Sunday, April 26, 2026

ਬੱਚੀ ਬਚਾਓ ਮੁਹਿੰਮ ਤਹਿਤ ਜੋਨਲ ਪੱਧਰੀ ਪੀ.ਸੀ.ਪੀ.ਐਨ.ਡੀ.ਟੀ ਵਰਕਸ਼ਾਪ ਦਾ ਆਯੋਜਿਨ

PPN2903201607ਬਠਿੰਡਾ, 29 ਮਾਰਚ (ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ)-ਸਿਹਤ ਵਿਭਾਗ ਬਠਿੰਡਾ ਵੱਲੋਂ ਬੱਚੀ ਬਚਾਓ ਮੁਹਿੰਮ ਤਹਿਤ ਜੋਨਲ ਪੱਧਰ (ਛੇ ਜਿਲ੍ਹਿਆਂ) ਦੀ ਪੀ.ਸੀ.ਪੀ.ਐਨ.ਡੀ.ਟੀ. ਵਰਕਸ਼ਾਪ ਦਾ ਆਯੋਜਿਨ ਸਥਾਨਕ ਟੀਚਰਜ਼ ਹੋਮ ਵਿੱਚ ਕੀਤਾ ਗਿਆ। ਇਸ ਵਰਕਸ਼ਾਪ ਵਿੱਚ ਸਟੇਟ ਇੰਸਪੈਕਸ਼ਨ ਮੋਨੀਟਰਿੰਗ ਕਮੇਟੀ (ਪੀ.ਐਨ.ਡੀ.ਟੀ.) ਦੇ ਮੈਂਬਰ, ਜਿਲਾ ਗੁਰਦਾਸਪੁਰ, ਪਠਾਨਕੋਟ, ਤਰਨਤਾਰਨ, ਫਾਜਿਲਕਾ, ਮੋਗਾ ਅਤੇ ਬਠਿੰਡਾ ਦੇ ਸਿਵਲ ਸਰਜਨ ਅਤੇ ਜਿਲਾ ਪਰਿਵਾਰ ਭਲਾਈ ਅਫਸਰ, ਜਿਲਾ ਐਪ੍ਰੋਪ੍ਰੀਏਟ ਅਥਾਰਟੀ ਦੇ ਮੈਂਬਰ, ਆਈ.ਐਮ.ਏ. ਦੇ ਮੈਂਬਰ, ਅਲਟ੍ਰਾ ਸਾਊਂਡ ਕਰਨ ਵਾਲੇ ਡਾਕਟਰਜ਼ ਅਤੇ ਸਿਹਤ ਵਿਭਾਗ ਦੇ ਅਧਿਕਾਰੀਆਂ/ਕਰਮਚਾਰੀਆਂ ਨੇ ਹਿੱਸਾ ਲਿਆ। ਇਸ ਵਰਕਸ਼ਾਪ ਵਿੱਚ ਪੀ.ਸੀ.ਪੀ.ਐਨ.ਡੀ.ਟੀ. ਐਕਟ ਦੀ ਪਾਲਣਾ ਕਰਦੇ ਹੋਏ ਲਿੰਗ ਨਿਰਧਾਰਨ ਟੈਸਟ ਉਪਰੰਤ ਹੋਣ ਵਾਲੀਆਂ ਕੰਨਿਆ ਭਰੂਣ ਹੱਤਿਆ ਨੂੰ ਰੋਕਣ ਲਈ ਹੋ ਰਹੀਆਂ ਗਤੀਵਿਧੀਆਂ ਸਬੰਧੀ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਗਈ। ਡਾ.ਤੇਜਵੰਤ ਸਿੰਘ ਰੰਧਾਵਾ ਡਿਪਟੀ ਡਾਇਰੈਕਟਰ ਕਮ ਸਿਵਲ ਸਰਜਨ ਬਠਿੰਡਾ ਨੇ ਕਿਹਾ ਕਿ ਬੇਟੀਆਂ ਨੂੰ ਕੁੱਖ ਵਿੱਚ ਮਾਰਨਾ ਬਹੁਤ ਵੱਡਾ ਪਾਪ ਹੈ, ਅਜਿਹਾ ਕਰਨ ਵਾਲੇ ਦਾ ਪੂਰਾ ਪਰਿਵਾਰ ਤਬਾਹ ਹੋ ਜਾਂਦਾ ਹੈ ਅਤੇ ਉਸਨੂੰ ਰੱਬ ਨੂੰ ਮਾਫ ਨਹੀਂ ਕਰ ਸਕਦਾ।