
ਫਾਜ਼ਿਲਕਾ, 15 ਮਾਰਚ (ਵਨੀਤ ਅਰੋੜਾ)- ਸਿਰ ਤੇ ਮੈਲਾ ਢੋਣ ਦੀ ਪ੍ਰਥਾ ਦੇ ਦੇਸ਼ ਵਿਚੋਂ ਮੁਕੰਮਲ ਖਾਤਮੇ ਲਈ ਬਣੇ ਕਾਨੂੰਨ ਤਹਿਤ ਗਠਿਤ ਜ਼ਿਲ੍ਹਾ ਪੱਧਰੀ ਚੌਕਸੀ ਕਮੇਟੀ ਦੀ ਬੈਠਕ ਅੱਜ ਇੱਥੇ ਡਿਪਟੀ ਕਮਿਸ਼ਨਰ ਸ੍ਰੀਮਤੀ ਈਸ਼ਾ ਕਾਲੀਆ ਆਈ.ਏ.ਐਸ. ਦੀ ਪ੍ਰਧਾਨਗੀ ਹੇਠ ਹੋਈ। ਇਸ ਮੌਕੇ ਉਨ੍ਹਾਂ ਨੇ ਬੈਠਕ ਦੀ ਪ੍ਰਧਾਨਗੀ ਕਰਦਿਆਂ ਕਿਹਾ ਕਿ ਸਫਾਈ ਕਾਰਜਾਂ ਵਿਚ ਲੱਗੇ ਕਾਮਿਆਂ ਨੂੰ ਸਰਕਾਰ ਦੀਆਂ ਸਮਾਜ ਭਲਾਈ ਦੀਆਂ ਸਕੀਮਾਂ ਦਾ ਵੱਧ ਤੋਂ ਵੱਧ ਲਾਭ ਦੇਣ ਦੇ ਯਤਨ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਜ਼ਿਲ੍ਹਾਂ ਪ੍ਰਸਾਸ਼ਨ ਵੱਲੋਂ ਸਫਾਈ ਕਾਰਜਾਂ ਵਿਚ ਲੱਗੇ ਕਰਮਚਾਰੀਆਂ ਦੇ ਬੱਚਿਆਂ ਦੀ ਸਿੱਖਿਆ, ਹੁਨਰ ਸਿਖਲਾਈ ਤੇ ਵਿਸੇਸ਼ ਤਵੱਜੋਂ ਦਿੱਤੀ ਜਾਵੇਗੀ। ਉਨ੍ਹਾਂ ਨੇ ਜ਼ਿਲ੍ਹਾ ਭਲਾਈ ਵਿਭਾਗ ਨੂੰ ਕਿਹਾ ਕਿ ਉਹ ਲੀਡ ਬੈਂਕ ਦੇ ਸਹਿਯੋਗ ਨਾਲ ਨਗਰ ਕੌਂਸਲਾਂ ਦੇ ਕਰਮਚਾਰੀਆਂ ਨੂੰ ਸਰਕਾਰ ਦੀਆਂ ਵਿੱਤੀ ਅਤੇ ਬੀਮਾ ਸਕੀਮਾਂ ਦੀ ਜਾਣਕਾਰੀ ਦੇਣ ਲਈ ਕਿਸੇ ਕੈਂਪ ਦਾ ਆਯੋਜਨ ਕਰਨ ਤਾਂ ਜੋ ਇਸ ਵਰਗ ਦੇ ਨੌਜਵਾਨਾਂ ਨੂੰ ਕੋਈ ਸਵੈ ਰੁਜਗਾਰ ਸ਼ੁਰੂ ਕਰਨ ਵਿਚ ਸਹਾਇਤਾ ਕੀਤੀ ਜਾ ਸਕੇ। ਇਸੇ ਤਰਾਂ ਹੀ ਸਰਕਾਰ ਦੀਆਂ ਲੋਕ ਭਲਾਈ ਦੀਆਂ ਸਕੀਮਾਂ ਜਿਵੇਂ ਆਟਾ ਦਾਲ ਸਕੀਮ, ਭਗਤ ਪੂਰਨ ਸਿੰਘ ਸਿਹਤ ਬੀਮਾ ਯੋਜਨਾ, ਸ਼ਗਨ ਸਕੀਮ ਅਤੇ ਪ੍ਰੀ ਅਤੇ ਪੋਸਟ ਮੈਟ੍ਰਿਕ ਸ਼ਕਾਲਰਸ਼ਿਪ ਸਕੀਮਾਂ ਦਾ ਵੀ ਇੰਨ੍ਹਾਂ ਨੂੰ ਵੱਧ ਤੋਂ ਵੱਧ ਲਾਭ ਦਿੱਤਾ ਜਾਵੇਗਾ।
ਇਸ ਮੌਕੇ ਜ਼ਿਲ੍ਹਾ ਭਲਾਈ ਅਫ਼ਸਰ ਸ: ਜਗਸੀਰ ਸਿੰਘ ਨੇ ਦੱਸਿਆ ਕਿ ਪ੍ਰਾਪਤ ਰਿਪੋਟਾਂ ਅਨੁਸਾਰ ਜ਼ਿਲ੍ਹੇ ਵਿਚ ਸਿਰ ਤੇ ਮੈਲਾ ਢੋਣ ਦੀ ਪ੍ਰਥਾ ਦਾ ਅੰਤ ਹੋ ਚੁੱਕਾ ਹੈ। ਉਨ੍ਹਾਂ ਨੇ ਕਿਹਾ ਕਿ ਜੋ ਲੋਕ ਪਹਿਲਾਂ ਇਸ ਕਾਰਜ ਨਾਲ ਜੁੜੇ ਰਹੇ ਹਨ ਉਨ੍ਹਾਂ ਦੇ ਪੁਨਰਵਾਸ ਦੇ ਯਤਨ ਕੀਤੇ ਜਾਣਗੇ। ਬੈਠਕ ਵਿਚ ਹੋਰਨਾਂ ਤੋਂ ਇਲਾਵਾ ਡੀ. ਐਸ. ਪੀ. ਐਚ ਸ: ਜਸਮੀਤ ਸਿੰਘ, ਤਹਸੀਲ ਭਲਾਈ ਅਫ਼ਸਰ ਸ੍ਰੀ ਅਸ਼ੋਕ ਕੁਮਾਰ, ਸ੍ਰੀ ਅਰੁਣ ਵਧਵਾ ਕੌਂਸ਼ਲਰ, ਸ੍ਰੀ ਪ੍ਰੇਮ ਕੁਮਾਰ, ਸ: ਰਣਜੀਤ ਸਿੰਘ ਰਾਣਾ ਆਦਿ ਵੀ ਹਾਜਰ ਸਨ।
Punjab Post Daily Online Newspaper & Print Media