Tuesday, February 24, 2026

ਪਿੰਡ ਰਾਮਦਿਵਾਲੀ ਮੁਸਲਮਾਨਾਂ ਵਿਖੇ ਬੇਅਦਬੀ ਦੀ ਘਟਨਾ ਦੇ ਦੋਸ਼ੀਆਂ ਨੂੰ ਬਖਸ਼ਿਆ ਨਹੀਂ ਜਾਵੇਗਾ – ਮਜੀਠੀਆ

PPN1203201619

ਮੱਤੇਵਾਲ, 13 ਮਾਰਚ (ਪੰਜਾਬ ਪੋਸਟ ਬਿਊਰੋ)- ਮਾਲ ਤੇ ਲੋਕ ਸੰਪਰਕ ਮੰਤਰੀ ਸ: ਬਿਕਰਮ ਸਿੰਘ ਮਜੀਠੀਆ ਨੇ ਜ਼ਿਲ੍ਹਾ ਅੰਮ੍ਰਿਤਸਰ ਦੇ ਪਿੰਡ ਰਾਮਦਿਵਾਲੀ ਮੁਸਲਮਾਨਾਂ ਦੇ ਗੁਰਦਵਾਰਾ ਬਾਬਾ ਜੀਵਨ ਸਿੰਘ ਵਿਖੇ ਕੁੱਝ ਸ਼ਰਾਰਤੀ ਅਨਸਰਾਂ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੋ ਪਾਵਨ ਸਰੂਪਾਂ ਅਤੇ 10 ਗੁਟਕਾ ਸਾਹਿਬ ਆਦਿ ਨੂੰ ਅਗਨ ਭੇਟ ਕਰਨ ਦੀ ਹਿਰਦੇਵੇਧਕ ਘਟਨਾ ਦੀ ਸਖ਼ਤ ਸ਼ਬਦਾਂ ਨਾਲ ਨਿਖੇਧੀ ਕੀਤੀ ਹੈ।
ਪਿੰਡ ਰਾਮਦਿਵਾਲੀ ਵਿਖੇ ਘਟਨਾ ਸਥਲ ‘ਤੇ ਪਹੁੰਚੇ ਸ: ਮਜੀਠੀਆ ਨੇ ਕਿਹਾ ਕਿ ਬੇਅਦਬੀ ਦੀ ਘਟਨਾ ਨਾਲ ਸਿੱਖ ਭਾਈਚਾਰੇ ਦੇ ਹਿਰਦੇ ਵਲੂੰਧਰੇ ਗਏ ਹਨ । ਸਿੱਖ ਭਾਈਚਾਰੇ ਨੂੰ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਕਰਦਿਆਂ ਉਹਨਾਂ ਕਿਹਾ ਕਿ ਭਾਵੇਂ ਬੇਅਦਬੀ ਵਿੱਚ ਸ਼ਾਮਿਲ ਤਿੰਨ ਅਨਸਰਾਂ ਨੂੰ ਪਿੰਡ ਵਾਸੀਆਂ ਵੱਲੋਂ ਪੁਲੀਸ ਦੇ ਹਵਾਲੇ ਕਰਦਿਤਾ ਗਿਆ ਹੈ ਪਰ ਉਕਤ ਘਟਨਾ ਵਿੱਚ ਸ਼ਾਮਿਲ ਕਿਸੇ ਨੂੰ ਵੀ ਬਖਸ਼ਿਆ ਨਹੀਂ ਜਾਵੇਗਾ ਅਤੇ ਸਰਕਾਰ ਵੱਲੋਂ ਸਖ਼ਤ ਕਾਰਵਾਈ ਕਰਦਿਆਂ ਉਕਤ ਘਟਨਾ ਵਿੱਚ ਸ਼ਾਮਿਲ ਤਾਕਤਾਂ ਦਾ ਪਰਦਾਫਾਸ਼ ਕੀਤਾ ਜਾਵੇਗਾ।ਉਹਨਾਂ ਕਿਹਾ ਕਿ ਇਸ ਨਾਮੁਆਫੀਯੋਗ ਜੁਰਮ ਦੇ ਦੋਸ਼ੀਆਂ ਨੂੰ ਕਿਸੇ ਕੀਮਤ ‘ਤੇ ਬਖ਼ਸ਼ਿਆ ਨਹੀਂ ਜਾਵੇਗਾ ਅਤੇ ਉਨ੍ਹਾਂ ਨੂੰ ਮਿਸਾਲੀ ਸਜ਼ਾਵਾਂ ਦਿੱਤੀਆਂ ਜਾਣਗੀਆਂ।
ਜ਼ਿਕਰਯੋਗ ਹੈ ਕਿ ਸ: ਮਜੀਠੀਆ ਨੇ ਉਕਤ ਮੰਦਭਾਗੀ ਘਟਨਾ ਦੀ ਸੂਚਨਾ ਮਿਲਦਿਆਂ ਹੀ ਅੱਜ ਰੋਸ ਵੱਲੋਂ ਪੂਰਵ ਨਿਰਧਾਰਿਤ 66 ਕੇਵੀ ਸਬ ਸਟੇਸ਼ਨ ਮੱਤੇਵਾਲ ਦਾ ਉਦਘਾਟਨ ਅਤੇ ਪਿੰਡ ਭੀਲੋਵਾਲ ਵਿਖੇ ਕਰਾਏ ਜਾ ਰਹੇ ਸਭਿਆਚਾਰਕ ਪ੍ਰੋਗਰਾਮ ਰੱਦ ਕਰ ਦਿੱਤੇ ਸਨ।
ਸ: ਮਜੀਠੀਆ ਨੇ ਕਿਹਾ ਕਿ ਰਾਜ ਵਿੱਚ ਵਾਰ ਵਾਰ ਵਾਪਰ ਰਹੀਆਂ ਬੇਅਦਬੀ ਵਾਲੀਆਂ ਘਟਨਾਵਾਂ ਸੂਬੇ ਦੀ ਅਮਨ ਸ਼ਾਂਤੀ ਅਤੇ ਫਿਰਕੂ ਏਕਤਾ ਵਿੱਚ ਤਰੇੜਾਂ ਪਾਉਣ ਦੀਆਂ ਸਾਜ਼ਿਸ਼ਾਂ ਹਨ। ਜਿਨ੍ਹਾਂ ਪ੍ਰਤੀ ਸੁਚੇਤ ਰਹਿਣ ਦੀ ਲੋੜ ਹੈ। ਉਹਨਾਂ ਇਨ੍ਹਾਂ ਘਿਨੌਣੀਆਂ ਕਾਰਵਾਈਆਂ ‘ਤੇ ਡੂੰਘੇ ਅਫ਼ਸੋਸ ਦਾ ਇਜ਼ਹਾਰ ਕਰਦਿਆਂ ਕਿਹਾ ਕਿ ਕੁੱਝ ਮੁੱਠੀ ਭਰ ਸਮਾਜ ਵਿਰੋਧੀ ਤੱਤ ਮਨੁੱਖਤਾ ਵਿਰੁੱਧ ਬੱਜਰ ਗੁਨਾਹ ਕਰਦਿਆਂ ਸੂਬੇ ਦੀ ਭਾਈਚਾਰਕ ਸਾਂਝ ਨੂੰ ਢਾਹ ਲਾਉਣ ਲਈ ਦੀਆਂ ਸਾਜ਼ਿਸ਼ਾਂ ਕਰ ਰਹੇ ਹਨ। ਉਹਨਾਂ ਕਿਹਾ ਕਿ ਪੰਜਾਬ ਵਾਸੀਆਂ ਦੀ ਸਰਗਰਮ ਮਦਦ ਅਤੇ ਸਹਿਯੋਗ ਨਾਲ ਹੀ ਅਜਿਹੇ ਘਿਨੌਣੇ ਕਾਰਨਾਮਿਆਂ ਲਈ ਜ਼ਿੰਮੇਵਾਰ ਲੋਕਾਂ ਦਾ ਪਰਦਾਫਾਸ਼ ਕੀਤਾ ਜਾ ਸਕਦਾ ਹੈ। ਉਹਨਾਂ ਫੁੱਟ ਪਾਉਣ ਵਾਲੀਆਂ ਤਾਕਤਾਂ ਨੂੰ ਮੂੰਹ ਤੋੜ ਜਵਾਬ ਦੇਣ ਦਾ ਸੱਦਾ ਦਿੱਤਾ ਅਤੇ ਆਖਿਆ ਕਿ ਪੰਜਾਬੀਆਂ ਨੇ ਹਮੇਸ਼ਾ ਭਾਈਚਾਰਕ ਸਾਂਝ ਅਤੇ ਸ਼ਾਂਤੀ ਨੂੰ ਕਾਇਮ ਰੱਖਿਆ ਹੈ ।

Check Also

ਖਾਲਸਾ ਕਾਲਜ ਦੇ 119ਵੇਂ ਕਨਵੋਕੇਸ਼ਨ ਦੌਰਾਨ 1430 ਵਿਦਿਆਰਥੀਆਂ ਨੂੰ ਵੰਡੀਆਂ ਡਿਗਰੀਆਂ

ਅੰਮ੍ਰਿਤਸਰ, 23 ਫਰਵਰੀ (ਸੁਖਬੀਰ ਸਿੰਘ ਖੁਰਮਣੀਆਂ ) – ਹਰੇਕ ਵਿਦਿਆਰਥੀ ਦੀ ਜ਼ਿੰਦਗੀ ’ਚ ਡਿਗਰੀ ਵੰਡ …

Leave a Reply