ਉਹਨਾਂ ਸਿਹਤ ਵਿਭਾਗ ਦੀ ਸਲਾਘਾ ਕਰਦਿਆਂ ਕਿਹਾ ਕਿ ਸਿਹਤ ਵਿਭਾਗ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਦੀ ਮਿਹਨਤ ਸਦਕਾ ਸਹਿਰਾਂ ਅਤੇ ਪਿੰਡਾਂ ਦੇ ਲੋਕ ਭਰੂਣ ਹੱਤਿਆ ਖਿਲਾਫ ਕਾਫੀ ਜਾਗਰੂਕ ਹੋ ਚੁੱਕੇ ਹਨ ।ਇਸ ਮੌਕੇ ਸਿਹਤ ਵਿਭਾਗ ਪੰਜਾਬ ਵੱਲੋਂ ਭਰੂਣ ਹੱਤਿਆਂ ਨੂੰ ਰੋਕਣ ਲਈ ਕੀਤੇ ਜਾ ਰਹੇ ਉਪਰਾਲਿਆਂ ਬਾਰੇ ਦੱਸਦਿਆਂ ਕਿਹਾ :’ਜਿਲਾ ਪੱਧਰ ਤੋਂ ਰਾਜ ਪੱਧਰ ਤੱਕ ਪੀ.ਸੀ.ਪੀ.ਐਨ.ਡੀ.ਟੀ. ਐਕਟ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਕਮੇਟੀਆਂ ਦਾ ਗਠਨ ਕੀਤਾ ਗਿਆ ਹੈ । ਇਸ ਐਕਟ ਦੇ ਤਹਿਤ ਐਕਟ ਦੀ ਉਲੰਘਣਾ ਕਰਨ ਤੇ ਕਿਸੇ ਵੀ ਡਾਕਟਰ ਨੂੰ ਬਖਸ਼ਿਆ ਨਹੀਂ ਜਾਵੇਗਾ। ਜੇਕਰ ਤੁਹਾਨੂੰ ਪੀ.ਸੀ.ਪੀ.ਐਨ.ਡੀ.ਟੀ. ਐਕਟ ਦੀ ਉਲੰਘਣਾ ਸਬੰਧੀ ਕੋਈ ਸੂਚਨਾ ਦੇਣ ਵਾਲੇ ਨੂੰ ਦੇਣ ਵਾਲੀ ਇਨਾਮੀ ਰਾਸ਼ੀ ਵੀਹ ਹਜ਼ਾਰ ਤੋਂ ਵਧਾਕੇ ਇੱਕ ਲੱਖ ਰੁਪਏ ਕਰ ਦਿੱਤੀ ਗਈ ਹੈ, ਤਾਂ ਜ਼ੋ ਇਸ ਕੁਰੀਤੀ ਨੂੰ ਠੱਲ ਪਾਈ ਜਾ ਸਕੇ । ਮਾਨਯੋਗ ਸਿਹਤ ਮੰਤਰੀ ਪੰਜਾਬ ਸੁਰਜੀਤ ਕੁਮਾਰ ਜੀ ਨੇ ਇਹ ਸੂਚਨਾ ਜਸੂਸੀ ਕੰਪਨੀਆਂ ਦੀ ਸਹਾਇਤਾ ਲੈਣ ਦੀ ਵੀ ਸਲਾਹ ਦਿੱਤੀ ਹੈ । ਡਾ.ਰਵਨਜੀਤ ਕੋਰ ਬਰਾੜ ਜਿਲ੍ਹਾ ਪਰਿਵਾਰ ਭਲਾਈ ਅਫਸਰ ਬਠਿੰਡਾ ਨੇ ਆਪਣੇ ਸੰਬੋਧਨ ਵਿੱਚ ਜਿਲ੍ਹਾ ਬਠਿੰਡਾ ਦੇ ਸਾਰੇ ਅਲਟ੍ਰਾਸਾਊਂਡ ਕਰਨ ਵਾਲੇ ਡਾਕਟਰਾਂ ਨੂੰ ਅਪੀਲ ਕੀਤੀ ਕਿ ਪੀ.ਸੀ.ਪੀ.ਐਨ.ਡੀ.