Sunday, March 15, 2026

ਭਗਤ ਧੰਨਾ ਜੀ ਦੇ 600 ਸਾਲਾ ਜਨਮ ਦਿਹਾੜੇ ਸਬੰਧੀ ਗੁ: ਸ੍ਰੀ ਰਾਮਸਰ ਸਾਹਿਬ ਤੋਂ ਵਿਸ਼ਾਲ ਨਗਰ ਕੀਰਤਨ 8 ਨੂੰ – ਬੇਦੀ

Diljit Singh Bedi

ਅੰਮ੍ਰਿਤਸਰ, 3 ਮਾਰਚ (ਗੁਰਪ੍ਰੀਤ ਸਿੰਘ)- ਧਰਮ ਪ੍ਰਚਾਰ ਕਮੇਟੀ (ਸ਼੍ਰੋਮਣੀ ਕਮੇਟੀ) ਵੱਲੋਂ ਭਗਤ ਧੰਨਾ ਜੀ ਦੇ ਜਨਮ ਦਿਹਾੜੇ ਦੀ 6ਵੀਂ ਸ਼ਤਾਬਦੀ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ ਦਾ 8 ਮਾਰਚ 2016 ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ-ਛਾਇਆ ਤੇ ਪੰਜ ਪਿਆਰਿਆਂ ਦੀ ਅਗਵਾਈ ਹੇਠ ਆਯੋਜਨ ਕੀਤਾ ਜਾਵੇਗਾ।ਇਹ ਨਗਰ ਕੀਰਤਨ ਗੁਰਦੁਆਰਾ ਸ੍ਰੀ ਰਾਮਸਰ ਸਾਹਿਬ ਸ੍ਰੀ ਅੰਮ੍ਰਿਤਸਰ ਤੋਂ ਸੰਗਤਾਂ ਦੇ ਸਹਿਯੋਗ ਨਾਲ ਆਰੰਭ ਹੋ ਕੇ 11 ਮਾਰਚ ਨੂੰ ਗੁਰਦੁਆਰਾ ਜਨਮ ਅਸਥਾਨ ਭਗਤ ਧੰਨਾ ਜੀ ਪਿੰਡ ਧੂਆਂ ਕਲਾਂ, ਜ਼ਿਲ੍ਹਾ ਟਾਂਕ (ਰਾਜਿਸਥਾਨ) ਵਿਖੇ ਸੰਪੰਨ ਹੋਵੇਗਾ।
ਇਥੋਂ ਜਾਰੀ ਪ੍ਰੈੱਸ ਬਿਆਨ ਵਿੱਚ ਸ਼ੋ੍ਰਮਣੀ ਕਮੇਟੀ ਦੇ ਬੁਲਾਰੇ ਤੇ ਵਧੀਕ ਸਕੱਤਰ ਸ. ਦਿਲਜੀਤ ਸਿੰਘ ਬੇਦੀ ਨੇ ਕਿਹਾ ਕਿ ਨਗਰ ਕੀਰਤਨ ਚਾਰ ਥਾਵਾਂ ਪੁਰ ਰਾਤ ਦਾ ਪੜਾਅ ਕਰੇਗਾ।ਇਸ ਨਗਰ ਕੀਰਤਨ ਵਿੱਚ ਢਾਡੀ ਜਥੇ, ਕਵੀਸ਼ਰੀ ਜਥੇ, ਕੀਰਤਨੀ ਜਥੇ, ਪ੍ਰਚਾਰਕ, ਸੰਗਤਾਂ ਗੁਰੂ-ਜਸ ਗਾਇਨ ਕਰਦੀਆਂ ਮਿਥੇ ਮਾਰਗਾਂ ਰਾਹੀਂ ਭਗਤ ਧੰਨਾ ਜੀ ਦੇ ਨਾਮ ਦੀ ਅਲਖ ਜਗਾਉਂਦੀਆਂ ਆਪਣੇ ਨਿਸ਼ਾਨੇ ਵੱਲ ਵਧਦੀਆਂ ਜਾਣਗੀਆਂ।ਉਨ੍ਹਾਂ ਨਗਰ ਕੀਰਤਨ ਦੇ ਰੂਟ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਗੁਰਦੁਆਰਾ ਸ੍ਰੀ ਰਾਮਸਰ ਸਾਹਿਬ ਤੋਂ ਇਹ ਨਗਰ ਕੀਰਤਨ ਸਵੇਰੇ 8 ਵਜੇ ਆਰੰਭ ਹੋ ਕੇ ਗੁਰੂ-ਜਸ ਗਾਉਂਦਾ ਹੋਇਆ ਤਰਨ ਤਾਰਨ, ਹਰੀਕੇ, ਮੱਖੂ, ਜ਼ੀਰਾ, ਫਿਰੋਜ਼ਪੁਰ, ਸਾਦਿਕ ਤੋਂ ਹੁੰਦਾ ਹੋਇਆ ਸ੍ਰੀ ਦਰਬਾਰ ਸਾਹਿਬ ਸ੍ਰੀ ਮੁਕਤਸਰ ਸਾਹਿਬ ਵਿਖੇ ਰਾਤ ਨੂੰ ਵਿਸ਼ਰਾਮ ਕਰੇਗਾ।