
ਫਾਜ਼ਿਲਕਾ, 21 ਮਾਰਚ (ਵਨੀਤ ਅਰੋੜਾ)- ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਭਗਤ ਪੂਰਨ ਸਿੰਘ ਸਿਹਤ ਬੀਮਾ ਯੋਜਨਾ ਜ਼ਿਲ੍ਹਾ ਫਾਜ਼ਿਲਕਾ ਦੇ 86153 ਪਰਿਵਾਰਾਂ ਨੂੰ ਸਿਹਤ ਸੁਰੱਖਿਆ ਉਪਲਬੱਧ ਕਰਵਾਏਗੀ।ਇਹ ਉਹ ਪਰਿਵਾਰ ਹਨ ਜਿੰਨ੍ਹਾਂ ਨੂੰ ਆਟਾ ਦਾਲ ਯੋਜਨਾ ਤਹਿਤ ਪੰਜਾਬ ਸਰਕਾਰ ਵੱਲੋਂ ਸਸਤਾ ਰਾਸ਼ਨ ਵੀ ਦਿੱਤਾ ਜਾਂਦਾ ਹੈ।ਇਹ ਜਾਣਕਾਰੀ ਜ਼ਿਲ੍ਹੇ ਦੀ ਡਿਪਟੀ ਕਮਿਸ਼ਨਰ ਸ੍ਰੀਮਤੀ ਈਸ਼ਾ ਕਾਲੀਆ ਆਈ.ਏ.ਐਸ. ਨੇ ਇੱਥੇ ਦਿੱਤੀ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਆਰਥਿਕ ਪੱਧਰ ਤੋਂ ਪਿਛੜੇ ਲੋਕਾਂ ਦੀ ਸਿਹਤ ਨੂੰ ਮੁੱਖ ਰਖੱਦੇ ਹੋਏ ਸ਼ੁਰੂ ਕੀਤੀ ਭਗਤ ਪੂਰਨ ਸਿੰੰਘ ਸਿਹਤ ਬੀਮਾ ਯੋਜਨਾ ਤਹਿਤ ਜ਼ਿਲ੍ਹਾ ਫਾਜ਼ਿਲਕਾ ਵਿਚ ਹੁਣ ਤੱਕ 50 ਹਜਾਰ ਲਾਭਪਾਤਰੀਆਂ ਨੂੰ ਕਾਰਡ ਵੰਡੇ ਜਾ ਚੁੱਕੇ ਹਨ ਅਤੇ ਬਾਕੀ ਲਾਭਪਾਤਰੀਆਂ ਨੂੰ ਇਹ ਕਾਰਡ ਆਟਾ ਦਾਲ ਯੋਜਨਾ ਤਹਿਤ ਵੰਡੀ ਜਾ ਰਹੀ ਕਣਕ ਦੇ ਨਾਲ ਹੀ ਡਿਪੂਆਂ ਤੇ ਹੀ ਉਪਲਬੱਧ ਕਰਵਾਏ ਜਾ ਰਹੇ ਹਨ। ਉਨ੍ਹਾਂ ਦੱਸਿਆਂ ਕਿ ਭਗਤ ਪੂਰਨ ਸਿੰੰਘ ਸਿਹਤ ਬੀਮਾ ਯੋਜਨਾ ਤਹਿਤ ਸਮਾਰਟ ਕਾਰਡ ਨੀਲੇ ਕਾਰਡ ਧਾਰਕਾਂ ਦੇ ਬਣਾਏ ਗਏ ਹਨ। ਉਨ੍ਹਾਂ ਦੱਸਿਆ ਕਿ ਭਗਤ ਪੂਰਨ ਸਿੰੰਘ ਸਿਹਤ ਬੀਮਾ ਯੋਜਨਾ ਤਹਿਤ 30 ਰੁਪਏ ਦੀ ਫੀਸ ਪ੍ਰਾਪਤ ਕਰਕੇ ਇੱਕ ਸਮਾਰਟ ਕਾਰਡ ਲਾਭਪਾਤਰੀ ਪਰਿਵਾਰ ਨੂੰ ਦਿੱਤਾ ਜਾ ਰਿਹਾ ਹੈ। ਇਸ ਸਮਾਰਟ ਕਾਰਡ ਵਿੱਚ ਪਰਿਵਾਰ ਦੇ ਮੁੱਖੀ ਤੋਂ ਇਲਾਵਾ ਹੋਰ ਚਾਰ ਮੈਂਬਰਾਂ ਦੇ ਨਾਮ ਸ਼ਾਮਿਲ ਹੋਣਗੇ। ਉਨ੍ਹਾਂ ਕਿਹਾ ਕਿ ਇਹ ਸਮਾਰਟ ਕਾਰਡ ਧਾਰਕ ਪਰਿਵਾਰ ਇਕ ਸਾਲ ਵਿੱਚ 50,000/- ਰੂਪੇ ਤੱਕ ਬੀਮਾ ਯੋਜਨਾ ਤਹਿਤ ਮੁਫਤ ਸਿਹਤ ਸੁਵਿਧਾਵਾਂ ਪ੍ਰਾਪਤ ਕਰਨਗੇ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ ਯੋਜਨਾ ਤਹਿਤ ਪਹਿਲਾਂ ਪਿੰਡ ਪਿੰਡ ਜਾ ਕੇ ਲਾਭਪਾਤਰੀਆਂ ਦੇ ਕਾਰਡ ਬਣਾਏ ਜਾ ਰਹੇ ਸਨ ਅਤੇ ਇਸ ਪ੍ਰਣਾਲੀ ਰਾਹੀਂ ਜ਼ਿਲ੍ਹੇ ਵਿਚ 29600 ਲਾਭਪਾਤਰੀ ਪਰਿਵਾਰਾਂ ਦੇ ਕਾਰਡ ਬਣਾ ਕੇ ਵੰਡੇ ਗਏ ਸਨ। ਪਰ ਇਸ ਪ੍ਰਕ੍ਰਿਆ ਵਿਚ ਸਮਾਂ ਜਿਆਦਾ ਲਗਦਾ ਹੋਣ ਕਾਰਨ ਸਰਕਾਰ ਨੇ ਬਾਕੀ ਸਾਰੇ ਹੀ ਪਰਿਵਾਰਾਂ ਦੇ ਆਪਣੇ ਪੱਧਰ ਤੇ ਕਾਰਡ ਤਿਆਰ ਕਰ ਲਏ ਹਨ ਅਤੇ ਹੁਣ ਇਹ ਕਾਰਡ ਸਬੰਧਤ ਪਰਿਵਾਰਾਂ ਨੂੰ ਵੰਡੇ ਜਾ ਰਹੇ ਹਨ। ਸ੍ਰੀਮਤੀ ਈਸ਼ਾ ਕਾਲੀਆ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਫਾਜ਼ਿਲਕਾ ਬਲਾਕ ਵਿਚ ਰਹਿੰਦੇ 15614 ਵਿਚੋਂ 5500 ਕਾਰਡ ਵੰਡੇ ਜਾ ਚੁੱਕੇ ਹਨ। ਇਸੇ ਤਰਾਂ ਜਲਾਲਾਬਾਦ ਬਲਾਕ ਦੇ ਬਕਾਇਆ 14549 ਕਾਰਡਾਂ ਵਿਚੋਂ 7030 ਅਤੇ ਖੁਈਆਂ ਸਰਵਾਰ ਬਲਾਕ ਦੇ ਬਕਾਇਆ 11751 ਵਿਚੋਂ 2000 ਅਤੇ ਅਬੋਹਰ ਬਲਾਕ ਦੇ ਬਕਾਇਆ 14639 ਬਕਾਇਆ ਕਾਰਡਾਂ ਵਿਚੋਂ 5800 ਕਾਰਡ ਵੰਡੇ ਜਾ ਚੁੱਕੇ ਹਨ। ਉਨ੍ਹਾਂ ਦੱਸਿਆ ਕਿ ਵਿਭਾਗ ਵੱਲੋਂ ਆਟਾ ਦਾਲ ਯੋਜਨਾ ਦੀ ਕਣਕ ਦੀ ਵੰਡ ਸਮੇਂ ਹੀ ਲਾਭਪਾਤਰੀ ਨੂੰ ਇਹ ਕਾਰਡ 30 ਰੁਪਏ ਦੀ ਫੀਸ ਪ੍ਰਾਪਤ ਕਰਕੇ ਦਿੱਤੇ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਇਹ ਕਾਰਡ ਇੰਨ੍ਹਾਂ ਪਰਿਵਾਰਾਂ ਲਈ ਵਰਦਾਨ ਸਿੱਧ ਹੋਣਗੇ ਕਿਉਂਕਿ ਇਹ ਪਰਿਵਾਰ ਇਸ ਕਾਰਡ ਰਾਹੀਂ ਸਰਕਾਰ ਵੱਲੋਂ ਅਧਿਸੁਚਿਤ ਕੀਤੇ ਹਸਪਤਾਲਾਂ ਵਿਚੋਂ ਸਲਾਨਾ 50 ਹਜਾਰ ਰੁਪਏ ਤੱਕ ਦਾ ਇਲਾਜ ਮੁਫ਼ਤ ਕਰਵਾ ਸਕਣਗੇ।
Punjab Post Daily Online Newspaper & Print Media