ਟੀ. ਐਕਟ ਦੀ ਪਾਲਣਾ ਕਰਦੇ ਹੋਏ ਇਸ ਘਿਨਾਉਣੇ ਜੁਰਮ ਨੂੰ ਠੱਲ ਪਾਉਣ ਲਈ ਸਿਹਤ ਵਿਭਾਗ ਨੂੰ ਆਪਣਾ ਸਹਿਯੋਗ ਦਿੱਤਾ ਜਾਵੇ ਅਤੇ ਕਾਨੂੰਨ ਦੀ ਇੰਨ ਬਿੰਨ ਪਾਲਣਾ ਕੀਤੀ ਜਾਵੇ ਤਾਂ ਜ਼ੋ ਉਹਨਾਂ ਨੂੰ ਕਿਸੇ ਵੀ ਤਰ੍ਹਾਂ ਦੀ ਕਾਨੂੰਨੀ ਕਾਰਵਾਈ ਦਾ ਸਾਹਮਣਾ ਨਾ ਕਰਨਾ ਪਵੇ।ਉਹਨਾਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੀ.ਸੀ.ਪੀ.ਐਨ.ਡੀ.ਟੀ. ਐਕਟ ਦੇ ਕਾਰਣ ਜਿਲ੍ਹਾ ਬਠਿੰਡਾ ਵਿੱਚ ਲਿੰਗ ਅਨੁਪਾਤ ਵਿੱਚ ਕਾਫੀ ਸੁਧਾਰ ਹੋਇਆ ਹੈ। ਉਹਨਾਂ ਦੱਸਿਆ ਕਿ ਗਰਭਵਤੀ ਔਰਤ ਦੇ ਅਲਟ੍ਰਾਸਾਊਂਡ ਲਈ ਸਿਰਫ ਐਮ.ਬੀ.ਬੀ.ਐਸ ਡਾਕਟਰ, ਸ਼ਪੇਸ਼ਲਿਸਟ ਡਾਕਟਰ, ਆਯੁਰਵੇਦਿਕ, ਹੋਮੀਓਪੈਥਿਕ ਡਿਗਰੀ ਹੋਲਡਰ ਡਾਕਟਰ ਹੀ ਰੈਫਰ ਕਰ ਸਕਦੇ ਹਨ। ਏ.ਐਨ.ਐਮ., ਸਟਾਫ ਨਰਸ, ਆਸ਼ਾ, ਦਾਈ, ਬੀ.ਈ.ਐਮ.ਐਸ. ਯੋਗਤਾ ਵਾਲਾ ਕੋਈ ਵੀ ਆਦਮੀ ਅਲਟ੍ਰਾਸਾਊਂਡ ਲਈ ਰੈਫਰ ਨਹੀਂ ਕਰ ਸਕਦਾ।ਡਾ. ਕੁੰਦਨ ਪਾਲ ਕੁਮਾਰ ਨੇ ਦੱਸਿਆ ਕਿ ਅਲਟਰਾਸਾਊਂਡ ਦੀ ਹੋਂਦ ਅਤੇ ਇਸ ਸਬੰਧੀ ਸਿਹਤ ਵਿਭਾਗ ਵੱਲੋਂ ਹਸਪਤਾਲਾਂ ਨੂੰ ਦਿੱਤੀਆਂ ਹਦਾਇਤਾਂ ਬਾਰੇ ਵਿਸਥਾਰ ਨਾਲ ਦੱਸਿਆ । ਉਹਨਾਂ ਦੱਸਿਆ ਕਿ ਲਿੰਗ ਅਨੁਪਾਤ ਨੂੰ ਬਿਹਤਰ ਕਰਨ ਲਈ ਪੰਜਾਬ ਸਰਕਾਰ ਵੱਲੋਂ ਪੰਜ ਸਾਲ ਤੱਕ ਦੀਆਂ ਬੱਚੀਆਂ ਦਾ ਇਲਾਜ ਸਰਕਾਰੀ ਹਸਪਤਾਲਾਂ ਵਿੱਚ ਬਿਲਕੁਲ ਮੁਫਤ ਕੀਤਾ ਜਾਂਦਾ ਹੈ । ਡਾ. ਪ੍ਰੀਤੀ ਨੇ ਕਿਹਾ ਕਿ ਇਹ ਅਨੋਖੀ ਗੱਲ ਹੈ ਕਿ ਮਨੁੱਖ ਬੱਚੀਆਂ ਨੂੰ ਜਨਮ ਤੋਂ ਪਹਿਲਾਂ ਹੀ ਮਾਰ ਦਿੰਦਾ ਹੈ ਜਦਕਿ ਪਸ਼ੂ ਪੰਛੀਆਂ ਵਿੱਚ ਇਹੋ ਜਿਹਾ ਕੋਈ ਰਿਵਾਜ ਨਹੀਂ । ਜੇਕਰ ਅਸੀਂ ਸਾਰੇ ਹੀ ਬੇਟੀਆਂ ਨੂੰ ਜੀ ਆਇਆਂ ਕਹੀਏ ਤਾਂ ਉਹਨਾਂ ਨੂੰ ਸਮਾਜ ਵਿੱਚ ਪੂਰਾ ਮਾਨ ਸਨਮਾਨ ਤੇ ਅਧਿਕਾਰ ਮਿਲੇਗਾ ।