Friday, March 6, 2026

ਪੰਜਾਬੀਆਂ ਨੂੰ ਬਦਨਾਮ ਕਰਨ ਵਾਲੇ ਰਾਹੁਲ ਗਾਂਧੀ ਪੰਜਾਬ ਦੇ ਸਭ ਤੋਂ ਵੱਡੇ ਦੁਸ਼ਮਣ – ਸੁਖਬੀਰ ਬਾਦਲ

ਕਿਹਾ ਐਸ. ਵਾਈ. ਐਲ ਦੀ ਨਾ ਲੋੜ ਸੀ, ਨਾ ਹੈ ਅਤੇ ਨਾ ਬਣਨ ਦਿਆਂਗੇ

PPN2003201605

ਅੰਮ੍ਰਿਤਸਰ, 20 ਮਾਰਚ (ਜਗਦੀਪ ਸਿੰਘ ਸੱਗੂ) – ਉੱਪ ਮੁੱਖ ਮੰਤਰੀ ਪੰਜਾਬ ਸ. ਸੁਖਬੀਰ ਸਿੰਘ ਬਾਦਲ ਨੇ ਅੱਜ ਕਿਹਾ ਕਿ ਪੰਜਾਬ ਤੇ ਪੰਜਾਬ ਦੀ ਜਵਾਨੀ ਨੂੰ ਨਸ਼ਿਆਂ ਲਈ ਬਦਨਾਮ ਕਰਨ ਵਾਲੇ ਰਾਹੁਲ ਗਾਂਧੀ ਪੰਜਾਬ ਦੇ ਸਭ ਤੋਂ ਵੱਡੇ ਦੁਸ਼ਮਣ ਹਨ ਅਤੇ ਉਨ੍ਹਾਂ ਨੇ ਅਜਿਹੀ ਸੋਚ ਦੇ ਪ੍ਰਗਟਾਅ ਸਦਕਾ ਕਾਂਗਰਸ ਦੇ ਮੁੱਢ ਕਦੀਮ ਤੋਂ ਪੰਜਾਬ ਤੇ ਸਿੱਖ ਵਿਰੋਧੀ ਹੋਣ ਦਾ ਸਬੂਤ ਪੇਸ਼ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਜੇਕਰ ਰਾਹੁਲ ਵਾਕਈ ਕਹਿੰਦੇ ਹਨ ਕਿ ਪੰਜਾਬ ਵਿਚ ਨਸ਼ਾ ਬਹੁਤ ਹੈ ਤਾਂ ਉਹ ਪਹਿਲਾਂ ਯੂਥ ਕਾਂਗਰਸ ਦੇ ਨੇਤਾਵਾਂ ਦਾ ਡੋਪ ਟੈਸਟ ਕਰਵਾ ਲੈਣ ਅਤੇ ਜੇਕਰ ਉਨ੍ਹਾਂ ਵਿਚੋਂ ਨਸ਼ੇੜੀ ਨਿਕਲੇ ਤਾਂ ਸਮਝ ਲਓ ਕਿ ਪੰਜਾਬ ਵਿਚ ਨਸ਼ਾ ਹੈ। ਉਨ੍ਹਾਂ ਕਿਹਾ ਕਿ ਅਕਾਲੀ-ਭਾਜਪਾ ਸਰਕਾਰ ਦੇ ਕਾਰਜਕਾਲ ਦੌਰਾਨ ਪੰਜਾਬ ਸਭ ਤੋਂ ਵੱਧ ਤਰੱਕੀ ਕਰਨ ਵਾਲਾ ਸੂਬਾ ਬਣ ਚੁੱਕਾ ਹੈ, ਜਿਸ ਨੂੰ ਕੌਮੀ ਪੱਧਰ ‘ਤੇ ਕਈ ਸਨਮਾਨ ਵੀ ਮਿਲ ਚੁੱਕੇ ਹਨ, ਪਰੰਤੂ ਕਾਂਗਰਸ ਅਤ ਵਿਰੋਧੀ ਪਾਰਟੀਆਂ ਦੇ ਆਗੂ ਪੰਜਾਬ ਨੂੰ ਝੂਠ ਬੋਲ ਕੇ ਐਵੇਂ ਹੀ ਬਦਨਾਮ ਕਰ ਰਹੇ ਹਨ, ਜੋ ਕਿ ਬਹੁਤ ਹੀ ਮਾੜੀ ਗੱਲ ਹੈ।
