
ਅੰਮ੍ਰਿਤਸਰ, 22 ਮਾਰਚ (ਜਗਦੀਪ ਸਿੰਘ ਸੱਗੂ)- ਡਿਪਟੀ ਕਮਿਸ਼ਨਰ ਸ੍ਰੀ ਵਰੁਣ ਰਜ਼ੂਮ ਦੇ ਵਿਸੇਸ਼ ਯਤਨਾਂ ਸਦਕਾ ਅੱਜ ਜ਼ਿਲ੍ਹੇ ਭਰ ਵਿਚ 17 ਵੱਖ-ਵੱਖ ਥਾਵਾਂ ‘ਤੇ ਜ਼ਿਲ੍ਹੇ ਵਿਚ ਲਿੰਗ ਅਨੁਪਾਤ ਸੁਧਾਰਨ ਲਈ ‘ਬੇਟੀ ਬਚਾਉ-ਬੇਟੀ ਪੜਾਉ ਮੁਹਿੰਮ’ ਦੇ ਬੈਨਰ ਹੇਠ ਸਮਾਗਮ ਕਰਵਾਏ ਗਏ, ਜਿੰਨਾਂ ਵਿਚ ਬੱਚੀਆਂ ਦੇ ਮਾਪਿਆਂ ਨਾਲ ਮੀਟਿੰਗਾਂ ਕੀਤੀਆਂ ਗਈਆਂ ਅਤੇ ਲੜਕੀਆਂ ਦੇ ਵੱਖ-ਵੱਖ ਹੁਨਰਾਂ ਵਿਚ ਮੁਕਾਬਲੇ ਕਰਵਾਏ ਗਏ। ਇਸ ਸਬੰਧੀ ਇਕ ਵਿਸ਼ੇਸ਼ ਸਮਾਗਮ ਮਹਾਤਮਾ ਸਕੂਲ ਨੇੜੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਵਿਖੇ ਕਰਵਾਇਆ ਗਿਆ, ਜਿਸ ਵਿਚ ਐਸ ਡੀ ਐਮ 2 ਸ੍ਰੀ ਰਾਜੇਸ਼ ਸ਼ਰਮਾ ਨੇ ਬਤੌਰ ਮੁੱਖ ਮਹਿਮਾਨ ਸ਼ਿਰਕਤ ਕੀਤੀ। ਇਸ ਮੌਕੇ ਉਨਾਂ ਸੰਬੋਧਨ ਕਰਦੇ ਕਿਹਾ ਕਿ ਇਹ ਬੜੇ ਅਫਸੋਸ ਨਾਲ ਕਹਿਣਾ ਪੈ ਰਿਹਾ ਹੈ ਕਿ ਅਸੀਂ ਗੁਰੂ ਨਾਨਕ ਦੇਵ ਜੀ ਵੱਲੋਂ ਦਿੱਤੀ ਸਿੱਖਿਆ ‘ਸੋ ਕਿਉ ਮੰਦਾ ਆਖੀਐ..’ ਨੂੰ ਭੁੱਲ ਗਏ ਹਾਂ ਅਤੇ ਅੱਜ ਫਿਰ ਸਰਕਾਰਾਂ ਨੂੰ ਲਿੰਗ ਅਨੁਪਾਤ ਵਿਚ ਸੁਧਾਰ ਕਰਨ ਲਈ ਕੋਸ਼ਿਸ਼ਾਂ ਕਰਨੀਆਂ ਪੈ ਰਹੀਆਂ ਹਨ। ਉਨਾਂ ਕਿਹਾ ਕਿ ਸਾਨੂੰ ਸਿਰਫ ਆਪਣੀ ਸੋਚ ਬਦਲਣ ਦੀ ਲੋੜ ਹੈ, ਲੜਕੀਆਂ ਕਿਸੇ ਵੀ ਤਰਾਂ ਲੜਕਿਆਂ ਨਾਲੋਂ ਪਿੱਛੇ ਨਹੀਂ ਰਹੀਆਂ, ਚਾਹੇ ਉਹ ਕੋਈ ਵੀ ਖੇਤਰ ਹੋਵੇ ਜਾਂ ਮਾਤਾ-ਪਿਤਾ ਦੀ ਸੇਵਾ ਦੀ ਗੱਲ, ਹਰ ਪਾਸੇ ਲੜਕੀਆਂ ਅੱਗੇ ਆ ਰਹੀਆਂ ਹਨ। ਉਨਾਂ ਕਿਹਾ ਕਿ ਜੇਕਰ ਅਸੀਂ ਆਪਣੀ ਸੋਚ ਬਦਲਕੇ ਲੜਕੀਆਂ ਨੂੰ ਲੜਕਿਆਂ ਵਾਂਗ ਪਿਆਰ ਦਿੰਦੇ ਹੋਏ ਅੱਗੇ ਵੱਧਣ ਦੇ ਮੌਕੇ ਦਈਏ, ਤਾਂ ਸਮਾਜ ਵਿਚ ਲੜਕੀਆਂ ਪ੍ਰਤੀ ਫੈਲੀਆਂ ਸਾਰੀਆਂ ਬੁਰਾਈਆਂ ਵੀ ਆਪ ਹੀ ਖਤਮ ਹੋ ਜਾਣਗੀਆਂ। ਉਨਾਂ ਇਸ ਮੌਕੇ ਲੜਕੀਆਂ ਦੇ ਸੁੰਦਰ ਲਿਖਾਈ, ਸੰਗੀਤ, ਰੰਗੋਲੀ ਬਨਾਉਣ ਆਦਿ ਦੇ ਮੁਕਾਬਲਿਆਂ ਵਿਚ ਜੇਤੂ ਰਹੀਆਂ ਬੱਚੀਆਂ ਨੂੰ ਇਨਾਮ ਵੀ ਤਕਸੀਮ ਕੀਤੇ। ਇਸ ਮੌਕੇ ਹੋਰਨਾਂ ਹਾਜ਼ਰ ਜ਼ਿਲ੍ਹਾ ਪ੍ਰੋਗਰਾਮ ਅਫਸਰ ਸ੍ਰੀਮਤੀ ਗੁਰਿੰਦਰਜੀਰ ਕੌਰ ਨੇ ਦੱਸਿਆ ਕਿ ਅੱਜ ਇਕੋ ਸਮੇਂ ਜ਼ਿਲ੍ਹੇ ਵਿਚ 17 ਸਮਾਗਮ ਇਸ ਮੁਹਿੰਮ ਤਹਿਤ ਕਰਵਾਏ ਜਾ ਰਹੇ ਹਨ, ਤਾਂ ਕਿ ਲਿੰਗ ਅਨੁਪਾਤ ਵਿਚ ਸੁਧਾਰ ਲਿਆ ਕੇ ਪੰਜਾਬ ਨੂੰ ਇਸ ਖੇਤਰ ਵਿਚ ਵੀ ਦੇਸ਼ ਦੀ ਅਗਵਾਈ ਕਰਨ ਵਾਲਾ ਸੂਬਾ ਬਣਾਇਆ ਜਾ ਸਕੇ। ਉਨਾਂ ਦੱਸਿਆ ਕਿ ਹੁਣ ਇਸ ਮੁਹਿੰਮ ਨੂੰ ਅੱਗੇ ਤੋਰਦੇ ਹੋਏ ਘਰੇਲੂ ਹਿੰਸਾ ਐਕਟ ਅਧੀਨ ਜਾਗਰੂਕਤਾ ਫੈਲਾਉਣ ਵਾਸਤੇ ਪ੍ਰੋਗਰਾਮ ਸ਼ੁਰੂ ਕੀਤੇ ਜਾ ਰਹੇ ਹਨ ਅਤੇ ਇਸ ਅਧੀਨ 28 ਮਾਰਚ ਨੂੰ ਕ੍ਰਿਸ਼ਾਨ ਰਿਜ਼ੋਰਟ, ਢਪੱਈ ਰੋਡ ਵਿਖੇ ਸਮਾਗਮ ਕਰਵਾਇਆ ਜਾ ਰਿਹਾ ਹੈ। ਉਨਾਂ ਇਸ ਮੁਹਿੰਮ ਲਈ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਵੱਲੋਂ ਮਿਲ ਰਹੇ ਸਹਿਯੋਗ ਦਾ ਵਿਸ਼ੇਸ਼ ਤੌਰ ‘ਤੇ ਜ਼ਿਕਰ ਕੀਤਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸੀ ਡੀ ਪੀ ਓ ਮੀਨਾ ਦੇਵੀ ਅਤੇ ਹੋਰ ਹਾਜ਼ਰ ਸਨ।
Punjab Post Daily Online Newspaper & Print Media