Friday, April 10, 2026

ਗੁਰੂ ਕਾਸ਼ੀ ਯੂਨੀਵਰਸਿਟੀ ਵਲੋਂ ਸਾਲਾਨਾ ਯੁਵਕ ਮੇਲਾ 2 ਮਾਰਚ ਤੋਂ

PPN2902201606

ਬਠਿੰਡਾ/ਤਲਵੰਡੀ ਸਾਬੋ, 29 ਫਰਵਰੀ (ਅਵਤਾਰ ਸਿੰਘ ਕੈਂਥ)- ਪੰਜਾਬ ਦੇ ਸਿਰਕੱਢਵੇਂ ਵਿੱਦਿਅਕ ਅਦਾਰੇ ਗੁਰੂ ਕਾਸ਼ੀ ਯੂਨੀਵਰਸਿਟੀ, ਤਲਵੰਡੀ ਸਾਬੋ ਦਾ ਸਾਲਾਨਾ ਯੁਵਕ ਮੇਲਾ 2 ਮਾਰਚ ਤੋਂ 4 ਮਾਰਚ ਤੱਕ ਯੂਨੀਵਰਸਿਟੀ ਕੈਂਪਸ ਵਿਖੇ ਕਰਵਾਇਆ ਜਾ ਰਿਹਾ ਹੈ। ਯੂਨੀਵਰਸਿਟੀ ਦੇ ਅਧੀਨ ਪੈਂਦੇ ਵੱਖ-ਵੱਖ ਕਾਲਜਾਂ ਦੇ ਵਿਦਿਆਰਥੀ ਮੇਜ਼ਬਾਨ, ਉਤਰਾਖੰਡ, ਪੱਛਮੀ ਬੰਗਾਲ ਅਤੇ ਹਰਿਆਣਾ ਵਲੋਂ ਸੱਭਿਆਚਾਰ ਦੀਆਂ ਵੰਨਗੀਆਂ ਪੇਸ਼ ਕਰਦੇ ਹੋਏ 25 ਮੁਕਾਬਲਿਆਂ ਵਿਚ ਹਿੱਸਾ ਲੈਣਗੇ। ਯੂਨੀਵਰਸਿਟੀ ਦੇ ਡੀਨ ਵਿਦਿਆਰਥੀ ਭਲਾਈ ਪ੍ਰੋ. ਜਸਬੀਰ ਸਿੰਘ ਸਿੱਧੂ ਨੇ ਪ੍ਰੈਸ ਕਲੱਬ ਬਠਿੰਡਾ ਵਿਖੇ ਸ਼ੁਰੂਆਤੀ ਸਮਾਗਮ ਬਾਰੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ 2 ਮਾਰਚ ਨੂੰ ਬਠਿੰਡਾ ਜਿਲ੍ਹੇ ਦੇ ਡਿਪਟੀ ਕਮਿਸ਼ਨਰ ਡਾ. ਬਸੰਤ ਗਰਗ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਕੇ ਪ੍ਰੋਗਰਾਮ ਦੀ ਸ਼ੋਭਾ ਵਧਾਉਣਗੇ। ਵਿਚਕਾਰਲੇ ਦਿਨ 3 ਮਾਰਚ ਨੂੰ ਬਠਿੰਡਾ ਜਿਲ੍ਹੇ ਦੇ ਸੀਨੀਅਰ ਸੁਪਰਡੈਂਟ ਆਫ ਪੁਲਿਸ ਸਵੱਪਨ ਸ਼ਰਮਾ, ਆਈ ਪੀ ਐੱਸ ਵਿਦਿਆਰਥੀਆਂ ਨਾਲ ਰੂ-ਬ-ਰੂ ਹੁੰਦੇ ਹੋਏ ਚੰਗੇ ਨਾਗਰਿਕ ਬਣਨ ਦੀ ਪ੍ਰੇਰਨਾ ਦੇਣਗੇ। ਇਨਾਮ ਵੰਡ ਸਮਾਰੋਹ ਦੇ ਮੌਕੇ ਹਲਕਾ ਤਲਵੰਡੀ ਸਾਬੋ ਦੇ ਵਿਧਾਇਕ ਜੀਤ ਮਹਿੰਦਰ ਸਿੰਘ ਸਿੱਧੂ ਮੁੱਖ ਮਹਿਮਾਨ ਵਜੋਂ ਸ਼ਾਮਲ ਹੋ ਕੇ ਵਿਦਿਆਰਥੀਆਂ ਨੂੰ ਆਸ਼ੀਰਵਾਦ ਦੇਣਗੇ। ਅਖੀਰਲੇ ਦਿਨ 4 ਮਾਰਚ ਦੀ ਸਵੇਰ ਨੂੰ ਸੱਭਿਆਚਾਰਕ ਗਤੀਵਿਧੀਆਂ ਦੇ ਸਮਾਪਤੀ ਸਮਾਰੋਹ ਵਿਚ ਬਠਿੰਡਾ ਦੇ ਇੰਸਪੈਕਟਰ ਜਨਰਲ ਆਫ਼ ਪੁਲਿਸ ਡਾ. ਜਤਿੰਦਰ ਜੈਨ ਪ੍ਰੋਗਰਾਮ ਵਿਚ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋ ਕੇ ਪ੍ਰੋਗਰਾਮ ਨੂੰ ਚਾਰ ਚੰਨ ਲਾਉਣਗੇ। ਵਿਸ਼ਵ ਪ੍ਰਸਿੱਧ ਪੰਜਾਬੀ ਲੋਕ ਗਾਇਕ ਗੁਰਦਾਸ ਮਾਨ 4 ਮਾਰਚ ਦੀ ਸ਼ਾਮ ਨੂੰ ਆਪਣੀ ਮਨੋਹਰ ਅਵਾਜ਼ ਨਾਲ ਹਾਜ਼ਰੀਨ ਦਾ ਮਨੋਰੰਜਨ ਕਰਨਗੇ। ਯੁਵਕ ਮੇਲੇ ਦੀ ਸਮਾਪਤੀ ਰਸਮ ਅਤੇ ਸਟਾਰ ਨਾਈਟ ਮੌਕੇ ਪੰਜਾਬ ਦੇ ਕੈਬਨਿਟ ਮੰਤਰੀ ਸਿਕੰਦਰ ਸਿੰਘ ਮਲੂਕਾ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਨਗੇ। ਯੂਨੀਵਰਸਿਟੀ ਦੇ ਪਰੋ-ਵਾਈਸ ਚਾਂਸਲਰ ਡਾ. ਜਗਪਾਲ ਸਿੰਘ ਅਤੇ ਲੋਕ ਸੰਪਰਕ ਅਧਿਕਾਰੀ ਪ੍ਰੋ. ਸੁੱਖਦਵਿੰਦਰ ਸਿੰਘ ਕੌੜਾ ਦੇ ਮੁਤਾਬਿਕ ਯੁਵਕ ਮੇਲੇ ਦੀਆਂ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਇਸ ਦੌਰਾਨ ਤਿੰਨ ਵੱਖ-ਵੱਖ ਜਗ੍ਹਾ ‘ਤੇ ਮੰਚ ਸੰਚਾਲਨ ਕੀਤਾ ਜਾਵੇਗਾ। ਜਿਸ ਵਿਚ ਲੋਕ ਕਲਾਵਾਂ, ਸੱਭਿਆਚਾਰਕ ਵੰਨਗੀਆਂ (ਗੀਤ, ਗਿੱਧਾ, ਭੰਗੜਾ ਆਦਿ) ਅਤੇ ਤੀਜੇ ਪਾਸੇ ਨਾਟਕ, ਸਕਿੱਟ ਆਦਿ 25 ਮੁਕਾਬਲਿਆਂ ਦੀ ਪੇਸ਼ਕਾਰੀ ਦਰਸ਼ਕਾਂ ਨੂੰ ਦੇਖਣ ਨੂੰ ਮਿਲੇਗੀ। ਜਿਸ ਵਿਚ ਯੂਨੀਵਰਸਿਟੀ ਅਧੀਨ ਪੈਂਦੇ ਵੱਖ-ਵੱਖ ਕਾਲਜਾਂ ਦੇ ਵਿਦਿਆਰਥੀ ਬੜੇ ਉਤਸ਼ਾਹ ਸਹਿਤ ਹਿੱਸਾ ਲੈ ਰਹੇ ਹਨ। ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਨਛੱਤਰ ਸਿੰਘ ਮੱਲ੍ਹੀ ਨੇ ਵਿਦਿਆਰਥੀਆਂ ਦੇ ਉਤਸ਼ਾਹ ਅਤੇ ਸਟਾਫ ਵੱਲੋਂ ਕੀਤੀ ਜਾ ਰਹੀ ਮਿਹਨਤ ਸਦਕਾ ਇਸ ਯੁਵਕ ਮੇਲੇ ਦੀ ਸਫਲਤਾ ਪੂਰਵਕ ਨੇਪਰੇ ਚੜ੍ਹਨ ਦੀ ਕਾਮਨਾ ਕੀਤੀ।

Check Also

ਛੀਨਾ ਨੇ ਖਾਲਸਾ ਯੂਨੀਵਰਸਿਟੀ ਦਾ ਆਨਲਾਈਨ ‘ਐਡਮਿਸ਼ਨ ਪੋਰਟਲ’ ਕੀਤਾ ਜਾਰੀ

ਅੰਮ੍ਰਿਤਸਰ, 9 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਯੂਨੀਵਰਸਿਟੀ ਦਾ ਨਵਾਂ ‘ਐਡਮਿਸ਼ਨ ਪੋਰਟਲ’ ਵਿਦਿਆਰਥੀਆਂ ਲਈ …

Leave a Reply