Tuesday, November 10, 2026

ਘਰੇਲੂ ਹਿੰਸਾ ਵਿਰੁੱਧ ਜਾਗਰੂਕ ਕਰਨ ਲਈ ਪਿੰਡ ਲੋਧੀਗੁਜਰ ਵਿੱਚ ਸੈਮੀਨਾਰ ਕਰਵਾਇਆ

PPN1803201612

ਅੰਮ੍ਰਿਤਸਰ, 18 ਮਾਰਚ (ਜਗਦੀਪ ਸਿੰਘ ਸੱਗੂ) – ਬਾਲ ਵਿਕਾਸ ਪ੍ਰਜੈਕਟ ਅਫਸਰ, ਚੌਗਾਵਾਂ ਵੱਲੋਂ ਚੌਗਾਵਾਂ ਬਲਾਕ ਦੇ ਪਿੰਡ ਲੋਧੀਗੁਜਰ ਵਿਖੇ ਘਰੇਲੂ ਹਿੰਸਾ ਉੱਪਰ ਵਿਸ਼ੇਸ਼ ਸੈਮੀਨਾਰ ਕਰਵਾਇਆ ਗਿਆ। ਇਸ ਸੈਮੀਨਾਰ ਦੀ ਪ੍ਰਧਾਨਗੀ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਸਕੱਤਰ-ਕਮ-ਸੀ.ਜੇ.ਐੱਮ ਮੈਡਮ ਗਰੀਸ਼ ਵਲੋਂ ਕੀਤੀ ਗਈ। ਸੈਮੀਨਾਰ ਨੂੰ ਸੰਬੋਧਨ ਕਰਦੇ ਹੋਏ ਮੈਡਮ ਗਰੀਸ਼ ਨੇ ਘਰੇਲੂ ਹਿੰਸਾ ਐਕਟ-2005 ਬਾਰੇ ਹਾਜਰੀਨ ਨੂੰ ਜਾਣੂ ਕਰਵਾਉਂਦੇ ਹੋਏ ਕਿਹਾ ਕਿ ਮਹਿਲਾਵਾਂ ਨੂੰ ਪੇਸ਼ ਆਉਂਦੀਆਂ ਮੁਸ਼ਕਲਾਵਾਂ ਦਾ ਉਨ੍ਹਾਂ ਨੂੰ ਡਟ ਕੇ ਮੁਕਾਬਲਾ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਅਰੇਲੂ ਹਿੰਸਾ ਦਾ ਸ਼ਿਕਾਰ ਔਰਤਾਂ ਨੂੰ ਮੁਫਤ ਕਾਨੂੰਨੀ ਸਹਾਇਤਾ ਦਿੱਤੀ ਜਾਂਦੀ ਹੈ ਅਤੇ ਇਹ ਔਰਤਾਂ ਆਪਣੇ ਹੱਕਾਂ ਦੀ ਰਾਖੀ ਲਈ ਬਿਨ੍ਹਾਂ ਕਿਸੇ ਡਰ ਦੇ ਲੜ ਸਕਦੀਆਂ ਹਨ। ਉਨ੍ਹਾਂ ਕਿਹਾ ਕਿ ਘਰੇਲੂ ਹਿੰਸਾ ਦਾ ਸ਼ਿਕਾਰ ਔਰਤਾਂ ਦੀ ਮਦਦ ਮੈਜਿਸਟ੍ਰੇਟ, ਸੁਰੱਖਿਆ ਅਫਸਰ ਅਤੇ ਸੇਵਾਵਾਂ ਪ੍ਰਦਾਨ ਕਰਨ ਵਾਲੀਆਂ ਸੰਸਥਾਵਾਂ ਵਲੋਂ ਕੀਤੀ ਜਾਂਦੀ ਹੈ ਅਤੇ ਕਾਨੂੰਨੀ ਸੇਵਾਵਾਂ ਅਥਾਰਟੀ ਵਲੋਂ ਵੀ ਅਜਿਹੀਆਂ ਔਰਤਾਂ ਨੂੰ ਜਾਗਰੂਕ ਕਰਕੇ ਹੱਕਾਂ ਦੀ ਪ੍ਰਾਪਤੀ ਕਰਵਾਉਣ ਲਈ ਕਾਨੂੰਨੀ ਸਹਾਇਤਾ ਬਿਲਕੁਲ ਮੁਫਤ ਦਿੱਤੀ ਜਾਂਦੀ ਹੈ।
ਮੈਡਮ ਗਰੀਸ਼ ਨੇ ਦੱਸਿਆ ਕਿ ਮੁਫਤ ਕਾਨੂੰਨੀ ਸਹਾਇਤਾ ਲੈਣ ਤੇ ਆਉਣ ਵਾਲਾ ਸਮੁੱਚਾ ਖਰਚ ਜ਼ਿਲ੍ਹਾ ਪੱਧਰੀ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਅਦਾ ਕੀਤਾ ਜਾਂਦਾ ਹੈ ਅਤੇ ਇਹ ਸਹਾਇਤਾ ਪ੍ਰਾਪਤ ਕਰਨ ਵਾਲੇ ਵਿਅਕਤੀ ਨੂੰ ਵਕੀਲ ਦੀ ਫਾਸ, ਤਲਬਾਨਾ ਫੀਸ, ਕੋਰਟ ਫੀਸ ਅਤੇ ਹੋਰ ਖਰਚੇ ਸਰਕਾਰ ਵੱਲੋਂ ਅਦਾ ਕੀਤੇ ਜਾਂਦੇ ਹਨ। ਉਨ੍ਹਾਂ ਦੱਸਿਆ ਕਿ ਕੋਈ ਵੀ ਵਿਅਕਤੀ ਜਿਸਦੀ ਸਲਾਨਾ ਆਮਦਨ ਇਕ ਲੱਖ ਤੋਂ ਘੱਟ ਹੈ ਉਹ ਜ਼ਿਲ੍ਹਾ ਪੱਧਰ ‘ਤੇ ਖੋਲੇ ਗਏ ਲੀਗਲ ਏਡ ਕਲੀਨਿਕ ਨਾਲ ਰਾਬਤਾ ਕਾਇਮ ਕਰਕੇ ਮੁਫਤ ਕਾਨੂੰਨੀ ਸਹਾਇਤਾ ਪ੍ਰਾਪਤ ਕਰ ਸਕਦਾ ਹੈ। ਇਸਤੋਂ ਇਲਾਵਾ ਉਨ੍ਹਾਂ ਨੇ ਲੋਕ ਅਦਾਲਤਾਂ ਬਾਰੇ ਵੀ ਜਾਗਰੂਕ ਕੀਤਾ ਅਤੇ ਕਿਹਾ ਕਿ ਲੋਕ ਅਦਾਲਤਾਂ ਰਾਹੀ ਜਿੱਥੇ ਦੋਹਾਂ ਪਾਰਟੀਆਂ ਦੀ ਆਪਸ ਵਿਚ ਰਜਾਮੰਦੀ ਨਾਲ ਮਸਲਿਆਂ ਨੂੰ ਹੱਲ ਕੀਤਾ ਜਾਂਦਾ ਹੈ ਉੱਥੇ ਲੋਕਾਂ ਦਾ ਸਮਾਂ ਵੀ ਬਚਦਾ ਹੈ ਤੇ ਖੱਜਲ ਖੁਆਰੀ ਵੀ ਨਹੀਂ ਹੁੰਦੀ। ਇਸ ਸੈਮੀਨਾਰ ਵਿਚ ਸ੍ਰੀਮਤੀ ਹਰਦੀਪ ਕੌਰ ਵੀ ਹਾਰਜ ਸਨ।

Check Also

ਖਾਲਸਾ ਕਾਲਜ ਇੰਜੀਨੀਅਰਿੰਗ ਵਲੋਂ ਵਾਤਾਵਰਣ-ਅਨੁਕੂਲ ਗਰੀਨ ਦੀਵਾਲੀ ਮਨਾਈ ਗਈ

ਅੰਮ੍ਰਿਤਸਰ, 9 ਨਵੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ਼ ਇੰਜੀਨੀਅਰਿੰਗ ਐਂਡ ਟੈਕਨਾਲੋਜੀ, ਰਣਜੀਤ ਐਵੀਨਿਊ …

Leave a Reply