Thursday, March 19, 2026

ਫਾਜ਼ਿਲਕਾ ਜ਼ਿਲ੍ਹੇ ‘ਚ ਸ਼ਗਨ ਸਕੀਮ ਤਹਿਤ ਦੋ ਸਾਲਾਂ ਵਿਚ 6267 ਲਾਭਪਾਤਰੀਆਂ ਨੂੰ 9 ਕਰੋੜ ਵੰਡੇ- ਡਿਪਟੀ ਕਮਿਸ਼ਨਰ

PPN1603201611

ਫਾਜ਼ਿਲਕਾ, 16 ਮਾਰਚ (ਵਨੀਤ ਅਰੋੜਾ) – ਪੰਜਾਬ ਸਰਕਾਰ ਵੱਲੋ ਗਰੀਬ ਅਤੇ ਲੋੜਵੰਦ ਪਰਿਵਾਰਾਂ ਦੀਆਂ ਲੜਕੀਆਂ ਦੇ ਵਿਆਹ ਮੌਕੇ ਸ਼ਗਨ ਦੇ ਰੂਪ ਵਿਚ ਦਿੱਤੀ ਜਾਣ ਵਾਲੀ ਆਰਥਿਕ ਸਹਾਇਤਾ ਜ਼ਿਲ੍ਹੇ ਦੇ ਲਾਭਪਾਤਰੀਆਂ ਲਈ ਆਰਥਿਕ ਤੌਰ ਤੇ ਵੱਡਾ ਸਹਾਰਾ ਬਣੀ ਹੋਈ ਹੈ ਅਤੇ ਹਰ ਮਹੀਨੇ ਸੈਂਕੜੇ ਲਾਭਪਾਤਰੀ ਸਰਕਾਰ ਦੀ ਇਸ ਸਕੀਮ ਦਾ ਲਾਭ ਉਠਾ ਰਹੇ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆ ਡਿਪਟੀ ਕਮਿਸ਼ਨਰ ਸ਼੍ਰੀਮਤੀ ਈਸ਼ਾ ਕਾਲੀਆ ਆਈ.ਏ. ਐਸ. ਨੇ ਦੱਸਿਆ ਕਿ ਸ਼ਗਨ ਸਕੀਮ ਤਹਿਤ ਸਾਲ 2014 ਤੋਂ ਹੁਣ ਤੱਕ ਜ਼ਿਲ੍ਹੇ ਦੇ 6267 ਗਰੀਬ ਪਰਿਵਾਰਾਂ ਦੀਆਂ ਲੜਕੀਆਂ ਨੂੰ 9 ਕਰੋੜ 40 ਲੱਖ 15000 ਰੁਪਏ ਦੀ ਰਾਸ਼ੀ ਜਾਰੀ ਕੀਤੀ ਜਾ ਚੁੱਕੀ ਹੈ।
ਡਿਪਟੀ ਕਮਿਸ਼ਨਰ ਸ਼੍ਰੀਮਤੀ ਈਸ਼ਾ ਕਾਲੀਆ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋ ਗ਼ਰੀਬ ਪਰਿਵਾਰਾਂ ਦੀਆਂ ਲੜਕੀਆਂ ਨੂੰ ਸ਼ਗਨ ਸਕੀਮ ਤਹਿਤ ਉਹਨਾਂ ਦੇ ਵਿਆਹ ਮੌਕੇ 15000/- ਰੁਪਏ ਸ਼ਗਨ ਵੱਜੋਂ ਦਿੱਤੇ ਜਾ ਰਹੇ ਹਨ। ਜਿਸ ਨਾਲ ਗਰੀਬ ਪਰਿਵਾਰਾਂ ਦੀਆਂ ਲੜਕੀਆਂ ਦੇ ਵਿਆਹ ਮੌਕੇ ਉਨ੍ਹਾਂ ਦੇ ਮਾਪਿਆਂ ਦੀ ਆਰਥਿਕ ਰੂਪ ਵਿਚ ਸਹਾਇਤਾ ਹੁੰਦੀ ਹੈ। ਉਨ੍ਹਾਂ ਦੱਸਿਆ ਕਿ ਸ਼ਗਨ ਸਕੀਮ ਦਾ ਲਾਭ ਇੱਕ ਹੀ ਪਰਿਵਾਰ ਦੀਆਂ 2 ਲੜਕੀਆਂ ਨੂੰ ਦਿੱਤਾ ਜਾਂਦਾ ਹੈ। ਇਸ ਸਕੀਮ ਦਾ ਲਾਭ ਹਰ ਜਾਤੀ ਦੇ ਲੋੜਵੰਦ ਪਰਿਵਾਰਾਂ ਨੂੰ ਦਿੱਤਾ ਜਾਂਦਾ ਹੈ ਜੋ ਪੰਜਾਬ ਰਾਜ ਦਾ ਵਸਨੀਕ ਹੋਵੇ ਅਤੇ ਜਿੰਨ੍ਹਾਂ ਦੀ ਸਾਲਾਨਾ ਆਮਦਨ 32790 ਰੁਪਏ ਤੋਂ ਘੱਟ ਹੋਵੇ। ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਭਲਾਈ ਅਫ਼ਸਰ ਸ.