨਾਲ ਮੌਜ਼ੂਦ ਸੁਰੱਖਿਆ ਗਾਰਡਾਂ ਦੁਆਰਾ ਕਾਲਜ ਦੇ ਗੇਟ ‘ਤੇ ਤਾਇਨਾਤ ਸੁਰੱਖਿਆ ਕਰਮੀਆਂ ਨਾਲ ਕੀਤੇ ਮਾੜੇ ਵਤੀਰੇ ਦੀ ਨਿਖੇਧੀ ਕਰਦਿਆਂ ਕਿਹਾ ਕਿ ਕੈਪਟਨ ਸੂਬੇ ਦੇ ਮੁੱਖ ਮੰਤਰੀ ਰਹੇ ਹਨ ਅਤੇ ਉਨ੍ਹਾਂ ਨੂੰ ਕਾਲਜ ਦੇ ਅਨੁਸ਼ਾਸ਼ਨ ਅਤੇ ਵਿੱਦਿਅਕ ਮਾਹੌਲ ਨੂੰ ਭੰਗ ਨਾ ਕਰਨ ਬਾਰੇ ਗਿਆਨ ਹੋਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਕੈਪਟਨ ਦੇ ਸੁਰੱਖਿਆ ਕਰਮੀਆਂ ਨੇ ਗੇਟ ‘ਤੇ ਲਗੇ ਤਾਲਿਆਂ ਨੂੰ, ਕਾਲਜ ਦੇ ਸੁਰੱਖਿਆ ਕਰਮੀਆਂ ਚਾਬੀਆਂ ਖੋਹ ਕੇ ਖੋਲ੍ਹ ਦਿੱਤਾ, ਜਿਸ ਦੀ ਕੀ ਉਹ ਪੁਰਜ਼ੋਰ ਸ਼ਬਦਾਂ ਵਿੱਚ ਨਿੰਦਾ ਕਰਦੇ ਹਨ।
ਸ: ਛੀਨਾ ਨੇ ਕਿਹਾ ਕਿ ਉਕਤ ਮੁੱਦੇ ‘ਤੇ ਸਮੂਹ ਰਾਜਨੀਤਿਕ ਆਗੂ ਤੇ ਪਾਰਟੀਆਂ ਯੂਨੀਵਰਸਿਟੀ ਸਥਾਪਨਾ ਲਈ ਇਕਮੁੱਠ ਹੋ ਕੇ ਹੰਭਲਾ ਮਾਰਨ। ਉਨ੍ਹਾਂ ਕਿਹਾ ਕਿ ‘ਵਿਰਾਸਤੀ ਦਰਜੇ’ ਦਾ ਮਾਣ ਹਾਸਲ ਇਤਿਹਾਸਕ ਖਾਲਸਾ ਕਾਲਜ ਨੂੰੰ ਯੂਨੀਵਰਸਿਟੀ ਦੇ ਦਾਇਰੇ ਤੋਂ ਅਲੱਗ ਰੱਖਿਆ ਜਾਵੇਗਾ ਅਤੇ ਸਰਹੱਦੀ ਖੇਤਰ ਵਿੱਚ ਵਿਦਿਆ ਦੇ ਪ੍ਰਸਾਰ ਲਈ ਇਹ ਸਮੇਂ ਦੀ ਜ਼ਰੂਰਤ ਹੈ। ਉਨ੍ਹਾਂ ਕਿਹਾ ਕਿ ਯੂ. ਜੀ. ਸੀ. ਵੱਲੋਂ ਕੀਤੇ ਸਰਵੇਂ ਵਿੱਚ ਦੇਸ਼ ਵਿੱਚ 2020 ਤੱਕ 1700 ਯੂਨੀਵਰਸਿਟੀਆਂ ਸਥਾਪਿਤ ਕਰਨ ਦੀ ਲੋੜ ਹੈ, ਜਿਨ੍ਹਾਂ ਦੀ ਗਿਣਤੀ ਇਸ ਸਮੇਂ 770 ਹੈ। ਇਸ ਲਈ ਇਹ ਕਹਿਣਾ ਕਿ ‘ਗੁਰੂ ਨਾਨਕ ਦੇਵ ਯੂਨੀਵਰਸਿਟੀ’ ਦੇ ਨਾਲ ਦੂਸਰੀ ਯੂਨੀਵਰਸਿਟੀ ਨਹੀਂ ਬਣਨੀ ਚਾਹੀਦੀ, ਸੌੜੀ ਸੋਚ ਨੂੰ ਉਜਾਗਰ ਕਰਦੀ ਹੈ। ਕਿਉਂਕਿ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਉੱਪ ਕੁਲਪਤੀ ਡਾ. ਅਜਾਇਬ ਸਿੰਘ ਬਰਾੜ ਗੁਆਂਢ ਵਿੱਚ ਨਵੀਂ ਬਣਨ ਵਾਲੀ ਯੂਨੀਵਰਸਿਟੀ ਦਾ ਸਵਾਗਤ ਕਰ ਚੁੱਕੇ ਹਨ। ਇਸ ਤੋਂ ਪਹਿਲਾਂ ਸ: ਮਜੀਠੀਆ ਨੇ ਕਿਹਾ ਕਿ ਇਹ ਖਦਸ਼ੇ ਕਿ ਖਾਲਸਾ ਯੂਨੀਵਰਸਿਟੀ ਬਣਨ ਨਾਲ ਸੁਸਾਇਟੀ ਦੀ ਜ਼ਮੀਨ ਨਿੱਜੀ ਹੱਥਾਂ ਵਿੱਚ ਚਲੀ ਜਾਵੇਗੀ ‘ਸਿਆਸੀ ਲੀਡਰਾਂ ਦੇ ਮਨਾਂ ਦਾ ਸਿਰਫ਼ ਵਹਿਮ ਹੈ’। ਉਨ੍ਹਾਂ ਕਿਹਾ ਕਿ 1890 ਵਿੱਚ ਬਣੀ ਕੌਂਸਲ ਦੇ ਸਵਿਧਾਨ ਮੁਤਾਬਿਕ ਹੀ ਇਸ ਨਵੀਂ ਬਣਨ ਵਾਲੀ ਯੂਨੀਵਰਸਿਟੀ ਨੂੰ ਚਲਾਇਆ ਜਾਵੇਗਾ ਜੋ ਕਿ ਸੰਪੂਰਨ ਸਮਾਜ ਦੀ ਮਾਲਕੀ ਹੋਵੇਗੀ ਨਾ ਕਿ ਕਿਸੇ ਵਿਅਕਤੀ ਜਾਂ ਨਿੱਜੀ ਧਿਰ ਦੀ। ਉਨ੍ਹਾਂ ਕਿਹਾ ਕਿ ਸੋਸਾਇਟੀ ਪਹਿਲਾਂ ਹੀ 12 ਕਾਲਜ ਅਤੇ 5 ਸਕੂਲ ਸਫ਼ਲਤਾਪੂਰਵਕ ਚਲਾ ਰਹੀ ਹੈ ਅਤੇ ਇਹ ਨਵੀਂ ਯੂਨੀਵਰਸਿਟੀ ਨੂੰ ਚਲਾਉਣ ਦੀ ਕਾਬਲੀਅਤ, ਤਜ਼ਰਬਾ ਅਤੇ ਵਿੱਤੀ ਸਥਿਤੀ ਤੋਂ ਇਲਾਵਾ ਰਾਜ ਸਰਕਾਰ ਦੇ ਤੈਅ ਕੀਤੇ ਸਾਰੇ ਪੈਮਾਨਿਆਂ ਮੁਤਾਬਕ ਸਾਰੀਆਂ ਸ਼ਰਤਾਂ ਪੂਰੀਆਂ ਕਰਦੀ ਹੈ। ਸ: ਛੀਨਾ ਨੇ ਕਿਹਾ ਕਿ ਯੂਨੀਵਰਸਿਟੀ ਨੂੰ ਹਰ ਪੰਜ ਸਾਲ ਬਾਅਦ ਲੋਕਤਾਂਤਰਿਕ ਢੰਗ ਨਾਲ ਚੁਣੀ ਜਾਂਦੀ ਕੌਂਸਲ ਵੱਲੋਂ ਚਲਾਇਆ ਜਾਵੇਗਾ ਅਤੇ ਇਹ ਕਿਸੇ ਵੀ ਤਰ੍ਹਾਂ ਨਾਲ ਕਿਸੇ ਨਿੱਜੀ ਹੱਥਾਂ ਵਿੱਚ ਨਹੀਂ ਜਾ ਸਕਦੀ। ਉਨ੍ਹਾਂ ਹੈਰਾਨਗੀ ਜਾਹਿਰ ਕਰਦਿਆਂ ਕਿਹਾ ਕਿ ਕੁਝ ਵਿਅਕਤੀ, ਖਾਸ ਲਾਬੀਆਂ ਅਤੇ ਸਵਾਰਥੀ ਗਰੁੱਪਾਂ, ਜੋ ਕਿ ਖ਼ਾਲਸਾ ਕਾਲਜ ਯੂਨੀਵਰਸਿਟੀ ਖਿਲਾਫ਼ ਸਾਜਿਸ਼ਾਂ ਘੜ ਰਹੇ ਹਨ, ਦੇ ਹੱਥਾਂ ਵਿੱਚ ਖੇਡ ਰਹੇ ਹਨ। ਉਨ੍ਹਾਂ ਕਿਹਾ ਕਿ ਕੁਝ ਸਵਾਰਥੀ ਲੋਕ ਇਸ ਮੁੱਦੇ ਨੂੰ ਸਿਆਸੀ ਰੰਗਤ ਦੇ ਰਹੇ ਹਨ ਜੋ ਕਿ ਸਰਾਸਰ ਗਲਤ ਹੈ, ਉਨ੍ਹਾਂ ਕਾਲਜ ਦੇ ਪੁਰਾਣੇ ਵਿਦਿਆਰਥੀਆਂ, ਬੁੱਧੀਜੀਵੀਆਂ, ਅਧਿਆਪਕਾਂ ਅਤੇ ਪੂਰੇ ਸਮਾਜ ਨੂੰ ਵਿਦਿਆ ਦੇ ਇਸ ਉਪਰਾਲੇ ਨੂੰ ਪੂਰਾ ਕਰਨ ਲਈ ਇਕੱਠੇ ਹੋ ਕੇ ਸਾਥ ਦੇਣ ਦੀ ਅਪੀਲ ਕੀਤੀ।
Punjab Post Daily Online Newspaper & Print Media