ਸ. ਬਾਦਲ ਨੇ ਕਿਹਾ ਕਿ ਪੰਜਾਬੀਆਂ ਵਿਰੁੱਧ ਅਜਿਹਾ ਮਾੜਾ ਪ੍ਰਚਾਰ ਉਹੀ ਕਰ ਸਕਦੇ ਹਨ, ਜਿਨ੍ਹਾਂ ਦੇ ਦਿਲ ਵਿਚ ਉਨ੍ਹਾਂ ਲਈ ਪਿਆਰ ਨਾ ਹੋਵੇ।ਸ. ਬਾਦਲ ਨੇ ਕਿਹਾ ਕਿ ਬਹਾਦਰੀ ਲਈ ਪ੍ਰਸਿੱਧ ਅਤੇ ਸਮੁੱਚੇ ਮੁਲਕ ਨੂੰ ਅੰਨ੍ਹ ਮੁਹੱਈਆ ਕਰਵਾਉਣ ਵਾਲੀ ਪੰਜਾਬੀ ਕੌਮ ਨਸ਼ੱਈ ਕਿਵੇਂ ਹੋ ਸਕਦੀ ਹੈ? ਸ. ਸੁਖਬੀਰ ਸਿੰਘ ਬਾਦਲ ਅੱਜ ਸਵੇਰੇ ਆਪਣੀ ਧਰਮ ਪਤਨੀ ਅਤੇ ਕੇਂਦਰੀ ਮੰਤਰੀ ਸ੍ਰੀਮਤੀ ਹਰਸਿਮਰਤ ਕੌਰ ਬਾਦਲ ਨਾਲ ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਣ ਉਪਰੰਤ ਸੂਚਨਾ ਕੇਂਦਰ ਵਿਚ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ।
ਪੱਤਰਕਾਰਾਂ ਵੱਲੋਂ ਪੰਜਾਬ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਦੇ ਬੇਟੇ ਸ. ਰਣਇੰਦਰ ਸਿੰਘ ਵਿਰੁੱਧ ਆਮਦਨ ਕਰ ਦਾ ਕੇਸ ਦਰਜ ਹੋਣ ਬਾਰੇ ਪੁੱਛੇ ਗਏ ਇਕ ਸਵਾਲ ਦੇ ਜਵਾਬ ਵਿਚ ਸ. ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਰਣਇੰਦਰ ਖਿਲਾਫ਼ ਸੰਮਨ ਜਾਰੀ ਹੋਣ ਨਾਲ ਸੱਚਾਈ ਸਾਹਮਣੇ ਆ ਗਈ ਹੈ ਕਿ ਕੈਪਟਨ ਪਰਿਵਾਰ ਦੇ ਵਿਦੇਸ਼ੀ ਬੈਂਕਾਂ ਵਿਚ ਖਾਤੇ ਅਤੇ ਜਾਇਦਾਦ ਹੈ। ਸਤਲੁਜ-ਯਮੁਨਾ ਲਿੰਕ ਨਹਿਰ ਸਬੰਧੀ ਉਨ੍ਹਾਂ ਆਪਣਾ ਪੱਖ ਦੁਹਰਾਉਂਦਿਆਂ ਕਿਹਾ ਕਿ ਇਸ ਨਹਿਰ ਦੀ ਨਾ ਹੀ ਲੋੜ ਸੀ, ਨਾ ਹੈ ਅਤੇ ਨਾ ਹੀ ਬਣਨ ਦਿੱਤੀ ਜਾਵੇਗੀ, ਭਾਵੇਂ ਕਿ ਇਸ ਲਈ ਕੋਈ ਵੀ ਕੁਰਬਾਨੀ ਕਿਉਂ ਨਾ ਦੇਣੀ ਪਵੇ।
