
ਅੰਮ੍ਰਿਤਸਰ, 27 ਮਾਰਚ (ਜਗਦੀਪ ਸਿੰਘ ਸੱਗੂ)- ਚੀਫ ਖਾਲਸਾ ਦੀਵਾਨ ਦੇ ਗੁਰੂਦੁਆਰੇ ਵਿਖੇ ਚੀਫ ਖਾਲਸਾ ਦੀਵਾਨ ਚੈਰੀਟੇਬਲ ਸੁਸਾਇਟੀ ਅਧੀਨ ਆਉਦੇ ਸਾਰੇ ਸਕੂਲਾਂ ਅਤੇ ਅਦਾਰਿਆਂ ਦਾ ਸਾਲ 2016-17 ਦਾ ਬਜਟ ਪੇਸ਼ ਕਰਨ ਅਤੇ ਪ੍ਰਵਾਨ ਕਰਨ ਸੰਬੰਧੀ ਜਨਰਲ ਬਾਡੀ ਦੀ ਮੀਟਿੰਗ ਆਯੋਜਿਤ ਕੀਤੀ ਗਈ, ਜਿਸ ਦੀ ਪ੍ਰਧਾਨਗੀ ਚੀਫ ਖਾਲਸਾ ਦੀਵਾਨ ਚੈਰੀਟੇਬਲ ਸੁਸਾਇਟੀ ਦੇ ਪ੍ਰਧਾਨ ਸ: ਚਰਨਜੀਤ ਸਿੰਘ ਚੱਢਾ ਨੇ ਕੀਤੀ।ਚੀਫ ਖਾਲਸਾ ਦੀਵਾਨ ਦੇ ਆਨਰੇਰੀ ਸੈਕਟਰੀ ਸ: ਨਰਿੰਦਰ ਸਿੰਘ ਜੀ ਖੁਰਾਣਾ ਵਲੋਂ ਸਾਲ 2015-16 ਦੇ ਬਜਟ ਦੀ ਕਾਰਗੁਜ਼ਾਰੀ ਤੇ ਰੋਸਨੀ ਪਾਉਣ ਪਿਛੋ ਸਾਲ 2016-17 ਦਾ ਬਜਟ ਪੇਸ਼ ਕੀਤਾ ਗਿਆ।ਉਨ੍ਹਾਂ ਦਸਿਆ ਕਿ ਇਹ ਬੱਜ਼ਟ ਜਿਹੜਾ ਪਿਛਲੇ ਸਾਲ 118,45,32,429ਫ਼- ਰੁਪਏ ਸੀ ਹੁਣ ਵੱਧ ਕੇ 150,66,74,440 ਹੋ ਰੁਪਏ ਹੋ ਗਿਆ ਹੈ ਅਤੇ ਸਮੁਚੇ ਤੌਰ ‘ਤੇ ਇਸ ਵਿਚ 27.19% ਦਾ ਵਾਧਾ ਪਾਇਆ ਗਿਆ।
ਆਨਰੇਰੀ ਸੈਕਟਰੀ ਸ: ਨਰਿੰਦਰ ਸਿੰਘ ਖੁਰਾਣਾ ਨੇ ਰਿਪੋਰਟ ਪੜ੍ਹਦਿਆਂ ਦੱਸਿਆ ਕਿ ਚੀਫ ਖਾਲਸਾ ਦੀਵਾਨ ਚੈਰੀਟੇਬਲ ਸੁਸਾਇਟੀ ਵਲੋਂ ਆਉਣ ਵਾਲੇ ਸਾਲ 2016-17 ਵਿਚ 15 ਕਰੋੜ ਚੀਫ ਖਾਲਸਾ ਦੀਵਾਨ ਯੂਨੀਵਰਸਿਟੀ ਲਈ, 15 ਕਰੌੜ ਸੀ.ਕੇ.ਡੀ ਸਕੂਲ ਆਫ ਐਕਸੀਲੈਂਸ, ਸ਼ੁਭਮ ਇਨਕਲੇਵ, ਅੰਮ੍ਰਿਤਸਰ ਦੇ ਪ੍ਰਾਜੈਕਟ ਲਈ, 8 ਕਰੋੜ ਚੰਡੀਗੜ ਵਿਖੇ ਨਵੇਂ ਸਕੂਲ ਪ੍ਰਾਜੈਕਟ ਲਈ, ਤਿੰਨ ਕਰੋੜ ਚੱਲ ਰਹੇ ਸੀ.ਕੇ.ਡੀ ਸਕੂਲਾਂ ਅਤੇ ਕਾਲਜਾਂ ਦੇ ਵਿਕਾਸ ਲਈ ਰਾਖਵੇਂ ਰੱਖੇ ਗਏ ਹਨ।
