Monday, March 16, 2026

ਸੂਬੇ ਵਿਚ ਵਿਛਾਇਆ ਜਾ ਰਿਹਾ ਹੈ 4-6 ਮਾਰਗੀ ਸੜਕਾਂ ਦਾ ਜਾਲ – ਸੁਰਜੀਤ ਜਿਆਣੀ

Sujit Jianai

ਫਾਜ਼ਿਲਕਾ, 22 ਮਾਰਚ (ਵਨੀਤ ਅਰੋੜਾ)- ਸੂਬੇ ਦੇ ਸੜਕੀ ਨੈਟਵਰਕ ਨੂੰ ਹੋਰ ਮਜਬੂਤ ਕਰਨ ਲਈ ਮੁੱਖ ਮੰਤਰੀ ਸ: ਪਰਕਾਸ਼ ਸਿੰਘ ਬਾਦਲ ਦੀ ਅਗਵਾਈ ਵਾਲੀ ਸੂਬਾ ਸਰਕਾਰ ਵੱਲੋਂ ਕੀਤੇ ਜਾ ਰਹੇ ਉਪਰਾਲਿਆਂ ਨਾਲ ਰਾਜ ਭਰ ਵਿਚ ਨਵੀਆਂ ਚਹੁੰ ਅਤੇ ਛੇ ਮਾਰਗੀ ਸੜਕਾਂ ਬਣ ਰਹੀਆਂ ਹਨ ਉਥੇ ਹੀ ਭਾਰਤ ਸਰਕਾਰ ਨੇ ਫਾਜ਼ਿਲਕਾ ਜ਼ਿਲ੍ਹੇ ਵਿਚੋਂ ਲੰਘਦੀਆਂ ਦੋ ਹੋਰ ਸੜਕਾਂ ਨੂੰ ਕੌਮੀ ਰਾਜ ਮਾਰਗ ਦਾ ਦਰਜਾ ਦੇਣ ਦਾ ਫੈਸਲਾ ਕੀਤਾ ਹੈ। ਇਹ ਜਾਣਕਾਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਚੌਧਰੀ ਸੁਰਜੀਤ ਕੁਮਾਰ ਜਿਆਣੀ ਨੇ ਅੱਜ ਇੱਥੇ ਇਕ ਪ੍ਰੈਸ ਬਿਆਨ ਵਿਚ ਦਿੱਤੀ।
ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਚੌਧਰੀ ਸੁਰਜੀਤ ਕੁਮਾਰ ਜਿਆਣੀ ਨੇ ਦੱਸਿਆ ਕਿ ਰਾਜ ਵਿਚ 2083 ਕਰੋੜ ਰੁਪਏ ਨਾਲ 319 ਕਿਲੋਮੀਟਰ ਲੰਬੇ 6 ਸੜਕੀ ਪ੍ਰੋਜੈਕਟ ਮੁਕੰਮਲ ਹੋ ਚੁੱਕੇ ਹਨ। ਜਦ ਕਿ 917 ਕਿਲੋਮੀਟਰ ਸੜਕਾਂ ਨੂੰ ਚਹੁੰ ਜਾਂ ਛੇ ਮਾਰਗੀ ਕਰਨ ਦੇ 10 ਪ੍ਰੋਜੈਕਟ ਪ੍ਰਗਤੀ ਅਧੀਨ ਹਨ ਜਿੰਨ੍ਹਾਂ ਤੇ 13993 ਕਰੋੜ ਰੁਪਏ ਖਰਚ ਆਉਣਗੇ। ਇਸੇ ਤਰਾਂ 231 ਕਿਲੋਮੀਟਰ ਸੜਕਾਂ ਨੂੰ ਚਹੁੰ ਮਾਰਗੀ ਕਰਨ ਦੇ ਪ੍ਰੋਜੈਕਟਾਂ ਲਈ ਟੈਂਡਰ ਮੰਗੇ ਹੋਏ ਹਨ ਅਤੇ ਇੰਨ੍ਹਾਂ ਤੇ 4999 ਕਰੋੜ ਰੁਪਏ ਖਰਚ ਆਉਣਗੇ। ਇਸੇ ਤਰਾਂ 320 ਕਿਲੋਮੀਟਰ ਹੋਰ ਸੜਕਾਂ ਨੂੰ ਚੌੜਾਂ ਕਰਨ ਦੀ ਪ੍ਰਵਾਨਗੀ ਮਿਲ ਚੁੱਕੀ ਹੈ ਅਤੇ ਇੰਨ੍ਹਾਂ ਦਾ ਕੰਮ ਵੀ ਇਸੇ ਸਾਲ ਸ਼ੁਰੂ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਪੰਜਾਬ ਅੱਜ ਦੇਸ਼ ਦਾ ਸਭ ਤੋਂ ਵਧੀਆਂ ਸੜਕੀ ਨੈਟਵਰਕ ਵਾਲਾ ਸੂਬਾ ਬਣ ਕੇ ਉਭਰਿਆ ਹੈ ਅਤੇ ਇਸ ਦਾ ਸੂਬੇ ਦੇ ਵਿਕਾਸ ਵਿਚ ਮਹੱਤਵਪੂਰਨ ਯੋਗਦਾਨ ਪਵੇਗਾ। ਚੌਧਰੀ ਜਿਆਣੀ ਨੇ ਦੱਸਿਆ ਕਿ ਪੰਜਾਬ ਵਿਚ ਸੜਕੀ ਘਣਤਾ 133 ਕਿਲੋਮੀਟਰ ਪ੍ਰਤੀ 100 ਵਰਗ ਕਿਲੋਮੀਟਰ ਹੈ ਜੋ ਕਿ ਦੇਸ਼ ਵਿਚੋਂ ਸਭ ਤੋਂ ਵੱਧ ਹੈ। ਇਸ ਤੋਂ ਬਿਨ੍ਹਾਂ ਸਾਲ 2007 ਤੋਂ ਬਾਅਦ ਹੁਣ ਤੱਕ ਪੰਜਾਬ ਵਿਚ ਪੁੱਲਾਂ ਦੇ ਨਿਰਮਾਣ ਤੇ 2312 ਕਰੋੜ ਰੁਪਏ ਖਰਚ ਕੀਤੇ ਗਏ ਹਨ। ਇਸ ਸਮੇਂ ਦੌਰਾਨ ਰਾਜ ਵਿਚ 65 ਰੇਲਵੇ ਓਵਰ ਬ੍ਰਿਜ, ਨਹਿਰਾਂ ਅਤੇ ਨਦੀਆਂ ਤੇ 102 ਪੁਲ ਅਤੇ 4 ਫਲਾਈ ਓਵਰ ਨਿਰਮਤ ਕੀਤੇ ਗਏ ਹਨ।
ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਨੇ ਦੱਸਿਆ ਕਿ ਸਰਕਾਰ ਨੇ ਪਿੱਛਲੇ ਸਾਲ ਜਲਾਲਾਬਾਦ-ਕੋਟਕਪੁਰਾ ਬਰਾਸਤਾ ਸ੍ਰੀ ਮੁਕਤਸਰ ਸਾਹਿਬ ਨੂੰ ਕੌਮੀ ਰਾਜ ਮਾਰਗ ਦਾ ਦਰਜਾ ਦਿੱਤਾ ਸੀ ਜਦ ਕਿ ਇਸ ਸਾਲ ਅਬੋਹਰ ਤੋਂ ਡੱਬਵਾਲੀ ਬਰਾਸਤਾ ਸੀਤੋ-ਖੁੱਬਣ ਸੜਕ ਨੂੰ ਸਰਕਾਰ ਨੇ ਨੈਸ਼ਨਲ ਰਾਜ ਮਾਰਗ ਦਾ ਦਰਜਾ ਦਿੱਤਾ ਹੈ। ਅਬੋਹਰ-ਡੱਬਵਾਲੀ ਰੋਡ ਵਾਇਆ ਸੀਤੋ ਖੁੱਬਣ ਰੋਡ ਜੋ ਕੇ ਪਹਿਲਾਂ ਐਮ.ਡੀ.ਆਰ.-39 ਹੈ ਦੀ 56 ਕਿਲੋਮੀਟਰ ਲੰਬਾਈ ਨੂੰ ਕੌਮੀ ਰਾਜ ਮਾਰਗ ਦਾ ਦਰਜਾ ਦਿੱਤਾ ਗਿਆ ਹੈ। ਇਸ ਦਾ ਕੋਈ 30 ਕਿਲੋਮੀਟਰ ਹਿੱਸਾ ਫਾਜ਼ਿਲਕਾ ਜ਼ਿਲ੍ਹੇ ਵਿਚ ਪੈਂਦਾ ਹੈ। ਇਸ ਦੀ ਪਹਿਲਾਂ ਚੌੜਾਈ 5.5 ਮੀਟਰ ਹੈ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਸਰਕਾਰ ਨੇ ਸਬੰਧਤ ਮਹਿਕਮੇ ਨੂੰ ਇੰਨ੍ਹਾਂ ਸੜਕਾਂ ਸਬੰਧੀ ਐਸਟੀਮੇਟ ਤਿਆਰ ਕਰਨ ਲਈ ਕਿਹਾ ਗਿਆ ਹੈ। ਇਸ ਤੋਂ ਪਹਿਲਾਂ ਪਿਛਲੇ ਸਾਲ ਸਰਕਾਰ ਨੇ ਜਲਾਲਾਬਾਦ ਤੋਂ ਕੋਟਕਪੂਰਾ ਬਰਾਸਤਾ ਸ੍ਰੀ ਮੁਕਤਸਰ ਸਾਹਿਬ ਨੂੰ ਵੀ ਕੌਮੀ ਰਾਜ ਮਾਰਗ ਐਲਾਣਿਆ ਸੀ ਅਤੇ ਇਸ ਨੂੰ ਚੌੜਾ ਕਰਨ ਦਾ ਕੰਮ ਪ੍ਰਗਤੀ ਅਧੀਨ ਹੈ। ਇਸ ਨੈਸ਼ਨਲ ਹਾਈਵੇ ਦੀ ਕੁੱਲ ਲੰਬਾਈ 62 ਕਿਲੋਮੀਟਰ ਹੈ ਅਤੇ ਸ੍ਰੀ ਮੁਕਤਸਰ ਸਾਹਿਬ ਇਸ ਦੇ ਮੱਧ ਵਿਚ ਹੈ। ਇਹ ਜਲਾਲਾਬਾਦ ਤੋਂ ਫਿਰੋਜ਼ਪੁਰ-ਫਾਜ਼ਿਲਕਾ ਸੜਕ ਨੂੰ ਰਾਸ਼ਟਰੀ ਰਾਜਮਾਰਗ ਨੰਬਰ 15 ਨਾਲ ਕੋਟਕਪੂਰਾ ਵਿਖੇ ਜੋੜੇਗਾ। ਉਨ੍ਹਾਂ ਦੱਸਿਆ ਕਿ ਪਹਿਲਾਂ ਸ੍ਰੀ ਮੁਕਤਸਰ ਸਾਹਿਬ ਅਤੇ ਜਲਾਲਾਬਾਦ ਦੇ ਵਿਚਕਾਰ ਦੀ ਸੜਕ ਦੀ ਚੌੜਾਈ 5.5 ਮੀਟਰ ਹੈ ਜਿਸ ਨੂੰ ਵਧਾ ਕੇ 7 ਮੀਟਰ ਕੀਤਾ ਜਾ ਰਿਹਾ ਹੈ ਜਦੋਂ ਕਿ ਸ੍ਰੀ ਮੁਕਤਸਰ ਸਾਹਿਬ ਕੋਟਕਪੂਰਾ ਰੋਡ ਜਿਸ ਦੀ ਪਹਿਲਾਂ ਚੌੜਾਈ 7 ਮੀਟਰ ਹੈ ਨੂੰ ਵਧਾ ਕੇ 10 ਮੀਟਰ ਕਰਨ ਦਾ ਕੰਮ ਆਖਰੀ ਪੜਾਅ ਤੇ ਹੈ।
ਸਿਹਤ ਮੰਤਰੀ ਨੇ ਦੱਸਿਆ ਕਿ ਇੰਨ੍ਹਾਂ ਸੜਕਾਂ ਦੇ ਰਾਸ਼ਟਰੀ ਰਾਜਮਾਰਗ ਬਣ ਜਾਣ ਨਾਲ ਜ਼ਿਲ੍ਹੇ ਦੇ ਸਰਵਪੱਖੀ ਵਿਕਾਸ ਨੂੰ ਵੱਡਾ ਹੁੰਗਾਰਾ ਮਿਲੇਗਾ ਅਤੇ ਇਲਾਕੇ ਵਿਚ ਨਵੇਂ ਉਦਯੋਗ ਵੀ ਆਉਣਗੇ ਕਿਉਂਕਿ ਨਿਵੇਸਕ ਉਸ ਜਗਾਂ ਉਦਯੋਗ ਸਥਾਪਤੀ ਨੂੰ ਪਹਿਲ ਦਿੰਦੇ ਹਨ ਜਿੱਥੇ ਚੰਗਾ ਸੜਕੀ ਨੈਟਵਰਕ ਹੋਵੇ। ਉਨ੍ਹਾਂ ਕਿਹਾ ਕਿ ਇਸ ਨਾਲ ਜ਼ਿਲ੍ਹੇ ਦੇ ਲੋਕਾਂ ਨੂੰ ਵੀ ਬਿਹਤਰੀ ਸੜਕੀ ਸਹੁਲਤਾਂ ਮਿਲ ਸਕਣਗੀਆਂ।

Check Also

ਦਿੱਲੀ ਦੇ ਉਪ ਰਾਜਪਾਲ ਤਰਨਜੀਤ ਸਿੰਘ ਸੰਧੂ ਨੇ ਗੁ. ਟਾਹਲਾ ਸਾਹਿਬ ਵਿਖੇ ਕੀਤਾ ਸ਼ੁਕਰਾਨਾ

ਅੰਮ੍ਰਿਤਸਰ, 16 ਮਾਰਚ (ਸੁਖਬੀਰ ਸਿੰਘ) – ਦਿੱਲੀ ਦੇ ਉਪ ਰਾਜਪਾਲ ਨਿਯੁੱਕਤ ਹੋਣ ਤੋਂ ਬਾਅਦ ਪਹਿਲੀ …

Leave a Reply