ਕਾਂਗਰਸ ਅਤੇ ਆਮ ਆਦਮੀ ਪਾਰਟੀ ਵੱਲੋਂ ਡੇਰਿਆਂ ਵੱਲ ਰੁਖ ਕੀਤੇ ਜਾਣ ਸਬੰਧੀ ਪੁੱਛੇ ਜਾਣ ‘ਤੇ ਉਪ ਮੁੱਖ ਮੰਤਰੀ ਨੇ ਕਿਹਾ ਕਿ ਹਰੇਕ ਪਾਰਟੀ ਦਾ ਚੋਣਾਂ ਸਬੰਧੀ ਆਪਣਾ ਨਜ਼ਰੀਆ ਹੈ। ਸ. ਬਾਦਲ ਨੇ ਕਿਹਾ ਕਿ ਉਨ੍ਹਾਂ ਦਾ ਅਤੇ ਮੁੱਖ ਮੰਤਰੀ ਜੀ ਦਾ ਤਾਂ ਸਭ ਤੋਂ ਵੱਡਾ ਡੇਰਾ ‘ਵਿਕਾਸ’ ਹੈ ਅਤੇ ਉਹ ਇਸੇ ਤਹਿਤ ਪੰਜਾਬ ਦੀ ਤਰੱਕੀ ਲਈ ਦਿਨ-ਰਾਤ ਕੰਮ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਉਹ ਹਰੇਕ ਕਾਰਜ ਦੀ ਸ਼ੁਰੂਆਤ ਗੁਰੂ ਮਹਾਰਾਜ ਦਾ ਓਟ-ਆਸਰਾ ਲੈ ਕੇ ਕਰਦੇ ਹਨ।
ਚੋਣਾਂ ਸਬੰਧੀ ਇਕ ਸਵਾਲ ਦੇ ਜਵਾਬ ਵਿਚ ਉਨ੍ਹਾਂ ਕਿਹਾ ਕਿ ਅਕਾਲੀ ਦਲ ਲੋਕਾਂ ਦੀ ਅਤੇ ਲੋਕਾਂ ਵਿਚ ਵਿਚਰਨ ਵਾਲੀ ਪਾਰਟੀ ਹੈ। ਉਨ੍ਹਾਂ ਕਿਹਾ ਕਿ ਸ. ਪਰਕਾਸ਼ ਸਿੰਘ ਬਾਦਲ ਇਕੋ-ਇਕ ਅਜਿਹੇ ਮੁੱਖ ਮੰਤਰੀ ਹਨ, ਜੋ ਸਵੇਰੇ ਤੜਕੇ ਤੋਂ ਦੇਰ ਰਾਤ ਤੱਕ ਲੋਕਾਂ ਦੀ ਸੇਵਾ ਵਿਚ ਲੱਗੇ ਰਹਿੰਦੇ ਹਨ ਅਤੇ ਅਕਾਲੀ ਦਲ ਦੇ ਆਗੂ ਅਤੇ ਵਰਕਰ ਵੀ ਲੋਕਾਂ ਨਾਲ ਜੁੜੇ ਹੋਏ ਹਨ। ਇਸ ਲਈ ਅਕਾਲੀ ਦਲ ਹਮੇਸ਼ਾ ਚੋਣਾਂ ਲਈ ਤਿਆਰ ਹੈ।
ਜਦੋਂ ਉੱਪ ਮੁੱਖ ਮੰਤਰੀ ਨੇ ਘੰਟਾ ਭਰ ਸ਼ਹਿਰ ਦਾ ਲਗਾਇਆ ਗੇੜਾ-
ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਣ ਉਪਰੰਤ ਉੱਪ ਮੁੱਖ ਮੰਤਰੀ ਨੇ ਸ਼ਹਿਰ ਵਿਚ ਚੱਲ ਰਹੇ ਵਿਕਾਸ ਪ੍ਰਾਜੈਕਟਾਂ ਦਾ ਜਾਇਜ਼ਾ ਲਿਆ।ਇਕ ਘੰਟੇ ਤੋਂ ਵੱਧ ਸਮਾਂ ਉਨ੍ਹਾਂ ਸ਼ਹਿਰ ਦਾ ਦੌਰਾ ਕੀਤਾ ਅਤੇ ਟਾਊਨ ਹਾਲ, ਸੁੰਦਰੀਕਰਨ, ਬੀ. ਆਰ. ਟੀ. ਐਸ, ਸਵਾਗਤੀ ਗੇਟ ਆਦਿ ਪ੍ਰਾਜੈਕਟਾਂ ਦੇ ਚੱਲ ਰਹੇ ਕੰਮ ਦਾ ਬਾਰੀਕੀ ਨਾਲ ਨਿਰੀਖਣ ਕੀਤਾ ਅਤੇ ਅਧਿਕਾਰੀਆਂ ਨੂੰ ਜ਼ਰੂਰੀ ਦਿਸ਼ਾ-ਨਿਰਦੇਸ਼ ਦਿੱਤੇ। ਉਨ੍ਹਾਂ ਕਿਹਾ ਕਿ ਇਸ ਸਾਲ ਦੇ ਅੰਤ ਤੱਕ ਪਵਿੱਤਰ ਨਗਰੀ ਵਿੱਚ ਚੱਲ ਰਹੇ ਪ੍ਰਾਜੈਕਟ ਮੁਕੰਮਲ ਹੋਣ ਉਪਰੰਤ ਇਸ ਦੀ ਦਿਖ ਬਦਲ ਜਾਵੇਗੀ। ਇਸ ਮੌਕੇ ਹੋਰਨਾਂ ਤੋਂ ਇਲਾਵਾ ਡਿਪਟੀ ਕਮਿਸ਼ਨਰ ਸ੍ਰੀ ਵਰੁਣ ਰੂਜਮ, ਪੁਲਿਸ ਕਮਿਸ਼ਨਰ ਸ. ਜਤਿੰਦਰ ਸਿੰਘ ਔਲਖ, ਡੀ. ਸੀ. ਪੀ ਸ. ਹਰਪ੍ਰੀਤ ਸਿੰਘ, ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਸ੍ਰੀ ਸੰਦੀਪ ਰਿਸ਼ੀ, ਐਸ. ਡੀ. ਐਮ ਸ੍ਰੀ ਰੋਹਿਤ ਗੁਪਤਾ, ਅਕਾਲੀ ਆਗੂ ਸ. ਗੁਰਪ੍ਰਤਾਪ ਸਿੰਘ ਟਿੱਕਾ, ਸ੍ਰੀ ਨਵਦੀਪ ਸਿੰਘ ਗੋਲਡੀ, ਸ. ਅਜੈਬੀਰ ਪਾਲ ਸਿੰਘ ਰੰਧਾਵਾ, ਸ. ਰਜਿੰਦਰ ਸਿੰਘ ਮਰਵਾਹਾ ਅਤੇ ਹੋਰ ਸ਼ਖ਼ਸੀਅਤਾਂ ਹਾਜ਼ਰ ਸਨ।

Check Also

ਖਾਲਸਾ ਕਾਲਜ ਗਰਲਜ਼ ਸੀ: ਸੈਕੰ: ਸਕੂਲ ਦੀ ਵਿਦਿਆਰਥਣ ਨੇ ਨਗਦ ਇਨਾਮ ਪ੍ਰਾਪਤ ਕੀਤਾ

ਅੰਮ੍ਰਿਤਸਰ, 5 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਵਰਨਿੰਗ ਕੌਸਲ ਅਧੀਨ ਖਾਲਸਾ ਕਾਲਜ ਗਰਲਜ਼ …

Leave a Reply