ਡਾ. ਆਰ. ਐਸ. ਰੰਧਾਵਾ ਸਿਵਲ ਸਰਜਨ ਗੁਰਦਾਸਪੁਰ ਨੇ ਦੱਸਿਆ ਕਿ ਜਿਲਾ ਗੁਰਦਾਸਪੁਰ ਨੇ ਲਿੰਗ ਅਨੁਪਾਤ ਦੇ ਸੁਧਾਰ ਵਿੱਚ ਕਾਫੀ ਚੰਗਾ ਕੰਮ ਕੀਤਾ ਹੈ । ਡਾ. ਕਾਹਲੋਂ ਨੇ ਭਰੂਣ ਹੱਤਿਆ ਦੇ ਦੋਸ਼ੀਆਂ ਨੂੰ ਐਕਟ ਦੀ ਵਰਤੋਂ ਕਰਦੇ ਹੋਏ ਸਜ਼ਾ ਦਿਵਾਉਣ ਬਾਰੇ ਵਿਸਥਾਰ ਵਿੱਚ ਦੱਸਿਆ। ਇਸ ਮੌਕੇ ਸਟੇਟ ਪੱਧਰੀ ਮੋਨੀਟਰਿੰਗ ਕਮੇਟੀ ਦੇ ਮੈਂਬਰਾਂ ਵੱਲੋਂ ਪੀ.ਸੀ. ਪੀ.ਐਨ.ਡੀ.ਟੀ. ਐਕਟ ਵਿੱਚ ਹੋਈਆਂ ਨਵੀ ਸੋਧਾਂ ਬਾਰੇ ਅਲ੍ਰਟਾਸਾਊਂਡ ਕਰਨ ਵਾਲੇ ਡਾਕਟਰਾਂ ਵੱਲੋਂ ਪੁੱਛੇ ਗਏ ਸੁਆਲਾਂ ਦੇ ਵਿਸਥਾਰ ਸਹਿਤ ਜਵਾਬ ਦਿੱਤੇ ਗਏ। ਇਸ ਮੌਕੇ ਡਾ. ਕੈਲਾਸ਼ ਕਪੂਰ ਸਿਵਲ ਸਰਜਨ ਜਲੰਧਰ, ਡਾ. ਆਰ. ਐਸ. ਬੁੱਟਰ ਵੱਲੋਂ ਪੀ.ਸੀ.ਪੀ.ਐਨ.ਡੀ.ਟੀ. ਐਕਟ ਦੇ ਕਾਨੂੰਨੀ ਪੱਖ ਤੋਂ ਜਾਣਕਾਰੀ ਮਹੁੱਈਆ ਕਰਵਾਈ ਗਈ। ਜਗਤਾਰ ਸਿੰਘ ਬਰਾੜ ਜਿਲ੍ਹਾ ਮਾਸ ਮੀਡਿਆ ਅਫਸਰ ਵੱਲੋਂ ਸਟੇਜ਼ ਸੰਚਾਲਨ ਕੀਤਾ ਗਿਆ। ਇਸ ਮੋਕੇ ਜਿਲਾ ਪੀ.ਸੀ.ਪੀ.ਐਨ.ਡੀ.ਟੀ. ਅਡਵਾਇਜਰੀ ਕਮੇਟੀ ਦੇ ਮੈਂਬਰ, ਸਮੂਹ ਸੀਨੀਅਰ ਮੈਡੀਕਲ ਅਫਸਰ, ਅਰਬਨ ਨੋਡਲ ਅਫਸਰ ਡਾ. ਪਾਮਿਲ ਬਾਂਸਲ, ਲਖਵਿੰਦਰ ਸਿੰਘ ਬੀ.ਈ.ਈ., ਹਰਵਿੰਦਰ ਸਿੰਘ ਬੀ.ਈ.ਈ. ਅਤੇ ਨਰਦੇਵ ਸਿੰਘ ਐਸ.ਆਈ. ਵੀ ਹਾਜਰ ਸਨ।

ਤਸਵੀਰ 03

Check Also

ਯੂ.ਪੀ.ਐਸ.ਸੀ ਦੀ ਪ੍ਰੀਖਿਆ ਪਾਸ ਕਰਨ ਵਾਲੇ ਸਿੱਖ ਵਿਦਿਆਰਥੀਆਂ ਨੂੰ ਜਲਦ ਕੀਤਾ ਜਾਵੇਗਾ ਸਨਮਾਨਿਤ- ਐਡਵੋਕੇਟ ਧਾਮੀ

ਅੰਤ੍ਰਿੰਗ ਕਮੇਟੀ ਨੇ ਇੱਕ-ਇੱਕ ਲੱਖ ਰੁਪਏ ਦੀ ਸਨਮਾਨ ਰਾਸ਼ੀ ਨੂੰ ਦਿੱਤੀ ਪ੍ਰਵਾਨਗੀ ਅੰਮ੍ਰਿਤਸਰ, 26 ਅਪ੍ਰੈਲ …

Leave a Reply