ਜਗਸੀਰ ਸਿੰਘ ਸਿੱਧੂ ਨੇ ਦੱਸਿਆ ਕਿ ਇਸ ਸਕੀਮ ਤਹਿਤ 1 ਅਪ੍ਰੈਲ 2014 ਤੋਂ 3588 ਯੋਗਲਾਭਪਾਤਰੀਆਂ ਦੀਆਂ ਲੜਕੀਆਂ ਨੂੰ 5,38,20,000 ਰੁਪਏ ਦੀ ਰਾਸ਼ੀ ਦੀ ਵੰਡ ਕੀਤੀ ਗਈ ਸੀ। ਇਸ ਤਰ੍ਹਾਂ ਹੀ 1 ਅਪ੍ਰੈਲ 2015 ਤੋਂ 29 ਫਰਵਰੀ 2016 ਤੱਕ 2679 ਲਾਭਪਾਤਰੀਆਂ ਨੂੰ 4, 01,85,000 ਰੁਪਏ ਦੀ ਰਾਸ਼ੀ ਲਾਭਪਾਤਰੀਆਂ ਨੂੰ ਪੁੱਜਦੀ ਕਰ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਸ਼ਗਨ ਸਕੀਮ ਤਹਿਤ ਮਹੀਨਾ ਜਨਵਰੀ 2016 ਦੇ ਬੀ.ਸੀ. ਕਾਸਟ ਦੇ 74 ਕੇਸ ਅਤੇ ਮਹੀਨਾ ਫਰਵਰੀ 2016 ਦੇ 587 ਕੇਸ ਮੁੱਖ ਦਫ਼ਤਰ ਚੰਡੀਗੜ੍ਹ ਨੂੰ ਭੇਜੇ ਗਏ ਹਨ।
ਉਨ੍ਹਾਂ ਅੱਗੇ ਦੱਸਿਆ ਕਿ ਸ਼ਗਨ ਸਕੀਮ ਦਾ ਲਾਭ ਲੈਣ ਲਈ ਲੋੜਵੰਦ ਪਰਿਵਾਰਾਂ ਵੱਲੋਂ ਆਪਣੀ ਲੜਕੀ ਦੇ ਵਿਆਹ ਤੋਂ ਇੱਕ ਮਹੀਨਾ ਪਹਿਲਾਂ ਅਤੇ ਵਿਆਹ ਤੋਂ 30 ਦਿਨਾਂ ਦੇ ਅੰਦਰ-ਅੰਦਰ ਆਪਣੇ ਲੋੜੀਂਦੇ ਕਾਗਜਾਤ ਮੁਕੰਮਲ ਕਰਕੇ ਦਰਖਾਸਤ ਦਫ਼ਤਰ ਜ਼ਿਲ੍ਹਾ ਭਲਾਈ ਅਫ਼ਸਰ ਵਿਖੇ ਦੇਣੀ ਲਾਜ਼ਮੀ ਹੈ। ਜਿਸ ਉਪਰੰਤ ਵਿਭਾਗ ਵੱਲੋ ਵਿਭਾਗੀ ਕਾਰਵਾਈ ਕਰਦਿਆਂ ਅਗਲੇਰੀ ਕਾਰਵਾਈ ਹਿੱਤ ਡਾਇਰੈਕਟਰ ਭਲਾਈ ਵਿਭਾਗ ਪੰਜਾਬ ਚੰਡੀਗੜ੍ਹ ਪਾਸ ਭੇਜੀ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਹੁਣ ਲਾਭਪਾਤਰੀਆਂ ਨੂੰ ਰਾਸ਼ੀ ਦੀ ਵੰਡ ਪੰਚਾਇਤਾਂ ਰਾਹੀਂ ਕੀਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਪੰਚਾਇਤਾਂ ਰਾਹੀਂ ਸ਼ਗਨ ਸਕੀਮ ਦੀ ਵੰਡ ਹੋਣ ਨਾਲ ਲਾਭਪਾਤਰੀ ਨੂੰ ਘਰ ਬੈਠੇ ਹੀ ਸ਼ਗਨ ਦੀ ਰਕਮ ਮਿਲ ਜਾਵੇਗੀ।

Check Also

ਅਧਿਆਪਕਾਂ ਦੀ ਇਕ ਰੋਜ਼ਾ ਬਲਾਕ ਪੱਧਰੀ ਜਾਦੂਈ ਪਿਟਾਰਾ ਅਤੇ ਐਚ.ਪੀ.ਸੀ ਵਰਕਸ਼ਾਪ ਆਯੋਜਿਤ

ਅੰਮ੍ਰਿਤਸਰ, 18 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਸਕੂੂਲ ਸਿੱਖਿਆ ਵਿਭਾਗ ਪੰਜਾਬ ਵਲੋਂ ਰਾਜ ਵਿਦਿਅਕ ਖੋਜ਼ …

Leave a Reply