
ਅੰਮ੍ਰਿਤਸਰ, 27 ਮਾਰਚ (ਜਗਦੀਪ ਸਿੰਘ ਸੱਗੂ)- ‘ਪੰਜਾਬ ਸਰਕਾਰ ਸੂਬੇ ਦਾ ਸਰਵ ਪੱਖੀ ਵਿਕਾਸ ਕਰਵਾਉਣ ਦੇ ਨਾਲ-ਨਾਲ ਜਿੱਥੇ ਆਪਣੇ ਲੋਕਾਂ ਦੀ ਭਲਾਈ ਲਈ ਵਚਨਬੱਧ ਹੈ, ਉਥੇ ਪੰਜਾਬੀਆਂ ਦੇ ਚਾਅ-ਰੀਝਾਂ ਪੂਰੀਆਂ ਕਰਨ ਲਈ ਵੀ ਕੰਮ ਕਰ ਰਹੀ ਹੈ। ਮੁੱਖ ਮੰਤਰੀ ਤੀਰਥ ਦਰਸ਼ਨ ਯਾਤਰਾ ਯੋਜਨਾ ਇਸੇ ਕੋਸ਼ਿਸ਼ ਦਾ ਇਕ ਹਿੱਸਾ ਹਨ।’ ਉਕਤ ਸ਼ਬਦਾਂ ਦਾ ਪ੍ਰਗਟਾਵਾ ਮਾਲ ਤੇ ਲੋਕ ਸੰਪਰਕ ਮੰਤਰੀ ਸ. ਬਿਕਰਮ ਸਿੰਘ ਮਜੀਠੀਆ ਨੇ ਛੋਹਰਟਾ ਰੇਲਵੇ ਸਟੇਸ਼ਨ ਤੋਂ ਸ੍ਰੀ ਹਜ਼ੂਰ ਸਾਹਿਬ ਦੇ ਦਰਸ਼ਨਾਂ ਨੂੰ ਜਾਣ ਵਾਲੀ ਰੇਲ ਗੱਡੀ ਨੂੰ ਝੰਡੀ ਵਿਖਾਉਣ ਮਗਰੋਂ ਪ੍ਰੈਸ ਨਾਲ ਗੱਲਬਾਤ ਕਰਦੇ ਕੀਤਾ। ਉਨਾਂ ਕਿਹਾ ਕਿ ਤੀਰਥ ਯਾਤਰਾ ਦਾ ਸਾਡੇ ਸਭਿਆਚਾਰ ਵਿਚ ਬਹੁਤ ਮਹਾਤਮ ਹੈ। ਇਸ ਨਾਲ ਜਿੱਥੇ ਸਾਨੂੰ ਆਪਣੇ ਧਾਰਮਿਕ ਤੇ ਇਤਹਾਸਕ ਵਿਰਸੇ ਦੀ ਸੋਝੀ ਹੁੰਦੀ ਹੈ, ਉਥੇ ਪ੍ਰਮਾਤਮਾ ਦੇ ਰੰਗ ਵਿਚ ਰੰਗੇ ਹੋਏ ਮਨੁੱਖਾਂ ਦੀ ਸੰਗਤ ਕਰਨ ਦਾ ਸੁਭਾਗ ਵੀ ਪ੍ਰਾਪਤ ਹੁੰਦਾ ਹੈ। ਉਨਾਂ ਕਿਹਾ ਕਿ ਇਹ ਯੋਜਨਾ ਇਸੇ ਮਕਸਦ ਦੀ ਪੂਰਤੀ ਲਈ ਸ਼ੁਰੂ ਕੀਤੀ ਗਈ ਹੈ, ਕਿ ਉਹ ਲੋਕ ਜੋ ਮਨ ਵਿਚ ਗੁਰੂ ਘਰ ਦੀ ਆਸਥਾ ਰੱਖਦੇ ਹਨ, ਪਰ ਕਈ ਕਾਰਨਾਂ ਕਰਕੇ ਜਾ ਨਹੀਂ ਸਕਦੇ, ਉਹ ਤੀਰਥਾਂ ਦੇ ਦਰਸ਼ਨ ਕਰ ਸਕਣ।
ਸ. ਮਜੀਠੀਆ ਨੇ ਹਲਕਾ ਰਾਜਾਸਾਂਸੀ ਦੀ ਸੰਗਤ, ਜੋ ਕਿ ਜਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਸ. ਵੀਰ ਸਿੰਘ ਲੋਪੋਕੇ ਦੀ ਅਗਵਾਈ ਹੇਠ ਸ੍ਰੀ ਹਜ਼ੂਰ ਸਾਹਿਬ ਦੇ ਦਰਸ਼ਨਾਂ ਲਈ ਗਈ ਹੈ, ਦੀ ਗੱਡੀ ਨੂੰ ਝੰਡੀ ਵਿਖਾਉਂਦੇ ਕਿਹਾ ਕਿ ਪੰਜਾਬ ਸਰਕਾਰ ਨੇ 187 