
ਅੰਮ੍ਰਿਤਸਰ, 16 ਮਾਰਚ (ਜਗਦੀਪ ਸਿੰਘ ਸੱਗੂ) – ਕਲਾਕਾਰ ਨੂੰ ਆਪਣੀ ਕਲਾ ਲਈ ਕਿਸੇ ਦਾ ਮੁਥਾਜ਼ ਹੋਣ ਦੀ ਜਰੂਰਤ ਨਹੀਂ ਪੈਂਦੀ। ਕਿਉਂਕਿ ਉਸਦੀ ਕਲਾ ਵਿੱਚ ਅਜਿਹੀ ਖਿੱਚ ਹੁੰਦੀ ਹੈ ਕਿ ਉਹ ਹਰ ਕਿਸੇ ਨੂੰ ਆਪਣੇ ਵੱਲ ਖਿੱਚਣ ਲਈ ਮਜ਼ਬੂਰ ਕਰ ਦਿੰਦੀ ਹੈ। ਇਹ ਵਿਚਾਰ ਅੱਜ ਇੰਡੀਅਨ ਅਕੈਡਮੀ ਆਫ਼ ਫਾਈਨ ਆਰਟ ਵਿਖੇ ਲਲਿਤ ਕਲਾ ਅਕੈਡਮੀ, ਨਿਊ ਦਿੱਲੀ ਦੇ ਸਹਿਯੋਗ ਨਾਲ ਕਰਾਈ ਗਈ 5 ਰੋਜ਼ਾ ‘ਨੈਸ਼ਨਲ ਆਰਟਿਸਟ ਕੈਂਪ-2016’ ਦੇ ਸੰਪੰਨ ਮੌਕੇ ਆਰਟ ਗੈਲਰੀ ਪ੍ਰਧਾਨ ਸ: ਰਜਿੰਦਰ ਮੋਹਨ ਸਿੰਘ ਛੀਨਾ ਨੇ ਪ੍ਰਗਟ ਕੀਤੇ। 12 ਤੋਂ 16 ਮਾਰਚ ਤੱਕ ਚੱਲੇ ਵਾਲੇ ਇਸ ਕੈਂਪ ਵਿੱਚ ਦੇਸ਼ ਭਰ ਤੋਂ 12 ਅਤੇ ਜ਼ਿਲ੍ਹੇ ਨਾਲ ਸਬੰਧਿਤ 8 ਕਲਾਕਾਰਾਂ ਨੇ ਆਪਣੀਆਂ ਭਾਵਨਾਵਾਂ ਨੂੰ ਚਿੱਤਰਕਾਰੀ ਦੀ ਕਲਾ ਨਾਲ ਜਗ-ਜਾਹਿਰ ਕੀਤਾ।
ਉਨ੍ਹਾਂ ਇਸ ਮੌਕੇ ਫਿਰ ਕੇਂਦਰ ਅਤੇ ਸੂਬਾ ਸਰਕਾਰ ਨੂੰ ਅਪੀਲ ਕਰਦਿਆਂ ਕਿਹਾ ਕਿ ਕਲਾ ਨੂੰ ਜੀਵਤ ਤਾਂ ਹੀ ਰੱਖਿਆ ਜਾ ਸਕਦਾ ਹੈ ਕਿ ਜੇਕਰ ਕਲਾਕਾਰ ਨੂੰ ਉਨ੍ਹਾਂ ਦੀ ਕਾਬਲੀਅਤ ‘ਤੇ ਸਮੇਂ-ਸਮੇਂ ਉਤਸ਼ਾਹਿਤ ਕਰਦਿਆਂ ਉਚਿੱਤ ਸਹੂਲਤਾਂ ਮੁਹੱਈਆ ਕਰਵਾਈਆਂ ਜਾਣ। ਸਰਕਾਰਾਂ ਵੱਲੋਂ ਕਲਾਕਾਰਾਂ ਨੂੰ ਕੀਤੇ ਨਜ਼ਰਅੰਦਾਜੀ ਸਦਕਾ ਅੱਜ ਕਲਾ ਨੂੰ ਉਨ੍ਹਾਂ ਹੁੰਗਾਰਾ ਨਹੀਂ ਮਿਲ ਰਿਹਾ ਜਿਨ੍ਹਾਂ ਮਿਲਣਾ ਚਾਹੀਦਾ ਹੈ। ਜਿਸ ਨਾਲ ਹੁਣ ਸਮੂਹ ਆਰਟ ਗੈਲਰੀਆਂ ਵਿੱਚ ਸਨਾਟਾ ਫੈਲਣਾ ਸ਼ੁਰੂ ਹੋ ਗਿਆ ਹੈ। ਸ: ਛੀਨਾ ਨੇ ਕਿਹਾ ਕਿ ਆਰਟ ਗੈਲਰੀ ਪਿਛਲੇ ਲੰਮੇਂ ਸਮੇਂ ਕਲਾ ਅਤੇ ਕਲਾਕਾਰਾਂ ਨੂੰ ਉਤਸ਼ਾਹਿਤ ਕਰਨ ਲਈ ਵੱਖ-ਵੱਖ ਕਲਾਕਾਰਾਂ ਨੂੰ ਲੋਕਾਂ ਦੇ ਰੁਬਰੂ ਕੀਤੇ ਜਾਣ ਦਾ ਨਿਮਾਣਾ ਜਿਹਾ ਹੀਲਾ ਕੀਤਾ ਜਾਂਦਾ ਰਿਹਾ ਹੈ ਅਤੇ ਅੱਜ ਵੀ ਆਯੋਜਿਤ ਕੀਤੇ ਉਕਤ ਕੈਂਪ ਵਿੱਚ ਪੇਟਿੰਗ ਕਲਾਕਾਰਾਂ ਨੂੰ ਵੇਖਣ ਦਾ ਵੱਡਾ ਹਜ਼ੂਮ ਰੋਜਾਨਾ ਆ ਰਿਹਾ ਹੈ, ਜਿਸ ‘ਤੇ ਕਲਾਕਾਰਾਂ ਦਾ ਜੋਸ਼ ਦੁਗਣਾ ਹੋਇਆ ਹੈ। ਪਰ ਬੜੇ ਹੀ ਅਫ਼ਸੋਸ ਨਾਲ ਕਹਿਣਾ ਪੈ ਰਿਹਾ ਹੈ ਕਿ ਅਜੋਕੇ ਸਮੇਂ ਵਿੱਚ ਆਰਟ ਗੈਲਰੀਆਂ ਦਾ ਹੱਥ ਫੜ੍ਹਣ ਲਈ ਕੋਈ ਵੀ ਸਰਕਾਰ ਅਗਾਂਹ ਕਦਮ ਨਹੀਂ ਵਧਾ ਰਹੀ ਹੈ, ਜਿਸ ਨਾਲ ਕਲਾਕਾਰਾਂ ਦੇ ਮਨਾਂ ਵਿੱਚ ਕਲਾ ਪ੍ਰਤੀ ਮਾਯੂਸੀ ਪੈਦਾ ਹੋ ਗਈ ਹੈ।
ਕੈਂਪ ਦੌਰਾਨ ਲਲਿਤ ਕਲਾ ਅਕੈਡਮੀ ਵੱਲੋਂ 20 ਕਲਾਕਾਰਾਂ ਦੇ ਅਕਾਊਂਟ ਜਿਨ੍ਹਾਂ ਵਿੱਚ ਸ੍ਰੀ ਹਰੀਸ਼ ਸ੍ਰੀਵਾਸਤਵ (ਦਿੱਲੀ), ਸ੍ਰੀ ਜੀ. ਵਾਈ ਗਿਰੀ (ਹੈਦਰਾਬਾਦ), ਸ੍ਰੀ ਖੁਸ਼ੀ ਰਾਮ ਜੌਹਰੀ, ਸ੍ਰੀ ਸੀਰਾਜ ਸੈਕਸੇਨਾ ਅਤੇ ਸ੍ਰੀ ਸ਼ਿਆਮ ਸ਼ਰਮਾ (ਗਾਜ਼ਿਆਬਾਦ), ਸ੍ਰੀ ਰਾਮ ਜੀ. ਡੋਂਗਰੇ (ਭੋਪਾਲ), ਸ੍ਰੀ ਐੱਲ. ਐੱਨ. ਰਾਣਾ (ਦਿੱਲੀ), ਸ੍ਰੀਮਤੀ ਚਿੱਤਰਾ ਸਿੰਘ ਅਤੇ ਸ੍ਰੀ ਲਲਿਤ ਪੰਤ (ਨੋਇਡਾ) ਅਤੇ ਡਾ. ਅਨੁਪਮ ਭਟਨਾਗਰ (ਅਜ਼ਮੇਰ), ਮੈਡਮ ਨੀਲਮਾ ਵਰਮਾ ਅਤੇ ਡਾ. ਗੁਰਜੀਤ ਢਿੱਲੋਂ (ਨਿਊ ਦਿੱਲੀ) ਅਤੇੇ ਅੰਮ੍ਰਿਤਸਰ ਦੇ ਸ: ਕੁਲਵੰਤ ਸਿੰਘ, ਸ: ਭੁਪਿੰਦਰ ਸਿੰਘ ਨੰਦਾ, ਸ੍ਰੀ ਗੋਪਾਲ ਕਰੋਧੀਵਾਲ, ਸ: ਸੁਖਪਾਲ ਸਿੰਘ, ਸ: ਰਵਿੰਦਰ ਢਿੱਲੋਂ, ਸ੍ਰੀ ਧਰਮਿੰਦਰ ਸ਼ਰਮਾ, ਸ੍ਰੀ ਅਤੁਲ ਮਹਿਰਾ ਅਤੇ ਸ੍ਰੀ ਕਮਲੇਸ਼ ਕੇ. ਗਾਂਧੀ ਸ਼ਾਮਿਲ ਸਨ, ਦੀ ਕਲਾ ਨੂੰ ਉਤਸ਼ਾਹਿਤ ਕਰਦਿਆਂ 20-20 ਹਜ਼ਾਰ ਦੇ ਚੈੱਕ ਜਾਰੀ ਕੀਤੇ ਗਏ ਅਤੇ ਸ: ਛੀਨਾ ਨੇ ਹਰੇਕ ਕਲਾਕਾਰ ਨੂੰ ਸਰਟੀਫ਼ਿਕੇਟ ਵੀ ਤਕਸੀਮ ਕੀਤੇ। ਇਸ ਕੈਂਪ ਦੌਰਾਨ ਸ: ਛੀਨਾ ਵੱਲੋਂ ਸ: ਧਰਮ ਸਿੰਘ ਇੰਜੀਨੀਅਰ ਐਡੀਟੋਰੀਅਮ ਵਿਖੇ ਦਿਸ਼ਾ ਗਰੁੱਪ ਵੱਲੋਂ ਪੇਸ਼ ਕੀਤੇ ਗਏ ਨਾਟਕ ‘ਗਜ਼ਬ ਚੋਰ ਕੀ ਅਜਬ ਪਹੇਲੀ’ ਅਤੇ ਕਲਾਸੀਕਲ ਮਿਊਜ਼ਿਕ ਪੇਸ਼ ਕਰਨ ਵਾਲੇ ਕਲਾਕਾਰਾਂ ਨੂੰ ਸਨਮਾਨਿਤ ਵੀ ਕੀਤਾ ਗਿਆ। ਇਸ ਮੌਕੇ ਸ: ਛੀਨਾ ਨੇ ਕਿਹਾ ਕਿ ਕੈਂਪ ਵੇਲੇ ਕਲਾਕਾਰਾਂ ਦੁਆਰਾ ਤਿਆਰ ਕੀਤੀ ਗਈ ਪੇਟਿੰਗ ਦੀ ਬਹੁਤ ਜਲਦ ਆਰਟ ਗੈਲਰੀ ਵਿਖੇ ਪ੍ਰਦਰਸ਼ਨੀ ਲਗਾ ਕੇ ਲੋਕਾਂ ਦੇ ਸਨਮੁੱਖ ਕੀਤਾ ਜਾਵੇਗਾ। 5 ਰੋਜ਼ਾ ਚਲੇ ਇਸ ਕੈਂਪ ਪ੍ਰਤੀ ਲੋਕਾਂ ਦਾ ਕਾਫ਼ੀ ਉਤਸ਼ਾਹ ਵੇਖਣ ਨੂੰ ਮਿਲਿਆ ਅਤੇ ਅਜਿਹੇ ਕੈਂਪਾਂ ਦੇ ਆਯੋਜਨਾਂ ਲਈ ਉਨ੍ਹਾਂ ਉਮੀਦ ਵੀ ਜਾਹਿਰ ਕੀਤੀ। ਇਸ ਮੌਕੇ ਸ: ਮਹਿੰਦਰਜੀਤ ਸਿੰਘ ਚੇਅਰਮੈਨ ਆਰਟ ਗੈਲਰੀ, ਡਾ. ਪੀ. ਐੱਸ ਗਰੋਵਰ ਆਨਰੇਰੀ ਜਨਰਲ ਸਕੱਤਰ, ਸ: ਸ਼ਿਵਦੇਵ ਸਿੰਘ ਮੀਤ ਪ੍ਰਧਾਨ, ਸ: ਜਤਿੰਦਰ ਬਰਾੜ, ਓ. ਪੀ. ਵਰਮਾ ਸਕੱਤਰ ਵਿਜ਼ਵਲ ਆਰਟ, ਬੀਬੀ ਗੁਰਮੀਤ ਕੌਰ, ਸਰਲਾ ਬੱਬਰ, ਸ੍ਰੀ ਨਰਿੰਦਰ ਨਾਥ ਕਪੂਰ, ਵੀਰ ਸਿੰਘ ਰੰਧਾਵਾ ਆਦਿ ਵੀ ਮੌਜ਼ੂਦ ਸਨ।
Punjab Post Daily Online Newspaper & Print Media