Wednesday, March 18, 2026

ਪੰਜਾਬੀ ਸਾਹਿਤ ਸਭਾ ਸਮਰਾਲਾ ਦੀ ਮਹੀਨਾਵਾਰ ਮੀਟਿੰਗ ਵਿਸ਼ਵ ਚਿੜੀ ਦਿਵਸ ਤੇ ਕਵਿਤਾ ਦਿਵਸ ਨੂੰ ਸਮਰਪਿਤ ਰਹੀ

PPN2103201620

ਸਮਰਾਲਾ, 21 ਮਾਰਚ (ਪੰਜਾਬ ਪੋਸਟ ਬਿਊਰੋ) – ਪੰਜਾਬੀ ਸਾਹਿਤ ਸਭਾ (ਰਜਿ) ਸਮਰਾਲਾ ਦੀ ਮਾਸਿਕ ਮੀਟਿੰਗ ਸਭਾ ਦੇ ਸਰਪ੍ਰਸਤ ਪੋ. ਬਲਦੀਪ ਦੀ ਪ੍ਰਧਾਨਗੀ ਹੇਠ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਵਿਖੇ ਹੋਈ, ਜਿਸ ਵਿੱਚ 30 ਲੇਖਕ ਤੇ ਸਾਹਿਤਕ ਵਿਦਵਾਨਾਂ ਨੇ ਭਾਗ ਲਿਆ। ਸਭਾ ਦੇ ਜਨਰਲ ਸਕੱਤਰ ਜਗਦੀਸ਼ ਨੀਲੋਂ ਵੱਲੋਂ ਪੇਸ਼ ਮਤੇ ਨੂੰ ਸਰਬਸੰਮਤੀ ਨਾਲ ਪ੍ਰਵਾਨ ਕਰਦਿਆਂ ਇਸ ਇਕੱਤਰਤਾ ਨੂੰ ਵਿਸ਼ਵ ਚਿੜੀ ਦਿਵਸ ਅਤੇ ਵਿਸ਼ਵ ਕਵਿਤਾ ਦਿਵਸ ਨੂੰ ਸਮਰਪਿਤ ਕੀਤਾ ਗਿਆ। ਸਭਾ ਦੇ ਸਰਪ੍ਰਸਤ ਜੋਗਿੰਦਰ ਸਿੰਘ ਜੋਸ਼ ਵੱਲੋਂ ਆਪਣੇ ਪੋਤਰੇ ਦੇ ਵਿਆਹ ਦੀ ਖੁਸ਼ੀ ਵਿੱਚ ਲਿਆਂਦੀ ਗਈ ਮਠਿਆਈ ਲਈ ਉਨ੍ਹਾਂ ਦਾ ਧੰਨਵਾਦ ਕੀਤਾ ਗਿਆ ਅਤੇ ਵਿਆਹ ਦੇ ਪਵਿੱਤਰ ਬੰਧਨ ਵਿੱਚ ਬੱਝ ਰਹੀ ਜੋੜੀ ਨੂੰ ਅਸ਼ੀਰਵਾਦ ਅਤੇ ਸ਼ੁਭਕਾਮਨਾਮਾਂ ਦਿੱਤੀਆਂ ਗਈਆਂ। ਰਚਨਾਵਾਂ ਦਾ ਦੌਰ ਦਰਸ਼ਨ ਸਿੰਘ ਗਿੱਲ ਦੇ ਗੀਤ ‘ਧਰਤੀ ਮਾਂ ਰੁਦਨ ਕਰੇ, ਉਸਦੀ ਕੌਣ ਕਰੇ ਰਖਵਾਲੀ’ ਨਾਲ ਕੀਤਾ ਗਿਆ। ਗੀਤ ਦਾ ਵਿਸ਼ਾ ਵਾਤਾਵਰਣ ਬਚਾਉਣ ਲਈ ਹੋਕਾ ਦੇ ਗਿਆ। ਜਰਨੈਲ ਸਿੰਘ ਮਾਂਗਟ ਵੱਲੋਂ ਪੇਸ਼ ਕਵਿਤਾ ਹਨੇਰੇ ਨੂੰ ਗਿਆਨ ਦੀ ਰੌਸ਼ਨੀ ਨਾਲ ਦੂਰ ਕਰਨ ਦਾ ਹੋਕਾ ਦੇ ਗਈ। ਮਨਦੀਪ ਮਾਣਕੀ ਵੱਲੋਂ ਗ਼ਜ਼ਲ਼ ਪੇਸ਼ ਕੀਤੀ ਗਈ। ਜਿਸ ਬਾਰੇ ਵਿਦਵਾਨਾਂ ਨੇ ਗਜ਼ਲ਼ ਬਾਰੇ ਪੁਸਤਕਾਂ ਪੜ੍ਹਨ ਦੀ ਸਲਾਹ ਦਿੱਤੀ ਗਈ। ਸਾਹਿਤ ਸਭਾ ਨੂੰ ਗ਼ਜ਼ਲ਼ ਬਾਰੇ ਨੇੜ ਭਵਿੱਖ ਵਿੱਚ ਸੈਮੀਨਾਰ ਕਰਵਾਉਣ ਦੀ ਸਲਾਹ ਵੀ ਦਿੱਤੀ ਗਈ। ਸੁਲੱਖਣ ਸਿੰਘ ਨੇ ਦੇਸ਼ ਬਚਾਉਣ ਦਾ ਅਵਹਾਨ ਕਰਦਿਆਂ ਖੂੁਬਸੂਰਤ ਗੀਤ ‘ਦੇਸ਼ ਮੇਰੇ ਦੀਆਂ ਜੜ੍ਹਾਂ ਦਿਨੋਂ ਦਿਨ ਪੁੱਟੀ ਜਾਂਦੇ ਨੇ’ ਪੇਸ਼ ਕੀਤਾ। ਜਗਦੀਪ ਸਿੰਘ ਵਿੱਕੀ (ਭੈਣੀ ਸਾਹਿਬ) ਨੇ ਵੀ ਆਪਣਾ ਗੀਤ ਗਾ ਕੇ ਪੇਸ਼ ਕੀਤਾ। ਸਾਹਿਤ ਸਭਾ ਸ੍ਰੀ ਭੈਣੀ ਸਾਹਿਬ ਦੇ ਪ੍ਰਧਾਨ ਗੁਰਸੇਵਕ ਸਿੰਘ ਦੇ ਗੀਤ ਵਿਚਲੇ ਭਾਵਾਂ ਵਿੱਚ ਮੌਤ ਨੂੰ ਹੋਰ ਸਮਾਂ ਦੂਰ ਰਹਿਣ ਦੀ ਬੇਨਤੀ ਕੀਤੀ ਗਈ ਤਾਂ ਜੋ ਅਧੂਰੇ ਰਹਿ ਗਏ ਕਾਰਜਾਂ ਨੂੰ ਪੂਰਾ ਕੀਤਾ ਜਾ ਸਕੇ।ਭੁਪਿੰਦਰ ਸਿੰਘ ਚੀਮਾ ਵੱਲੋਂ ਮਿੰਨੀ ਕਹਾਣੀ ‘ਰਾਹਾਂ’ ਸੁਣਾਈ ਗਈ, ਜਿਸ ਵਿਚਲੇ ਵਾਤਾਵਰਣ ਚਿਤਰਨ ਦੀ ਸ਼ਲਾਘਾ ਦੇ ਨਾਲ ਨਾਲ ਕਹਾਣੀ ਵਿਚਲੇ ਕਈ ਨੁਕਸ਼ਾਂ ਵੱਲ ਸੰਕੇਤ ਕੀਤਾ ਗਿਆ। ਇਟਲੀ ਤੋਂ ਭੇਜੀ ਬਲਜਿੰਦਰ ਰਹਿਲ ਦੀ ਕਵਿਤਾ ਸਭਾ ਦੇ ਮੀਤ ਸਕੱਤਰ ਦੀਪ ਦਿਲਬਰ ਵੱਲੋਂ ਸੁਣਾਈ ਗਈ। ਨੇਤਰ ਸਿੰਘ ਮੁੱਤੋਂ ਵੱਲੋਂ ਪੇਸ਼ ਕੀਤੀ ਗਈ ਕਵਿਤਾ ਬਾਰੇ ਕਿਹਾ ਗਿਆ ਕਿ ਉਸ ਵਿੱਚ ਉਹ ਕਵਿਤਾ ਵਾਲੀ ਕੋਈ ਗੱਲ ਪੇਸ਼ ਕਰਨ ਵਿੱਚ ਅਸਫਲ ਰਹੇ, ਉਨ੍ਹਾਂ ਨੂੰ ਆਪਣੇ ਪਹਿਲੇ ਕਥਾ ਖੇਤਰ ਵੱਲ ਆਉਣ ਦਾ ਸੁਝਾਅ ਦਿੱਤਾ ਗਿਆ। ਕਹਾਣੀਕਾਰ ਸੁਖਜੀਤ ਨੇ ਵੱਧ ਵੱਧ ਕਿਤਾਬਾਂ ਪੜ੍ਹਨ ਤੇ ਇੱਕ ਵਾਰ ਫਿਰ ਜੋਰ ਦਿੱਤਾ ਗਿਆ ਅਤੇ ਕਿਹਾ ਜਿਨ੍ਹਾਂ ਉਹ ਸਾਹਿਤ ਪੜ੍ਹਨਗੇ, ਉਨ੍ਹਾਂ ਹੀ ਉਹ ਵਧੇਰੇ ਨਿਖਰ ਕੇ ਲਿਖ ਸਕਣਗੇ। ਬਲਬੀਰ ਸਿੰਘ ਬੱਬੀ, ਸੰਦੀਪ ਤਿਵਾੜੀ ਖਜਾਨਚੀ, ਜਸਵੀਰ ਸਮਰਾਲਾ ਵੱਲੋਂ ਕ੍ਰਮਵਾਰ ਕਵਿਤਾਵਾਂ ਪੇਸ਼ ਕਰਕੇ ਆਪਣੀ ਹਾਜ਼ਰੀ ਲਵਾਈ ਗਈ। ਕਹਾਣੀਕਾਰ ਗੁਰਪਾਲ ਲਿੱਟ ਨੇ ਰੇਡੀਓ ਦੇਸ਼ ਪ੍ਰਦੇਸ਼ ਤੇ ਪੇਸ਼ ਕੀਤੀ ਸੁਖਜੀਤ ਦੀ ਕਵਿਤਾ ਪੇਸ਼ ਕੀਤੀ ਗਈ।
ਇਨ੍ਹਾਂ ਸਾਰੀਆਂ ਰਚਨਾਵਾਂ ਉੱਤੇ ਹੋਏ ਵਿਚਾਰ ਵਿਟਾਂਦਰੇ ਵਿੱਚ ਕਹਾਣੀਕਾਰ ਸੁਖਜੀਤ, ਕਹਾਣੀਕਾਰ ਗੁਰਪਾਲ ਲਿੱਟ, ਸਿੱਖ ਇਤਿਹਾਸਕਾਰ ਤੇ ਸੰਪਾਦਕ ਸਿਮਰਜੀਤ ਸਿੰਘ ਕੰਗ, ਐਡਵੋਕੇਟ ਨਰਿੰਦਰ ਸ਼ਰਮਾ, ਇੰਦਰਜੀਤ ਸਿੰਘ ਕੰਗ, ਸੰਤੋਖ ਸਿੰਘ ਕੋਟਾਲਾ, ਗਜ਼ਲ਼ਗੋ ਮੇਘ ਦਾਸ ਜਵੰਦਾ, ਸੁਰਜੀਤ ਵਿਸ਼ਾਦ, ਬਾਲ ਸਾਹਿਤ ਸ਼੍ਰੋਮਣੀ ਪੁਰਸਕਾਰ ਵਿਜੇਤਾ ਕਮਲਜੀਤ ਨੀਲੋਂ, ਲਖਵਿੰਦਰਪਾਲ ਸਿੰਘ ਖਾਲਸਾ, ਪੁਖਰਾਜ ਸਿੰਘ ਘੁਲਾਲ, ਦਰਸ਼ਨ ਸਿੰਘ ਕੰਗ ਨੇ ਵੀ ਭਾਗ ਲਿਆ। ਅੰਤ ਵਿੱਚ ਸਭਾ ਵੱਲੋਂ ਇੱਕ ਵਿਸ਼ਾਲ ਕਵ ਦਰਬਾਰ ਕਰਵਾਉਣ ਦਾ ਫੈਸਲਾ ਕੀਤਾ ਗਿਆ, ਜਿਸ ਦੀ ਰੂਪ ਰੇਖਾ ਜਲਦੀ ਹੀ ਤਿਆਰ ਕਰਨ ਲਈ ਮੀਟਿੰਗ ਬੁਲਾਉਣ ਦਾ ਫੈਸਲਾ ਕੀਤਾ ਗਿਆ। ਇਸ ਇਕੱਤਰਤਾ ਦੀ ਕਾਰਵਾਈ ਸਭਾ ਦੇ ਜਨਰਲ ਸਕੱਤਰ ਜਗਦੀਸ਼ ਨੀਲੋਂ ਵੱਲੋਂ ਚਲਾਈ ਗਈ ਅਤੇ ਅੰਤ ਵਿੱਚ ਸਭਾ ਦੇ ਸਰਪ੍ਰਸਤ ਪ੍ਰੋ. ਬਲਦੀਪ ਵੱਲੋਂ ਸਾਰੇ ਹਾਜ਼ਰ ਸਾਹਿਤਕਾਰਾਂ ਦਾ ਧੰਨਵਾਦ ਕੀਤਾ ਗਿਆ।

Check Also

ਖਾਲਸਾ ਕਾਲਜ ਇੰਜ਼ੀਨੀਅਰਿੰਗ ਵਿਖੇ ਤੀਜੀ ਰਾਸ਼ਟਰੀ ਮਹਿਲਾ ਕਾਨਫਰੰਸ ‘ਹਰਬਿਜ਼’ ਕਰਵਾਈ ਗਈ

ਅੰਮ੍ਰਿਤਸਰ, 16 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ਼ ਇੰਜੀਨੀਅਰਿੰਗ ਐਂਡ ਟੈਕਨਾਲੋਜੀ, ਰਣਜੀਤ ਐਵੀਨਿਊ …

Leave a Reply