
ਫਾਜ਼ਿਲਕਾ, 16 ਮਾਰਚ (ਵਨੀਤ ਅਰੋੜਾ) – ਫਾਜ਼ਿਲਕਾ ਦੇ ਡਿਪਟੀ ਕਮਿਸ਼ਨਰ ਸ੍ਰੀਮਤੀ ਈਸ਼ਾ ਕਾਲੀਆ ਆਈ.ਏ.ਐਸ. ਨੇ ਅੱਜ ਇੱਥੇ ਜ਼ਿਲ੍ਹੇ ਦੀਆਂ ਵੱਖ ਵੱਖ ਗੈਰ-ਸਰਕਾਰੀ ਸਮਾਜਿਕ ਸੰਸਥਾਵਾਂ ਦੇ ਪ੍ਰਤੀਨਿਧੀਆਂ ਅਤੇ ਸੀਨਿਅਰ ਸਿਟੀਜ਼ਨ ਨਾਲ ਬੈਠਕ ਕਰਕੇ ਉਨ੍ਹਾਂ ਨਾਲ ਜ਼ਿਲ੍ਹਾ ਫਾਜ਼ਿਲਕਾ ਦੀ ਬਿਹਤਰੀ ਲਈ ਚਰਚਾ ਕੀਤੀ। ਇਸ ਮੌਕੇ ਉਨ੍ਹਾਂ ਨੇ ਸਮਾਜ ਸੇਵੀ ਸੰਸਥਾਵਾਂ ਨੂੰ ਸਰਕਾਰ ਵੱਲੋਂ ਜ਼ਿਲ੍ਹੇ ਵਿਚ ਕੀਤੇ ਜਾ ਰਹੇ ਕਾਰਜਾਂ ਬਾਰੇ ਵੀ ਜਾਣਕਾਰੀ ਦਿੱਤੀ ਅਤੇ ਸਮਾਜਿਕ ਸਰੋਕਾਰਾਂ ਨਾਲ ਜੁੜੇ ਕਾਰਜਾਂ ਵਿਚ ਸਹਿਯੋਗ ਲਈ ਵੀ ਸਮਾਜ ਸੇਵੀ ਸੰਸਥਾਵਾਂ ਨੂੰ ਅਪੀਲ ਕੀਤੀ।
ਇਸ ਮੌਕੇ ਡਿਪਟੀ ਕਮਿਸ਼ਨਰ ਸ੍ਰੀਮਤੀ ਈਸ਼ਾ ਕਾਲੀਆ ਨੇ ਦੱਸਿਆ ਕਿ ਸਰਕਾਰ ਵੱਲੋਂ ਫਾਜ਼ਿਲਕਾ ਜ਼ਿਲ੍ਹੇ ਵਿਚ ਬੇਸਹਾਰਾ ਜਾਨਵਰਾਂ ਦੀ ਸਮੱਸਿਆ ਦੇ ਹੱਲ ਲਈ ਇਕ ਗਊਸ਼ਾਲਾ ਬਣਾਈ ਜਾ ਰਹੀ ਹੈ ਜਿੱਥੇ ਇੰਨ੍ਹਾਂ ਜਾਨਵਰਾਂ ਨੂੰ ਰੱਖਿਆ ਜਾਵੇਗਾ। ਇਸ ਗਊਸ਼ਾਲਾ ਨੂੰ ਚਲਾਉਣ ਲਈ ਜ਼ਿਲ੍ਹਾ ਪੱਧਰੀ ਜਾਨਵਰ ਭਲਾਈ ਸੁਸਾਇਟੀ ਦੀ ਗਠਨ ਕੀਤਾ ਗਿਆ ਹੈ। ਇਸ ਦੇ ਸ਼ੁਰੂ ਹੋਣ ਨਾਲ ਜ਼ਿਲ੍ਹੇ ਵਿਚ ਅਵਾਰਾ ਜਾਨਵਰਾਂ ਦੀ ਸਮੱਸਿਆ ਦਾ ਕਾਫੀ ਹੱਦ ਤੱਕ ਹੱਲ ਹੋ ਜਾਵੇਗਾ। ਇਸੇ ਹੀ ਤਰਾਂ ਸੂਬਾ ਸਰਕਾਰ ਵੱਲੋਂ ਫਾਜ਼ਿਲਕਾ ਜ਼ਿਲ੍ਹੇ ਵਿਚ ਇਕ 50 ਬਿਸਤਰਿਆਂ ਦਾ ਪੂਨਰਵਾਸ ਕੇਂਦਰ ਦੀ ਸਥਾਪਨਾ ਕੀਤੀ ਗਈ ਹੈ। ਉਨ੍ਹਾਂ ਨੇ ਦੱਸਿਆ ਕਿ ਇਸ ਕੇਂਦਰ ਵਿਚ ਨਸ਼ੇ ਦੇ ਮਰੀਜਾਂ ਦੇ ਨਸ਼ਾ ਮੁਕਤੀ ਕੇਂਦਰ ਵਿਚ ਇਲਾਜ ਤੋਂ ਬਾਅਦ ਉਨ੍ਹਾਂ ਨੂੰ ਇੱਥੇ ਜੀਵਨ ਨਾਲ ਮੁੜ ਸਾਂਝ ਪਾਉਣ ਲਈ ਪ੍ਰੇਰਿਤ ਕੀਤਾ ਜਾਵੇਗਾ। ਇਸ ਕੇਂਦਰ ਵਿਚ ਅਜਿਹੇ ਲੋਕਾਂ ਨੂੰ ਕੋਈ ਇਕ ਮਹੀਨੇ ਤੱਕ ਰੱਖਿਆ ਜਾ ਸਕੇਗਾ ਅਤੇ ਇਸ ਸਮੇਂ ਦੌਰਾਨ ਅਧਿਆਤਮਵਾਦ, ਯੋਗਾ, ਖੇਡਾਂ ਰਾਹੀਂ ਉਨ੍ਹਾਂ ਦੇ ਆਤਮਵਿਸਵਾਸ਼ ਨੂੰ ਬਹਾਲ ਕਰਦਿਆਂ ਨਸ਼ੇ ਤੋਂ ਸਥਾਈ ਦੂਰੀ ਲਈ ਉਨ੍ਹਾਂ ਦੇ ਮਨ ਨੂੰ ਮਜਬੂਤ ਕੀਤਾ ਜਾਵੇਗਾ। ਇਸੇ ਤਰਾਂ ਉਨ੍ਹਾਂ ਦੱਸਿਆ ਕਿ ਇਸ ਕੇਂਦਰ ਵਿਚ ਡਾਕਟਰਾਂ, ਕਾਉਂਸਲਰਾਂ ਦੀ ਦੇਖਰੇਖ ਵਿਚ ਨਸ਼ੇ ਦੇ ਮਰੀਜਾਂ ਦੇ ਪੂਨਰਵਾਸ ਲਈ ਉਨ੍ਹਾਂ ਨੂੰ ਹੁਨਰ ਸਿਖਲਾਈ ਵੀ ਦਿੱਤੀ ਜਾਵੇਗੀ। ਉਨ੍ਹਾਂ ਨੇ ਐਨ.ਜੀ.ਓ. ਨੂੰ ਇਸ ਕੇਂਦਰ ਬਾਰੇ ਲੋਕਾਂ ਨੂੰ ਜਾਗਰੂਕ ਕਰਨ ਦੀ ਅਪੀਲ ਵੀ ਕੀਤੀ। ਸੰਸਥਾਵਾਂ ਦੇ ਨੁੰਮਾਇੰਦਿਆਂ ਨੇ ਸਹਿਯੋਗ ਦਾ ਭਰੋਸਾ ਦਿੱਤਾ।
ਡਿਪਟੀ ਕਮਿਸ਼ਨਰ ਨੇ ਸਮਾਜਿਕ ਸੰਸਥਾਵਾਂ ਨੂੰ ਸਿੱਖਿਆ ਦੇ ਅਧਿਕਾਰ ਕਾਨੂੰਨ ਤਹਿਤ ਵੀ ਸਹਿਯੋਗ ਦੀ ਅਪੀਲ ਕਰਦਿਆਂ ਕਿਹਾ ਕਿ ਜ਼ਿਲ੍ਹਾ ਪ੍ਰਸਾਸ਼ਨ ਨੂੰ ਇਹ ਯਕੀਨੀ ਬਣਾਉਣ ਵਿਚ ਸਹਿਯੋਗ ਕੀਤਾ ਜਾਵੇ ਕਿ ਕੋਈ ਵੀ ਬੱਚਾ ਸਕੂਲ ਤੋਂ ਵਾਂਝਾ ਨਾ ਰਹੇ। ਇਸੇ ਹੀ ਤਰਾਂ ਉਨ੍ਹਾਂ ਸੰਸਥਾਵਾਂ ਦੇ ਨੁੰਮਾਇੰਦਿਆਂ ਨੂੰ ਬੇਟੀ ਬਚਾਓ ਬੇਟੀ ਪੜ੍ਹਾਓ ਅਭਿਆਨ, ਕੰਨਿਆਂ ਸਮਰਿਧੀ ਯੋਜਨਾ ਅਤੇ ਪਿੱਛੜੇ ਤਬਕੇ ਲਈ ਬੈਂਕਿੰਗ ਸਕੀਮਾਂ ਬਾਰੇ ਵੀ ਜਾਣਕਾਰੀ ਦਿੱਤੀ। ਇਸ ਮੌਕੇ ਸਮੂਹ ਐਨ. ਜੀ.ਓ. ਨੇ ਜ਼ਿਲ੍ਹਾ ਪ੍ਰਸਾਸ਼ਨ ਨਾਲ ਸਮਾਜਿਕ ਕਾਰਜਾਂ ਵਿਚ ਸਹਿਯੋਗ ਦਾ ਭਰੋਸਾ ਦਿੱਤਾ ।
Punjab Post Daily Online Newspaper & Print Media