ਮੀਟਿੰਗ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਸ: ਚਰਨਜੀਤ ਸਿੰਘ ਚੱਢਾ ਨੇ ਪੇਡੂ ਅਤੇ ਬਾਰਡਰ ਖੇਤਰਾਂ ਦੇ ਸਕੂਲਾਂ ਦੇ ਸਿਖਿਆ ਪੱਧਰ ਨੂੰ ਉਪਰ ਚੁਕਣ ਤੇ ਜੋਰ ਦਿੰਦਿਆਂ ਕਿਹਾ ਕਿ ਬਜਟ ਵਿਚ ਪੇਡੂ ਅਤੇ ਬਾਰਡਰ ਖੇਤਰਾ ਦੇ ਸਕੂਲਾਂ ਦੀ ਪ੍ਰਗਤੀ ਲਈ 2 ਕਰੋੜ ਦੀ ਰਾਸ਼ੀ ਵੀ ਰਾਖਵੀਂ ਰੱਖੀ ਗਈ ਹੈ ਇਸ ਬਜਟ ਵਿਚ ਪੰਜਾਬ ਸਰਕਾਰ ਵਲੋਂ ਚੀਫ ਖਾਲਸਾ ਦੀਵਾਨ ਨੂੰ ਸੋਂਪੇ ਤਿੰਨ ਆਦਰਸ਼ ਸਕੂਲਾਂ ਦੇ ਬੱਚਿਆਂ ਵਾਸਤੇ ਮੁਫਤ ਵਿਦਿਆ, ਵਰਦੀ, ਕਿਤਾਬਾਂ, ਮਿਡ ਡੇ ਮੀਲ ਲਈ 3 ਕਰੋੜ 22 ਲੱਖ ਦੀ ਰਕਮ ਰਾਖਵੀਂ ਰੱਖੀ ਗਈ ਹੈ।ਬਜਟ ਵਿਚ ਧਰਮ ਪ੍ਰਚਾਰ ਅਤੇ ਪ੍ਰਸਾਰ ਦੇ ਵਿਸ਼ੇਸ਼ ਉਪਰਾਲਿਆਂ ਲਈ ਵੀ 58 ਲੱਖ ਦੀ ਵਿਸ਼ੇਸ਼ ਰਾਸ਼ੀ ਉਚੇਚੇ ਤੋਰ ਤੇ ਰੱਖੀ ਗਈ ਹੈ।ਇਸ ਮੌਕੇ ਪ੍ਰਧਾਨ ਸ: ਚਰਨਜੀਤ ਸਿੰਘ ਜੀ ਚੱਢਾ ਨੇ ਐਲਾਨ ਕੀਤਾ ਕਿ ਮੁੰਬਈ ਵਿਖੇ 95 ਲੱਖ ਨਾਲ ਮੁਕੰਮਲ ਹੋਣ ਜਾ ਰਿਹਾ ਇਕ ਹੋਰ ਨਵਾਂ ਸਕੂਲ ਚੀਫ ਖਾਲਸਾ ਦੀਵਾਨ ਦੀਆਂ ਸ਼ਾਨਦਾਰ ਪ੍ਰਾਪਤੀਆਂ ਵਿਚ ਸ਼ਾਮਲ ਹੋਕੇ ਇਸ ਦਾ ਮਾਨ ਵਧਾਏਗਾ।ਇਸ ਦੇ ਨਾਲ ਹੀ 1.50 ਕਰੋੜ ਦੀ ਲਾਗਤ ਨਾਲ ਨਵੇਂ ਬਣ ਰਹੇ ਜੀ ਟੀ ਰੋਡ ਸਕੂਲ ਦੇ ਨਰਸਰੀ ਵਿੰਗ ਲਈ, 20 ਲੱਖ ਰੁਪਏ ਤੰਤੀਸਾਜਾਂ (ਜਿਹੜੇ ਸੀ ਕੇ ਡੀ ਸਕੁਲਾਂ ਵਿਚ ਗਰਮਤਿ ਸੰਗੀਤ ਲਈ ਵਰਤੇ ਜਾਣਗੇ) ਲਈ, 5 ਲੱਖ ਗੁਰੁ ਨਾਨਕ ਦੇਵ ਹਸਪਤਾਲ ਵਿਚ ਸਥਿਤ ਸ੍ਰੀ ਗੁਰੁ ਹਰਿ ਰਾਇ ਸਾਹਿਬ ਫ੍ਰੀ ਸਰ੍ਹਾਂ ਲਈ, 50 ਲੱਖ ਸੀ ਕੇ ਡੀ ਹਾਕੀ ਖਿਡਾਰੀਆਂ ਦੀ ਨੈਸ਼ਨਲ ਪੱਧਰ ਦੀ ਸਖਤ ਟ੍ਰੇਨਿੰਗ ਦੇ ਸਾਧਨਾਂ ਲਈ ਰੱਖੇ ਗਏ ਹਨ। ਉਹਨਾਂ ਦਸਿਆ ਕਿ 1902 ਵਿਚ ਸਥਾਪਨਾ ਦਿਨ ਤੋਂ ਲੈਕੇ ਅੱਜ ਦੇ ਦਿਨ ਤੱਕ ਚੀਫ ਖਾਲਸਾ ਦੀਵਾਨ ਦਾ ਸਾਰਾ ਰਿਕਾਰਡ ਅਤੇ ਦਸਤਾਂਵੇਜ ਇਸੇ ਸਾਲ ਹੀ ਡਿਜੀਟਲਾਈਜਡ ਕੀਤੇ ਜਾ ਰਹੇ ਹਨ।
ਇਹ ਬਜਟ ਚੀਫ ਖਾਲਸਾ ਦੀਵਾਨ ਚੈਰੀਟੇਬਲ ਸੁਸਾਇਟੀ ਦੇ ਮੈਂਬਰਜ਼ ਸਾਹਿਬਾਨ ਵਲੋਂ ਪ੍ਰਸ਼ੰਸਾ ਭਰੇ ਸ਼ਬਦਾ ਨਾਲ ਸਰਾਹਿਆ ਗਿਆ।ਉਹਨਾਂ ਵਲੋ. ਇਸ ਬਜਟ ਨੂੰ ਚੀਫ ਖਾਲਸਾ ਦੀਵਾਨ ਚੈਰੀਟੇਬਲ ਸੁਸਾਇਟੀ ਦੀ ਸਾਲੋ ਸਾਲ ਉਨਤੀ ਤੇ ਵਿਕਾਸ ਦੀਆਂ ਪੁਲਾਘਾਂ ਤੈਅ ਕਰਨ ਦਾ ਸੂਚਕ ਮੰਨਿਆ ਗਿਆ। ਉਹਨਾਂ ਆਸ ਪ੍ਰਗਟਾਈ ਕਿ ਪੇਸ਼ ਕੀਤੇ ਗਏ ਬਜਟ ਵਿਚ ਵਿਸਥਾਰ ਅਤੇ ਵਿਕਾਸ ਦੀ ਗਤੀ ਵੱਡੀਆਂ ਪੁਲਾਘਾਂ ਪੁੱਟਦੀ ਸਾਫ ਨਜਰ ਆ ਰਹੀ ਹੈ ਜੋ ਚੀਫ ਖਾਲਸਾ ਦੀਵਾਨ ਦੀ ਤਰੱਕੀ ਦੇ ਗਰਾਫ ਨੂੰ ਹਰ ਸਾਲ ਬੜੀ ਤੇਜੀ ਨਾਲ ੳਪਰ ਲੈਕੇ ਜਾਣ ਵਿਚ ਸਹਾਇਕ ਸਿੱਧ ਹੇਵੇਗੀ। ਇਸ ਮੀਟਿੰਗ ਵਿਚ ਉਪ ਪ੍ਰਧਾਨ ਸ: ਧੰਨਰਾਜ ਸਿੰਘ, ਸਥਾਨਕ ਪ੍ਰਧਾਨ ਸ: ਨਿਰਮਲ ਸਿੰਘ, ਵੱਖ ਵੱਖ ਸਥਾਨਾਂ ਦੇ ਸੀ.ਕੇ.ਡੀ ਲੋਕਲ ਕਮੇਟੀਆਂ ਦੇ ਪ੍ਰਧਾਨ ਸਮੇਤ ਵੱਡੀ ਗਿਣਤੀ ਵਿਚ ਹੋਰ ਚੀਫ ਖਾਲਸਾ ਦੀਵਾਨ ਮੈਂਬਰਜ਼ ਸਾਹਿਬਾਨ ਮੌਜੂਦ ਸਨ।
Punjab Post Daily Online Newspaper & Print Media