
ਫਾਜ਼ਿਲਕਾ, 21 ਮਾਰਚ (ਵਨੀਤ ਅਰੋੜਾ)- ਪੰਜਾਬ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਚੌਧਰੀ ਸੁਰਜੀਤ ਕੁਮਾਰ ਜਿਆਣੀ ਨੇ ਕਿਹਾ ਹੈ ਕਿ ਪੰਜਾਬ ਸਰਕਾਰ ਵੱਲੋਂ ਸੂਬੇ ਦੇ ਪਿੰਡਾਂ ਦੇ ਵਿਕਾਸ ਨੂੰ ਵਿਸੇਸ਼ ਤਰਜੀਹ ਦਿੱਤੀ ਜਾ ਰਹੀ ਹੈ ਅਤੇ ਸਰਕਾਰ ਵੱਲੋਂ ਪਿੰਡਾਂ ਦੇ ਚਹੁੰਮੁੱਖੀ ਵਿਕਾਸ ਲਈ ਲਗਾਤਾਰ ਗ੍ਰਾਂਟਾਂ ਜਾਰੀ ਕੀਤੀਆਂ ਜਾ ਰਹੀਆਂ ਹਨ।
ਉਹ ਇੱਥੇ ਫਾਜ਼ਿਲਕਾ ਵਿਧਾਨ ਸਭਾ ਹਲਕੇ ਅਧੀਨ ਪੈਂਦੀਆਂ 112 ਪੰਚਾਇਤਾਂ ਨੂੰ 14ਵੇਂ ਵਿੱਤ ਕਮਿਸ਼ਨ ਦੀਆਂ ਗ੍ਰਾਂਟਾਂ ਦੀ ਵੰਡ ਮੌਕੇ ਸੰਬੋਧਨ ਕਰ ਰਹੇ ਸਨ। ਪਿੰਡ ਜੱਟ ਵਾਲੀ ਵਿਚ ਆਯੋਜਿਤ ਸਮਾਗਮ ਦੌਰਾਨ ਉਨ੍ਹਾਂ ਨੇ ਕਿਹਾ ਕਿ ਇੰਨ੍ਹਾਂ ਰਕਮਾਂ ਦੀ ਵਰਤੋਂ ਪੰਚਾਇਤਾਂ ਪਿੰਡਾਂ ਦੇ ਸਾਂਝੇ ਵਿਕਾਸ ਕਾਰਜਾਂ ਲਈ ਕਰ ਸਕਣਗੀਆਂ। ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਚੌਧਰੀ ਸੁਰਜੀਤ ਕੁਮਾਰ ਜਿਆਣੀ ਨੇ ਦੱਸਿਆ ਕਿ ਇਸ ਯੋਜਨਾ ਤਹਿਤ ਫਾਜ਼ਿਲਕਾ ਵਿਧਾਨ ਸਭਾ ਹਲਕੇ ਦੇ ਪਿੰਡਾਂ ਲਈ ਪਹਿਲੀ ਕਿਸਤ ਵਜੋਂ 1 ਕਰੋੜ 75 ਲੱਖ 19 ਹਜਾਰ 638 ਰੁਪਏ ਦੀ ਗ੍ਰਾਂਟ ਆਈ ਹੈ ਜਦ ਕਿ ਇਸੇ ਸਕੀਮ ਤਹਿਤ ਗ੍ਰਾਂਟ ਦੀਆਂ ਚਾਰ ਹੋਰ ਕਿਸਤਾਂ ਆਉਣਗੀਆਂ। ਇਹ ਗ੍ਰਾਂਟ ਪਿੰਡਾਂ ਦੀ ਆਬਾਦੀ ਦੇ ਆਧਾਰ ਤੇ ਜਾਰੀ ਕੀਤੀ ਗਈ ਹੈ।ਚੌਧਰੀ ਸੁਰਜੀਤ ਕੁਮਾਰ ਜਿਆਣੀ ਨੇ ਕਿਹਾ ਕਿ ਅਕਾਲੀ-ਭਾਜਪਾ ਸਰਕਾਰ ਵੱਲੋਂ ਦਿਹਾਤੀ ਖੇਤਰਾਂ ਦੇ ਵਿਕਾਸ ਨੂੰ ਪਹਿਲ ਦਿੱਤੀ ਜਾਂਦੀ ਹੈ ਕਿਉਂਕਿ ਇੱਥੇ ਵੱਡੀ ਅਬਾਦੀ ਵਸੋਂ ਕਰਦੀ ਹੈ ਅਤੇ ਜੇਕਰ ਪਿੰਡ ਖੁਸ਼ਹਾਲ ਹੋਣਗੇ ਤਾਂ ਹੀ ਦੇਸ਼ ਦਾ ਵਿਕਾਸ ਹੋਵੇਗਾ।
ਇਸ ਤੋਂ ਪਹਿਲਾਂ ਬੋਲਦਿਆਂ ਏ.ਡੀ.ਸੀ. ਸ: ਚਰਨਦੇਵ ਸਿੰਘ ਮਾਨ ਨੇ ਕਿਹਾ ਕਿ ਇਸ ਗ੍ਰਾਂਟ ਦੇ ਚੈਕ ਦੇ ਨਾਲ ਹੀ ਇਸ ਗ੍ਰਾਂਟ ਦੀ ਵਰਤੋਂ ਸਬੰਧੀ ਦਿਸ਼ਾ ਨਿਰਦੇਸ਼ ਪੰਚਾਇਤਾਂ ਨੂੰ ਦਿੱਤੇ ਗਏ ਹਨ ਅਤੇ ਇਨ੍ਹਾਂ ਨਿਯਮਾਂ ਅਨੁਸਾਰ ਹੀ ਪੰਚਾਇਤਾਂ ਨੇ ਵਿਕਾਸ ਕਾਰਜ ਕਰਵਾਉਣੇ ਹਨ।ਇਸ ਮੌਕੇ ਹੋਰਨਾਂ ਤੋਂ ਇਲਾਵਾ ਚੇਅਰਮੇਨ ਮਾਰਕਿਟ ਕੇਮਟੀ ਸ੍ਰੀ ਵਿਨੋਦ ਬਜਾਜ, ਭਾਜਪਾ ਆਗੂ ਸ੍ਰੀ ਕੰਵਰ ਸੇਨ, ਸ੍ਰੀ ਓਮ ਪ੍ਰਕਾਸ਼, ਸ੍ਰੀ ਸੁਬੋਧ ਵਰਮਾ, ਸ੍ਰੀ ਬਲਜੀਤ ਸਹੋਤਾ, ਸ੍ਰੀ ਅਨਿਲ ਸੁਥਾਰ, ਸ੍ਰੀ ਹਰਨੇਕ ਸਿੰਘ, ਸ੍ਰੀ ਪਰਮਜੀਤ ਸਿੰਘ ਸ਼ੇਰਾ, ਸਰਪੰਚ ਦੇਸ਼ ਰਾਜ ਆਦਿ ਵੀ ਹਾਜਰ ਸਨ।
Punjab Post Daily Online Newspaper & Print Media