
ਚਵਿੰਡਾ ਦੇਵੀ, 21 ਮਾਰਚ (ਪੰਜਬ ਪੋਸਟ ਬਿਊਰੋ)- ਪੰਜਾਬ ਦੇ ਮਾਲ ਅਤੇ ਲੋਕ ਸੰਪਰਕ ਮੰਤਰੀ ਸਰਦਾਰ ਬਿਕਰਮ ਸਿੰਘ ਮਜੀਠੀਆ ਨੇ ਆਮ ਆਦਮੀ ਪਾਰਟੀ (ਆਪ) ਦੇ ਕਨਵੀਨਰ ਅਰਵਿੰਦ ਕੇਜਰੀਵਾਲ ‘ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਆਪਣੇ ਪਹਿਲੇ ਬਿਆਨਾਂ ਤੋਂ ਮੁਕਰਨਾ ਕੇਜਰੀਵਾਲ ਦੀ ਫ਼ਿਤਰਤ ਦਾ ਅਹਿਮ ਹਿੱਸਾ ਰਿਹਾ ਹੈ ਅਤੇ ਪੰਜਾਬ ਦੇ ਦਰਿਆਈ ਪਾਣੀਆਂ ਦੇ ਮੁੱਦੇ ‘ਤੇ ਯੂ ਟਰਨ ਲੈਂਦਿਆਂ ਪੰਜਾਬ ਦੇ ਸਟੈਂਡ ਦੇ ਵਿਰੁੱਧ ਕੀਤੇ ਗਏ ਪ੍ਰਗਟਾਵੇ ਨਾਲ ਉਸ ਦੀ ਪੰਜਾਬ ਪ੍ਰਤੀ ਬਦਨੀਤੀ ਸਾਹਮਣੇ ਆ ਗਈ ਹੈ।
ਸ: ਮਜੀਠੀਆ ਅੱਜ ਇੱਥੇ ਪਿੰਡ ਚੁਗਾਵਾਂ ਰੂਪੋਵਾਲੀ ਦੇ ਵਿਕਾਸ ਕਾਰਜਾਂ ਲਈ 35 ਲੱਖ ਦੀ ਗ੍ਰਾਂਟ ਦੇਣ ਆਏ ਸਨ, ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ ਕਿ ਕੇਜਰੀਵਾਲ ਦਾ ਆਪਣੇ ਪਹਿਲੇ ਬਿਆਨ ਤੋਂ ਪਲਟਣਾ ਪੰਜਾਬੀਆਂ ਨਾਲ ਧੋਖਾ ਹੈ ਜਿਸ ਲਈ ਕੇਜਰੀਵਾਲ ਨੂੰ ਪੰਜਾਬ ਦੇ ਲੋਕਾਂ ਤੋਂ ਮੁਆਫ਼ੀ ਮੰਗਣੀ ਚਾਹੀਦੀ ਹੈ। ਸ: ਮਜੀਠੀਆ ਨੇ ਕਿਹਾ ਕਿ ਉਹ ਕੇਜਰੀਵਾਲ ਨੂੰ ਪੁੱਛਣਾ ਚਾਹੁੰਦੇ ਹਨ ਕਿ ਜਦੋਂ ਉਨ੍ਹਾਂ ਨੇ ਆਪਣੀ ਪੰਜਾਬ ਫੇਰੀ ਦੌਰਾਨ ਪੰਜਾਬ ਦੇ ਹੱਕ ਵਿੱਚ ਬਿਆਨ ਜਾਰੀ ਕਰਦਿਆਂ ਕਿਹਾ ਸੀ ਕਿ ਪੰਜਾਬ ਕੋਲ ਕਿਸੇ ਵੀ ਹੋਰ ਰਾਜ ਨੂੰ ਦੇਣ ਲਈ ਪਾਣੀ ਨਹੀਂ ਹੈ ਇਸ ਲਈ ਐਸ.ਵਾਈ ਐਲ. ਨਹਿਰ ਦਾ ਨਿਰਮਾਣ ਨਹੀਂ ਹੋਣਾ ਚਾਹੀਦਾ ਅਤੇ ਕੀ ਇਹ ਸਥਿਤੀ ਇੱਕ ਦਿਨ ਵਿੱਚ ਬਦਲ ਗਈ ਹੈ ਜੋ ਉਹ ਆਪਣੀ ਗੱਲ ਤੋਂ ਮੁੱਕਰ ਰਹੇ ਹਨ? ਉਹਨਾਂ ਕਿਹਾ ਕਿ ਪਾਣੀਆਂ ਦਾ ਮੁੱਦਾ ਪੰਜਾਬ ਲਈ ਅਤਿ ਸੰਵੇਦਨਸ਼ੀਲ ਮੁੱਦਾ ਹੈ ਪਰ ਕੇਜਰੀਵਾਲ ਨੇ ਇਸ ਨੂੰ ਵੀ ਆਪਣੀ ਸਿਆਸੀ ਨਫ਼ਾ ਨੁਕਸਾਨ ਦੇ ਨੁਕਤੇ ਤੋਂ ਹੀ ਦੇਖਿਆ। ਜਿਸ ਕਾਰਨ ਇਸ ਸੰਬੰਧੀ ਕੇਜਰੀਵਾਲ ਵੱਲੋਂ ਦਿਖਾਈ ਗਈ ਸ਼ੋਸ਼ੇਬਾਜ਼ੀ ਤੇ ਡਰਾਮੇਬਾਜ਼ੀ ਨੂੰ ਪੰਜਾਬ ਵਿੱਚ ‘ਆਪ’ ਦਾ ਝੰਡਾ ਚੁੱਕਣ ਵਾਲੇ ਵਰਕਰਾਂ ਨੇ ਕੇਜਰੀਵਾਲ ਵੱਲੋਂ ਉਹਨਾਂ ਦੇ ਪਿੱਠ ਵਿੱਚ ਛੁਰਾ ਮਾਰਨ ਤੁਲ ਸਮਝਿਆ ਤੇ ਲੋਕਾਂ ਸਾਹਮਣੇ ਵੀ ਨਮੋਸ਼ੀ ਸਹਿਣੀ ਪੈ ਰਹੀ ਹੈ। ਉਹਨਾਂ ਕਿਹਾ ਕਿ ਵਰਕਰਾਂ ਦੀ ਜਵਾਬ ਤਲਬੀ ਤੋਂ ਭੈ ਭੀਤ ਕੇਜਰੀਵਾਲ ਹੋਲੇ ਮਹੱਲੇ ‘ਤੇ ਅਨੰਦਪੁਰ ਸਾਹਿਬ ਆਉਣ ਦੀ ਹਿੰਮਤ ਨਹੀਂ ਜੁਟਾ ਪਾਇਆ ਤੇ ਉਸ ਨੂੰ ਇੱਥੇ ਨਾ ਆਉਣ ਦਾ ਫੈਸਲਾ ਲੈਣਾ ਪਿਆ। ਪੰਜਾਬ ਦੇ ਹਿਤਾਂ ਦੇ ਉਲਟ ਯੂ ਟਰਨ ਲੈ ਕੇ ਕੇਜਰੀਵਾਲ ਨੇ ਸਿਆਸੀ ਮੌਤ ਲਈ ਕਬਰ ਖੋਦ ਲਈ ਹੈ।ਉਹਨਾਂ ਕੇਜਰੀਵਾਲ ਨੂੰ ਪੰਜਾਬ ਵਿੱਚ ਪੈਰ ਪਸਾਰਨ ਦਾ ਖ਼ੁਆਬ ਛੱਡ ਦੇ ਦੀ ਸਲਾਹ ਦਿੰਦਿਆਂ ਕਿਹਾ ਕਿ ਪੰਜਾਬ ਦੇ ਹੱਕਾਂ ਦੀ ਗਲ ਪੰਜਾਬੀ ਹੀ ਕਰ ਸਕਦੇ ਹਨ, ਮੌਕਾਪ੍ਰਸਤੀ ਤੇ ਦੋਗਲੀ ਰਾਜਨੀਤੀ ਕਰਨ ਵਾਲਿਆਂ ਲਈ ਪੰਜਾਬ ਦੇ ਮੁੱਦਿਆਂ ਦੀ ਗਹਿਰਾਈ ਨੂੰ ਸਮਝ ਸਕਣਾ, ਵਸ ਦੀ ਗਲ ਨਹੀਂ ਹੈ। ਉਹਨਾਂ ਕਿਹਾ ਕਿ ਕੇਜਰੀਵਾਲ ਨੂੰ ਇਹ ਸਮਝ ਲੈਣਾ ਚਾਹੀਦਾ ਹੈ ਕਿ ਝੂਠ ਅਤੇ ਪ੍ਰਾਪੇਗੰਡਾ ਕਰਕੇ ਦਿੱਲੀ ਦੀ ਸਤਾ ਤਾਂ ਹਥਿਆ ਲਈ ਪਰ ਪੰਜਾਬ ਵਾਸੀਆਂ ਦੇ ਦਿਲਾਂ ਵਿੱਚ ਜਗਾ ਬਣਾਉਣ ਲਈ ਕਹਿਣੀ ਤੇ ਕਰਨੀ ਦੇ ਪੱਕੇ ਹੋਣਾ ਜ਼ਰੂਰੀ ਹੈ। ਉਨ੍ਹਾਂ ਯਾਦ ਦੁਆਇਆ ਕਿ ਜਦੋਂ ਆਪ ਦੀ ਦਿੱਲੀ ਵਿੱਚ ਪਹਿਲੀ ਵਾਰ ਸਰਕਾਰ ਬਣਨੀ ਸੀ ਤਾਂ ਉਸ ਤੋਂ ਪਹਿਲਾਂ ਇਸ ਨੇ ਆਪਣੇ ਬੇਟੇ ਦੇ ਸਿਰ ਤੇ ਹੱਥ ਰੱਖ ਕੇ ਕਿਹਾ ਸੀ ਕਿ ਉਹ ਕਦੇ ਵੀ ਕਾਂਗਰਸ ਪਾਰਟੀ ਨਾਲ ਰਲ ਕੇ ਸਰਕਾਰ ਨਹੀਂ ਬਣਾਉਣਗੇ ਪਰ ਉਸ ਨੇ ਚੋਣਾਂ ਤੋਂ ਤੁਰੰਤ ਬਾਦ ਇਸ ਗੱਲ ਤੋਂ ਵੀ ਕਿਨਾਰਾਕਸ਼ੀ ਕਰ ਲਈ ਸੀ ਕਿਉਂਕਿ ਉਸ ਨੂੰ ਦਿੱਲੀ ਵਿੱਚ ਸਰਕਾਰ ਬਨਾਉਣ ਲਈ ਕਾਂਗਰਸੀ ਵਿਧਾਇਕਾਂ ਦੀ ਲੋੜ ਸੀ। ਉਸੇ ਤਰ੍ਹਾਂ ਹੀ ਹੁਣ ਉਸ ਨੇ ਐਸ.ਵਾਈ. ਐਲ ਦੇ ਮੁੱਦੇ ‘ਤੇ ਪੰਜਾਬ ਵਿੱਚ ਸਿਆਸੀ ਲਾਹਾ ਖੱਟਣ ਦੇ ਮਕਸਦ ਨਾਲ ਪਹਿਲਾਂ ਤਾਂ ਪੰਜਾਬ ਦੇ ਹੱਕ ਵਿੱਚ ਬਿਆਨ ਜਾਰੀ ਕਰ ਦਿੱਤਾ ਪਰ ਬਾਦ ਵਿੱਚ ਹਰਿਆਣਵੀ ਹੋਣ ਦੇ ਸਬੂਤ ਦਿੰਦਿਆਂ ਆਪਣੀ ਗੱਲ ਤੋਂ ਪਾਸਾ ਵੱਟ ਲਿਆ । ਉਨ੍ਹਾਂ ਕਿਹਾ ਕਿ ਅਜਿਹਾ ਵਿਅਕਤੀ ਕਦੇ ਵੀ ਪੰਜਾਬ ਦੇ ਲੋਕਾਂ ਦਾ ਹਿਤੈਸ਼ੀ ਨਹੀਂ ਹੋ ਸਕਦਾ ਅਤੇ ਉਸ ਦੀ ਮਾਨਸਿਕਤਾ ਗਾਂਧੀ ਪਰਿਵਾਰ ਵਾਂਗ ਹੀ ਪੰਜਾਬ ਵਿਰੋਧੀ ਹੈ। ਉਹਨਾਂ ਕਿਹਾ ਕਿ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਅਤੇ ਉਪ ਮੁੱਖ ਮੰਤਰੀ ਸ; ਸੁਖਬੀਰ ਸਿੰਘ ਬਾਦਲ ਹਮੇਸ਼ਾਂ ਪੰਜਾਬ ਸਭ ਤੋਂ ਵੱਡੇ ਹਿਤੈਸ਼ੀ ਰਹੇ ਹਨ। ਜਿਨ੍ਹਾਂ ਦੀ ਅਗਵਾਈ ਵਿੱਚ ਪੰਜਾਬੀਆਂ ਨੇ ਪੰਜਾਬ ਦੇ ਹੱਕਾਂ ਦੀ ਲੜਾਈ ਲੜੀ ਹੈ। ਉਹਨਾਂ ਕਿਹਾ ਕਿ ਇੰਦਰਾ ਗਾਂਧੀ ਸਮੇਤ ਕੇਂਦਰ ਦੀਆਂ ਕਾਂਗਰਸ ਸਰਕਾਰਾਂ ਨੇ ਗੈਰ ਰਿਪੇਰੀਅਨ ਰਾਜਾਂ ਨੂੰ ਪੰਜਾਬ ਦਾ ਪਾਣੀ ਲੁਟਾ ਕੇ ਪੰਜਾਬ ਨਾਲ ਧੱਕਾ ਕੀਤਾ ਹੈ,ਉਹਨਾਂ ਕਿਹਾ ਕਿ ਇਸ ਵਾਰ ਪਾਣੀਆਂ ਦੇ ਮੁੱਦੇ ‘ਤੇ ਸਮੂਹ ਪੰਜਾਬੀਆਂ ਨੇ ਆਰ ਪਾਰ ਦੀ ਲੜਾਈ ਦਾ ਪਕਾ ਇਰਾਦਾ ਧਾਰ ਲਿਆ ਹੈ।ਇਸ ਮੌਕੇ ਤਲਬੀਰ ਸਿੰਘ ਗਿੱਲ, ਮੇਜਰ ਸ਼ਿਵੀ,ਰੇਸ਼ਮ ਸਿੰਘ ਭੁੱਲਰ, ਮੀਡੀਆ ਸਲਾਹਕਾਰ ਪ੍ਰੋ: ਸਰਚਾਂਦ ਸਿੰਘ, ਸਰਪੰਚ ਰਣਜੀਤ ਸਿੰਘ ਰਾਣਾ, ਹਰਦੀਪ ਸਿੰਘ ਚੋਗਾਵਾਂ, ਬਲਰਾਜ ਸਿੰਘ ਔਲਖ, ਗੌਰਵ ਬੱਬਾ, ਸਕਤਰ ਸਿੰਘ, ਹਰਜਿੰਦਰ ਸਿੰਘ ਰੂਪੋਵਾਲੀ, ਜਗਦੀਸ਼ ਸਿੰਘ ਬਿਲਾ, ਹਰਪਾਲ ਸਿੰਘ, ਕਾਰਜ ਸਿੰਘ, ਮੇਜਰ ਸਿੰਘ, ਰਾਜਵਿੰਦਰ ਸਿੰਘ, ਅਮਰਜੀਤ ਸਿੰਘ ਫੌਜੀ, ਮਨਿੰਦਰ ਸਿੰਘ ਐਕਸੀਅਨ, ਬੀਡੀਓ ਜ਼ੀਨਤ ਖਹਿਰਾ, ਬਲਵਿੰਦਰ ਸਿੰਘ ਬੱਲੋਵਾਲੀ, ਆਦਿ ਮੌਜੂਦ ਸਨ।
Punjab Post Daily Online Newspaper & Print Media