ਉਨ੍ਹਾਂ ਕਿਹਾ ਕਿ ਸ੍ਰੀ ਮੁਕਤਸਰ ਸਾਹਿਬ ਤੋਂ ਨਗਰ ਕੀਰਤਨ 9 ਮਾਰਚ ਨੂੰ ਸਵੇਰੇ 8 ਵਜੇ ਆਰੰਭ ਹੋ ਕੇ ਮਲੋਟ, ਬੱਲੂ ਆਣਾ, ਅਬੋਹਰ ਬਾਈਪਾਸ, ਰਾਮਸਰਾ ਤੋਂ ਹੁੰਦਾ ਹੋਇਆ ਗੁਰਦੁਆਰਾ ਬਾਬਾ ਸੁੱਖਾ ਸਿੰਘ ਮਹਿਤਾਬ ਸਿੰਘ ਹਨੂੰਮਾਨਗੜ੍ਹ (ਰਾਜਿਸਥਾਨ) ਵਿਖੇ ਪਹੁੰਚੇਗਾ ਜਿਥੇ ਰਾਤ ਠਹਿਰੇਗਾ।ਇਥੋਂ 10 ਮਾਰਚ ਨੂੰ ਨਗਰ ਕੀਰਤਨ ਸਵੇਰੇ ਮੁੜ ਆਰੰਭ ਹੋ ਕੇ ਰਾਵਤਸਰ, ਸਰਦਾਰ ਸ਼ਹਿਰ, ਫ਼ਤਹਿਪੁਰ, ਲਕਸ਼ਮਨ ਨਗਰ, ਸੀਕਰ, ਗੋਵਿੰਦਗੜ੍ਹ ਤੋਂ ਹੁੰਦਾ ਹੋਇਆ ਗੁਰਦੁਆਰਾ ਰਾਜਾ ਪਾਰਕ ਵਿਸ਼ਾਲੀ ਨਗਰ ਜੈਪੁਰ (ਰਾਜਿਸਥਾਨ) ਵਿਖੇ ਪੁੱਜੇਗਾ।ਜਿਥੋਂ 11 ਮਾਰਚ ਨੂੰ ਨਗਰ ਕੀਰਤਨ ਵਾਇਆ ਟਾਂਕ, ਭਰਨੀ ਤੋਂ ਹੁੰਦਾ ਹੋਇਆ ਗੁਰਦੁਆਰਾ ਜਨਮ ਅਸਥਾਨ ਭਗਤ ਧੰਨਾ ਜੀ ਪਿੰਡ ਧੂੰਆਂ ਕਲਾਂ (ਰਾਜਿਸਥਾਨ) ਵਿਖੇ ਸੰਪੰਨ ਹੋਵੇਗਾ।
ਸ. ਬੇਦੀ ਨੇ ਕਿਹਾ ਕਿ ਭਗਤ ਧੰਨਾ ਜੀ ਦੇ 3 ਸ਼ਬਦ, ਜਿਨ੍ਹਾਂ ਵਿੱਚੋਂ 2 ਆਸਾ ਰਾਗ ਤੇ 1 ਧਨਾਸਰੀ ਰਾਗ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਹਨ।ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਮੁੱਖ ਕਾਰਜ ਹੱਥੀ ਕਿਰਤ ਕਰਨਾ ਤੇ ਇੱਕ ਰੱਬ ਦੀ ਪੂਜਾ ਨੂੰ ਪ੍ਰਮੁੱਖਤਾ ਦੇਣਾ ਸੀ।ਉਨ੍ਹਾਂ ਕਿਹਾ ਕਿ ਭਗਤ ਜੀ ਦੀ 6ਵੀਂ ਸ਼ਤਾਬਦੀ ਨੂੰ ਸਮਰਪਿਤ ਮੁੱਖ ਗੁਰਮਤਿ ਸਮਾਗਮ 11 ਤੋਂ 13 ਮਾਰਚ 2016 ਤੀਕ ਬਾਬਾ ਲੱਖਾ ਸਿੰਘ ਜੀ ਕਾਰ ਸੇਵਾ ਸਰਹਾਲੀ ਸਾਹਿਬ ਵੱਲੋਂ ਗੁਰਦੁਆਰਾ ਜਨਮ ਅਸਥਾਨ ਭਗਤ ਧੰਨਾ ਜੀ, ਪਿੰਡ ਧੂੰਆਂ ਕਲਾਂ, ਜ਼ਿਲ੍ਹਾ ਟਾਂਕ (ਰਾਜਿਸਥਾਨ) ਵਿਖੇ ਕਰਵਾਏ ਜਾ ਰਹੇ ਹਨ।ਉਨ੍ਹਾਂ ਸੰਗਤਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਪਰਿਵਾਰਾਂ ਸਮੇਤ ਨਗਰ ਕੀਰਤਨ ਅਤੇ ਗੁਰਮਤਿ ਸਮਾਗਮ ਵਿੱਚ ਹਾਜ਼ਰੀਆਂ ਭਰ ਕੇ ਗੁਰੂ-ਘਰ ਦੀਆਂ ਬਖਸ਼ਿਸ਼ਾਂ ਦੇ ਪਾਤਰ ਬਣਨ।

Check Also

ਡੀ.ਏ.ਵੀ ਪਬਲਿਕ ਸਕੂਲ ਵਿਖੇ ਲਿੰਗ ਸੰਵੇਦਨਸ਼ੀਲਤਾ ਵਰਕਸ਼ਾਪ ਦਾ ਆਯੋਜਨ

ਅੰਮ੍ਰਿਤਸਰ, 14 ਮਾਰਚ (ਜਗਦੀਪ ਸਿੰਘ) – ਆਰੀਆ ਰਤਨ ਡਾ. ਪੂਨਮ ਸੂਰੀ ਪਦਮ ਸ੍ਰੀ ਪੁਰਸਕਾਰ ਜੇਤੂ …

Leave a Reply