ਕਰੋੜ ਰੁਪਏ ਦਾ ਬਜਟ ਇਸ ਯੋਜਨਾ ਲਈ ਰੱਖਿਆ ਹੈ ਅਤੇ ਇਸ ਵਿਚ ਸ੍ਰੀ ਹਜ਼ੂਰ ਸਾਹਿਬ ਤੋਂ ਇਲਾਵਾ ਕਾਸ਼ੀ, ਮਾਤਾ ਵੈਸ਼ਨੋ ਦੇਵੀ, ਸਾਲਾਸਾਰ ਧਾਮ ਅਤੇ ਅਜਮੇਰ ਸ਼ਰੀਫ ਦਰਗਾਹ ਦੇ ਦਰਸ਼ਨ ਪੰਜਾਬ ਸਰਕਾਰ ਵੱਲੋਂ ਕਰਵਾਏ ਜਾ ਰਹੇ ਹਨ। ਉਨਾਂ ਕਿਹਾ ਕਿ ਇਸ ਨਾਲ ਪੰਜਾਬ ਵਿਚ ਭਾਈਚਾਰਕ ਸਾਂਝ ਹੋਰ ਪਕੇਰੀ ਹੋਈ ਹੈ ਅਤੇ ਲੋਕ ਦਰਸ਼ਨਾਂ ਦੇ ਨਾਲ-ਨਾਲ ਪੰਜਾਬ ਦੇ ਭਲੇ ਲਈ ਅਰਦਾਸ ਕਰ ਰਹੇ ਹਨ। ਸ. ਮਜੀਠੀਆ ਨੇ ਦੱਸਿਆ ਕਿ ਹਰੇਕ ਵਿਧਾਨ ਸਭਾ ਹਲਕੇ ਦੇ ਲੋਕਾਂ ਨੂੰ ਉਨਾਂ ਦੀ ਇੱਛਾ ਅਨੁਸਾਰ ਇਹ ਸਹੂਲਤ ਦਿੱਤੀ ਜਾ ਰਹੀ ਹੈ, ਜਿਸ ਵਿਚ ਸਫਰ ਦੇ ਨਾਲ-ਨਾਲ ਰਸਤੇ ਵਿਚ ਰੋਟੀ-ਪਾਣੀ, ਤੀਰਥ ਸਥਾਨ ‘ਤੇ ਦੋ ਦਿਨ ਦੀ ਮੁਫਤ ਰਿਹਾਇਸ਼ ਅਤੇ ਖਾਣੇ ਦੀ ਸਹੂਲਤ ਅਤੇ ਉਥੇ ਪਹੁੰਚਣ ਮਗਰੋਂ ਤੀਰਥ ਸਥਾਨ ਤੱਕ ਜਾਣ ਲਈ ਬੱਸਾਂ ਆਦਿ ਦਾ ਪ੍ਰਬੰਧ ਵੀ ਪੰਜਾਬ ਸਰਕਾਰ ਵੱਲੋਂ ਕੀਤਾ ਗਿਆ ਹੈ। ਉਨਾਂ ਇਸ ਯਾਤਰਾ ਯੋਜਨਾ ਲਈ ਮੁੱਖ ਮੰਤਰੀ ਪੰਜਾਬ ਸ. ਪ੍ਰਕਾਸ਼ ਸਿੰਘ ਬਾਦਲ ਦਾ ਵਿਸ਼ੇਸ਼ ਤੌਰ ‘ਤੇ ਧੰਨਵਾਦ ਵੀ ਕੀਤਾ।
ਅੱਜ ਇਸ ਮੌਕੇ ਚੇਅਰਮੈਨ ਸ. ਵੀਰ ਸਿੰਘ ਲੋਪੋਕੇ, ਡਿਪਟੀ ਕਮਿਸ਼ਨਰ ਸ੍ਰੀ ਵਰੁਣ ਰੂਜਮ, ਵਧੀਕ ਡਿਪਟੀ ਕਮਿਸ਼ਨਰ ਸ. ਤਜਿੰਦਰਪਾਲ ਸਿੰਘ ਸੰਧੂ ਤੇ ਸ੍ਰੀ ਸੁਰਿੰਦਰਪਾਲ ਆਂਗਰਾ, ਐਸ ਡੀ ਐਮ ਅਜਨਾਲਾ ਸ੍ਰੀ ਐਚ. ਐਸ. ਧਾਲੀਵਾਲ, ਐਸ ਡੀ ਐਮ ਰਾਜੇਸ਼ ਸ਼ਰਮਾ, ਅਕਾਲੀ ਆਗੂ ਰਾਣਾ ਲੋਪੋਕੇ, ਨਵਦੀਪ ਸਿੰਘ ਗੋਲਡੀ, ਮੇਜਰ ਸ਼ਿਵੀ, ਦਿਲਬਾਗ ਸਿੰਘ ਵਡਾਲੀ ਅਤੇ ਹੋਰ ਅਧਿਕਾਰੀ ਤੇ ਆਗੂ ਹਾਜ਼ਰ ਸਨ।
Punjab Post Daily Online Newspaper & Print Media