Monday, April 27, 2026

ਭਵਿੱਖ ਦੀ ਖੇਤੀ ਲਈ ਪਾਣੀ ਦੀ ਘਾਟ ਦੇ ਨਾਲ-ਨਾਲ ਬੇਰੁਜ਼ਗਾਰੀ ਵਧਣ ਦਾ ਖਤਰਾ- ਡਾ. ਚਾਹਲ

PPN2903201632

ਪਠਾਨਕੋਟ, 29 ਮਾਰਚ (ਪੰਜਾਬ ਪੋਸਟ ਬਿਊਰੋ)- ਜ਼ਮੀਨ ਹੇਠਲੇ ਪਾਣੀ ਦਾ ਪੱਧਰ ਇਸ ਹੱਦ ਤੱਕ ਨੀਵਾਂ ਜਾ ਚੁੱਕਾ ਹੈ ਕਿ ਕੇਂਦਰੀ ਜ਼ਿਲਿਆਂ ਵਿੱਚ ਹਾਲਾਤ ਬਦ ਤੋਂ ਬਦਤਰ ਹੋ ਗਏ ਹਨ, ਜਿਸ ਨਾਲ ਭਵਿੱਖ ਦੀ ਖੇਤੀ ਲਈ ਪਾਣੀ ਦੀ ਘਾਟ ਦੇ ਨਾਲ-ਨਾਲ ਬੇਰੁਜ਼ਗਾਰੀ ਵਧਣ ਦਾ ਖਤਰਾ ਬਣ ਗਿਆ ਹੈ। ਇਹ ਵਿਚਾਰ ਡਾ. ਬਖਸ਼ੀਸ਼ ਸਿੰਘ ਚਾਹਲ ਮੁੱਖ ਖੇਤੀਬਾੜੀ ਅਫਸਰ ਨੇ ਖੇਤੀਬਾੜੀ ਵਿਭਾਗ ਵੱਲੋਂ ਸ੍ਰੀ ਅਮਿਤ ਕੁਮਾਰ ਡਿਪਟੀ ਕਮਿਸ਼ਨਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਬਲਾਕ ਪਠਾਨਕੋਟ ਦੇ ਪਿੰਡ ਮਾੜੀ ਵਿੱਚ ਵਿਸ਼ਵ ਪਾਣੀ ਦਿਵਸ ਮਨਾਉਣ ਮੌਕੇ ਇਕੱਤਰ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਕਹੇ। ਇਸ ਮੌਕੇ ਡਾ ਅਮਰੀਕ ਸਿੰਘ ਬਲਾਕ ਖੇਤੀਬਾੜੀ ਅਫਸਰ, ਡਾ. ਸੰਦੀਪ ਸਿੰਘ ਢਿੱਲੋਂ ਖੇਤੀਬਾੜੀ ਵਿਕਾਸ ਅਫਸਰ, ਰਵਿੰਦਰ ਸਿੰਘ ਖੇਤੀ ਵਿਸਥਾਰ ਅਫਸਰ, ਅਮਿਤ ਕੁਮਾਰ ਬੀ ਟੀ ਐਮ, ਮਨਜੀਤ ਕੌਰ ਖੇਤੀ ਉਪ ਨਿਰੀਖਕ ਵਜ਼ੀਰ ਸਿੰਘ, ਜਗਜੀਤ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਕਿਸਾਨ ਹਾਜ਼ਰ ਸਨ।
ਕਿਸਾਨਾਂ ਨੂੰ ਸੰਬੋਧਨ ਕਰਦਿਆਂ ਡਾ ਬਖਸ਼ੀਸ਼ ਸਿੰਘ ਚਾਹਲ ਨੇ ਕਿਹਾ ਵਿਸ਼ਵ ਪੱਧਰ ਤੇ ਵਿਸ਼ਵ ਪਾਣੀ ਦਿਵਸ ਮਨਾਉਣ ਦਾ ਮੁੱਖ ਮਕਸਦ ਆਮ ਲੋਕਾਂ ਖਾਸ ਕਰਕੇ ਕਿਸਾਨਾਂ ਅੰਦਰ ਪਾਣੀ ਦੀ ਮਹੱਤਤਾ ਅਤੇ ਜ਼ਮੀਨ ਹੇਠਲੇ ਪਾਣੀ ਦੇ ਨੀਵੇਂ ਹੋ ਰਹੇ ਪੱਧਰ ਪ੍ਰਤੀ ਜਾਗਰੁਕਤਾ ਪੈਦਾ ਕਰਨਾ ਹੈ। ਉਨਾਂ ਕਿਹਾ ਕਿ ਭਾਰਤ ਦੀ ਵਸੋਂ ਵਿੱਚ ਹੋ ਰਹੇ ਤੇਜ਼ੀ ਨਾਲ ਵਾਧੇ ਕਾਰਨ 2050 ਤੱਕ ਮੌਜੂਦਾ 233 ਮਿਲੀਅਨ ਟਨ ਦੇ ਮੁਕਾਬਲੇ 450 ਮਿਲੀਅਨ ਟਨ ਅਨਾਜ ਦੀ ਲੋੜ ਪਵੇਗੀ ਪਰ ਇਸ ਦੇ ਮੁਕਾਬਲੇ 2050 ਤੱਕ ਖੇਤੀਬਾੜੀ ਲਈ ਪਾਣੀ ਦੀ ਮੰਗ ਮੌਜੂਦਾ 688 ਕਿਲੋਮੀਟਰ ਕਿਊਬਿਕ ਕਿਲੋਮੀਟਰ ਤੋਂ ਵਧ ਕੇ 1072 ਕਿਊਬਿਕ ਕਿਲੋਮੀਟਰ ਹੋਣ ਦੀ ਸੰਭਾਵਨਾ ਹੈ ਉਨਾਂ ਕਿਹਾ ਕਿ ਪਾਣੀ ਦੇ ਸੋਮਿਆਂ ਦੇ ਘਟਣ ਕਾਰਨ ਇਸ ਵਧਣ ਵਾਲੀ ਮੰਗ ਨੂੰ ਪੂਰਿਆਂ ਕਰਨਾ ਸੰਭਵ ਨਹੀ ਲੱਗਦਾ। ਪੰਜਾਬ ਦੇ 141 ਬਲਾਕਾਂ ਵਿੱਚੋਂ 110 ਬਲਾਕਾਂ ਨੂੰ ਪਹਿਲਾਂ ਹੀ ਜ਼ਮੀਨ ਦੋਜ਼ ਪਾਣੀ ਦੇ ਵਧੇਰੇ ਨਿਕਾਸੀ ਕਾਰਨ ਕਾਲੇ ਖੇਤਰ ਐਲਾਨਿਆ ਚੁੱਕਾ ਹੈ ਅਤੇ ਹੁਣੇ ਹੁਣੇ ਕੇਂਦਰੀ ਭੂ ਜਲ ਬੋਰਡ ਵੱਲੋਂ 18 ਬਲਾਕਾਂ ਨੂੰ ਕਾਲੇ ਖੇਤਰ ਵਾਲੇ ਬਲਾਕ ਐਲਾਨ ਕਰਕੇ ਹੋਰ ਟਿਊਬਵੈਲ ਲਗਾਉਣ ਤੇ ਪਾਬੰਦੀ ਲਗਾ ਦਿੱਤੀ ਹੈ। ਡਾ ਅਮਰੀਕ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਜਲ ਸਰੋਤ ਵੱਲੋਂ ਜਾਰੀ ਤਾਜ਼ਾ ਰਿਪੋਰਟ ਅਨੁਸਾਰ ਪਾਣੀ ਦੀ ਝੋਨੇ ਦੀ ਕਾਸਤ,ਉਦਯੋਗਿਕ ਇਕਾਈਆਂ ਅਤੇ ਘਰੇਲੂ ਵਰਤੋਂ ਲਈ ਵਧੀ ਵਰਤੋਂ ਕਾਰਨ ਸੂਬੇ ਦੇ 9 ਜ਼ਿਲਿਆਂ ਵਿੱਚ ਪਿਛਲੇ ਇੱਕ ਸਾਲ ਵਿੱਚ ਜ਼ਮੀਨ ਹੇਠਲੇ ਪਾਣੀ ਦਾ ਪੱਧਰ ਔਸਤਣ 0.77 ਸੈ.ਮੀਟਰ ਤੋ 1.59 ਮੀਟਰ ਤੋਂ ਵੀ ਜ਼ਿਆਦਾ ਹੇਠਾਂ ਗਿਆਂ ਹੈ ,ਜੋ ਚਿੰਤਾ ਦਾ ਵਿਸ਼ਾ ਹੈ। ਉਨਾਂ ਕਿਹਾ ਕਿ ਅਗੇਤੇ ਝੋਨੇ ਦੀ ਲਵਾਈ ਤੇ ਪਾਬੰਦੀ ਕਾਰਨ ਪਾਣੀ ਦੇ ਹੇਠਾਂ ਜਾ ਰਹੇ ਪੱਧਰ ਵਿੱਚ ਕਮੀ ਰਿਕਾਰਡ ਕੀਤੀ ਗਈ ਹੈ ਪਰ ਭਵਿੱਖ ਦੀ ਖੇਤੀ ਨੂੰ ਸੁਰੱਖਿਅਤ ਰੱਖਣ ਲਈ ਪਾਣੀ ਦੀ ਸੁਚੱਜੀ ਵਰਤੋਂ ਪ੍ਰਤੀ ਹੋਰ ਜਾਗਰੁਕ ਹੋਣਾ ਪਵੇਗਾ। ਉਨਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਪੰਜਾਬ ਸਰਕਾਰ ਵੱਲੋਂ ਦਿੱਤੀ ਜਾ ਰਹੀ ਮੁਫਤ ਪਾਣੀ ਅਤੇ ਬਿਜਲੀ ਦੀ ਸਹੂਲਤ ਦਾ ਦੁਰਉਪਯੋਗ ਨਾ ਕਰਨ ਸਗੋਂ ਫਸਲਾਂ ