
ਪਠਾਨਕੋਟ, 18 ਮਾਰਚ (ਪ.ਪ) – ਜ਼ਿਲ੍ਹੇ ਦੇ ਕਿਸਾਨਾਂ ਨੂੰ ਬੇਹਤਰ ਖੇਤੀ ਸੇਵਾਵਾਂ, ਗੁਣਾਤਮਿਕ ਖੇਤੀ ਸਮਗਰੀ ਅਤੇ ਮੱਕੀ ਵਿਕਾਸ ਪ੍ਰੋਗਰਾਮ 2016 ਪ੍ਰਤੀ ਜਾਗਰੂਕਤਾ ਪੈਦਾ ਕਰਨ ਦੇ ਉਦੇਸ਼ ਨਾਲ ਸਥਾਨਕ ਸਵੀਮਿੰਗ ਪੂਲ ਕੰਪਲੈਕਸ ਦੇ ਮੀਟਿੰਗ ਹਾਲ ਵਿਖੇ ਖੇਤੀਬਾੜੀ ਵਿਭਾਗ ਵੱਲੋਂ ਬਲਾਕ ਪਠਾਨਕੋਟ ਨਾਲ ਸੰਬੰਧਤ ਖਾਦ, ਕੀਟਨਾਸ਼ਕ ਅਤੇ ਬੀਜ ਵਿਕ੍ਰੇਤਾਵਾਂ ਦਾ ਵਿਸ਼ੇਸ਼ ਸਿਖਲਾਈ ਕਮ ਜਾਗਰੂਕਤਾ ਕੈਂਪ ਲਗਾਇਆ ਗਿਆ।ਸ੍ਰੀ ਅਮਿਤ ਕੁਮਾਰ ਡਿਪਟੀ ਕਮਿਸ਼ਨਰ ਪਠਾਨਕੋਟ ਦੇ ਹੁਕਮਾਂ ਅਨੁਸਾਰ ਖੇਤੀਬਾੜੀ ਵਿਭਾਗ ਪਠਾਨਕੋਟ ਵੱਲੋਂ ਸਾਉਣੀ ਦੌਰਾਨ ਮੱਕੀ ਅਤੇ ਗਰਮੀ ਰੁੱਤ ਦੀ ਮੂੰਗੀ ਦੀ ਫਸਲ ਹੇਠ ਰਕਬਾ ਵਧਾਉਣ ਅਤੇ ਕਿਸਾਨਾਂ ਨੂੰ ਤਕਨੀਕੀ ਤੌਰ ਤੇ ਮਜ਼ਬੂਤ ਕਰਨ ਦੇ ਮੰਤਵ ਨਾਲ ਚਲਾਈ ਜਾ ਰਹੀ ਮੁਹਿੰਮ ਤਹਿਤ ਲਗਾਏ ਇਸ ਕੈਂਪ ਦੀ ਪ੍ਰਧਾਨਗੀ ਡਾ ਬਖਸ਼ੀਸ਼ ਸਿੰਘ ਚਾਹਲ ਮੁੱਖ ਖੇਤੀਬਾੜੀ ਅਫਸਰ ਨੇ ਕੀਤੀ। ਇਸ ਮੌਕੇ ਹਰਿੰਦਰ ਸਿੰਘ ਬੈਂਸ ਖੇਤੀਬਾੜੀ ਅਫਸਰ, ਡਾ.ਅਮਰੀਕ ਸਿੰਘ ਖੇਤੀਬਾੜੀ ਅਫਸਰ, ਡਾ. ਸੰਦੀਪ ਸਿੰਘ ਢਿਲੋਂ ਖੇਤੀਬਾੜੀ ਵਿਕਾਸ ਅਫਸਰ, ਡਾ. ਪ੍ਰਿਤਪਾਲ ਸਿੰਘ ਖੇਤੀ ਵਿਕਾਸ ਅਫਸਰ, ਮਾਸਟਰ ਬਲਵੰਤ ਸਿੰਘ, ਵਰਿੰਦਰ ਸ਼ਰਮਾ, ਦੇਵ ਰਾਜ, ਪੁਨੀਤ ਕੋਚਰ ਸਮੇਤ ਵੱਡੀ ਗਿਣਤੀ ਵਿੱਚ ਖੇਤੀ ਸਮੱਗਰੀ ਵਿਕ੍ਰੇਤਾ ਹਾਜ਼ਰ ਸਨ। ਇਸ ਮੌਕੇ ਖੇਤੀ ਸਮੱਗਰੀ ਵਿਕ੍ਰੇਤਾਵਾਂ ਦਾ ਖੇਤੀਬਾੜੀ ਸੰਬੰਧੀ ਮੁਢਲਾ ਗਿਆਨ ਜਾਨਣ ਲਈ ਸੰਖੇਪ ਟੈਸਟ ਲਿਆ ਗਿਆ ਜਿਸ ਵਿਚੋਂ ਮੀਰਥਲ ਦੇ ਡੀਲਰ ਪੁਨੀਤ ਕੋਚਰ ਸਭ ਤੋਂ ਵੱਧ ਨੰਬਰ ਲੈ ਕੇ ਪਹਿਲੇ ਨੰਬਰ ਤੇ ਰਿਹਾ ।
ਮੀਟਿੰਗ ਵਿੱਚ ਹਾਜ਼ਰ ਡੀਲਰਾਂ ਨੂੰ ਸੰਬੋਧਨ ਕਰਦਿਆਂ ਡਾ. ਬਖਸ਼ੀਸ਼ ਸਿੰਘ ਚਾਹਲ ਨੇ ਕਿਹਾ ਕਿ ਕਿਸਾਨਾਂ ਨੂੰ ਖੇਤੀ ਸਮੱਗਰੀ ਵੇਚਣ ਵੇਲੇ ਆਮ ਕਰਕੇ ਡੀਲਰਾਂ ਵੱਲੋ ਬਿੱਲ ਨਹੀਂ ਦਿੱਤੇ ਜਾਂਦੇ ਜਦ ਕਿ ਐਕਟ ਮੁਤਾਬਕ ਕਿਸੇ ਵੀ ਖੇਤੀ ਸਮੱਗਰੀ (ਬੀਜ, ਕੀਟਨਾਸ਼ਕ ਅਤੇ ਖਾਦਾਂ) ਦੀ ਵਿਕਰੀ ਸਮੇਂ ਬਿੱਲ ਸੰਬੰਧਤ ਕਿਸਾਨ ਦੇ ਨਾਂ ਕੱਟਣਾ ਜ਼ਰੂਰੀ ਹੁੰਦਾ ਹੈ। ਉਨ੍ਹਾਂ ਡੀਲਰਾ ਨੂੰ ਹਦਾਇਤ ਕੀਤੀ ਕਿ ਬੀਜ, ਕੀਟਨਾਸ਼ਕ ਜਾਂ ਖਾਦ ਵੇਚਣ ਸਮੇਂ ਕਿਸਾਨ ਨੂੰ ਬਿੱਲ ਜ਼ਰੂਰ ਦੇਣ। ਉਨ੍ਹਾਂ ਡੀਲਰਾਂ ਨੂੰ ਚੇਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਕੋਈ ਡੀਲਰ ਬਿੱਲ ਤੋਂ ਬਗੈਰ ਖੇਤੀ ਸਮੱਗਰੀ ਵੇਚਦਾ ਫੜਿਆ ਗਿਆ ਤਾਂ ਉਸ ਵਿਰੁੱਧ ਸੰਬੰਧਤ ਐਕਟ ਮੁਤਾਬਕ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਇਸ ਸਿਖਲਾਈ ਕੈਂਪ ਸ਼ੁਰੂ ਕਰਨ ਦਾ ਮੁੱਖ ਮਕਸਦ ਕੀਟਨਾਸ਼ਕ ਵਿਕ੍ਰੇਤਾਵਾਂ ਨੂੰ ਫਸਲਾਂ ਦੀਆਂ ਸਮੱਸਿਆਵਾਂ, ਐਕਟ ਅਤੇ ਰੀਕਾਰਡ ਕੀਪਿੰਗ ਬਾਰੇ ਮੁਢਲੀ ਜਾਣਕਾਰੀ ਦੇਣਾ ਹੈ। ਉਨ੍ਹਾਂ ਕਿਹਾ ਕਿ ਅਜੋਕੇ ਸਮੇਂ ਵਿੱਚ ਕਿਸਾਨਾਂ ਦੀ ਆਰਥਿਕ ਹਾਲਤ ਤਾਂ ਹੀ ਸੁਧਾਰੀ ਜਾ ਸਕਦੀ ਹੈ ਜੇਕਰ ਸਾਰੀਆਂ ਧਿਰਾਂ ਇਕੱਠੀਆਂ ਹੋ ਕੇ ਕਿਸਾਨਾਂ ਤੱਕ ਨਵੀਨਤਮ ਖੇਤੀ ਤਕਨੀਕਾਂ ਪਹੁੰਚਾਉਣ ਵਿੱਚ ਸਹਾਈ ਹੋਣ। ਡਾ. ਅਮਰੀਕ ਸਿੰਘ ਨੇ ਮੱਕੀ ਦੀ ਕਾਸ਼ਤ ਦੀ ਸਫਲ ਕਾਸ਼ਤ ਸੰਬੰਧੀ ਜ਼ਰੂਰੀ ਨੁਕਤੇ ਸਾਂਝੇ ਕਰਦਿਆਂ ਕਿਹਾ ਕਿ ਮੱਕੀ ਇੱਕ ਅਜਿਹੀ ਫਸਲ ਹੈ ਜਿਸ ਨੂੰ ਭਵਿੱਖ ਦੀ ਫਸਲ ਵੱਜੋਂ ਦੇਖਿਆਂ ਜਾ ਰਿਹਾ ਹੈ। ਉਨ੍ਹਾ ਕਿਹਾ ਕਿ ਨੀਮ ਪਹਾੜੀ ਅਤੇ ਘੱਟ ਤਾਪਮਾਨ ਵਾਲੇ ਇਲਾਕਿਆਂ ਵਿੱਚ ਮੱਕੀ ਦੀ ਕਾਸਤ 25 ਮਈ ਅਤੇ ਬਰਾਨੀ ਇਲਾਕਿਆਂ ਵਿੱਚ 20 ਜੂਨ ਤੋਂ ਬਾਅਦ ਸ਼ੁਰੂ ਕੀਤੀ ਜਾ ਸਕਦੀ ਹੈ।ਉਨ੍ਹਾਂ ਕਿਹਾ ਕਿ ਕਿਸਾਨਾਂ ਖਾਸ ਕਰਕੇ ਛੋਟੇ ਕਿਸਾਨਾਂ ਦੀ ਆਰਥਿਕਤਾ ਨੂੰ ਮਜ਼ਬੂਤ ਕਰਨ ਲਈ ਜ਼ਰੂਰੀ ਹੈ ਕਿ ਉਨ੍ਹਾਂ ਤੱਕ ਖੇਤੀ ਦੀਆਂ ਨਵੀਆਂ ਤਕਨੀਕਾਂ ਵਕਤ ਸਿਰ ਪਹੁੰਚਾਈਆਂ ਜਾਣ , ਤਾਂ ਜੋ ਛੋਟੇ ਕਿਸਾਨ ਵੀ ਨਵੀਆਂ ਤਕਨੀਕਾਂ ਨਾਲ ਖੇਤੀ ਕਰ ਸਕਣ। ਉਨ੍ਹਾਂ ਕਿਹਾ ਕਿ ਬਲਾਕ ਪਠਾਨਕੋਟ ਵਿੱਚ ਤਕਰੀਬਨ 70 ਖਾਦ, ਬੀਜ ਅਤੇ ਕੀਟਨਾਸ਼ਕ ਵਿਕ੍ਰੇਤਾ ਹਨ,ਜਿੰਨਾਂ ਵਿੱਚੋਂ ਬਹੁਤੇ ਕੀੜਿਆਂ,ਬਿਮਾਰੀਆਂ ਅਤੇ ਹੋਰ ਸਮੱਸਿਆਵਾਂ ਤੋਂ ਨਾਵਾਕਫ ਹਨ ਜਿਸ ਕਾਰਨ ਸਹੀ ਅਗਵਾਈ ਨਾਂ ਮਿਲਣ ਕਾਰਨ ਕਈ ਵਾਰ ਕਿਸਾਨਾਂ ਨੂੰ ਨੁਕਸਾਨ ਉਠਾਉਣਾ ਪੈਂਦਾ ਹੈ। ਡਾ. ਹਰਿੰਦਰ ਸਿੰਘ ਬੈਂਸ ਨੇ ਬੀਜ,ਖਾਦ ਅਤੇ ਕੀਟਨਾਸ਼ਕ ਐਕਟ ਅਤੇ ਰੀਕਕਾਰਡ ਕੀਪਿੰਗ ਬਾਰੇ ਵਿਸਥਾਰ ਸਹਿਤ ਜਾਣਕਾਰੀ ਦਿੱਤੀ। ਅਖੀਰ ਵਿੱਚ ਡਾ. ਸੰਦੀਪ ਸਿੰਘ ਢਿਲੋਂ ਨੇ ਮੁੱਖ ਮਹਿਮਾਨ, ਖੇਤੀ ਮਾਹਿਰਾਂ ਅਤੇ ਖੇਤੀ ਸਮੱਗਰੀ ਵਿਕ੍ਰੇਤਾਵਾਂ ਦਾ ਧੰਨਵਾਦ ਕੀਤਾ।
Punjab Post Daily Online Newspaper & Print Media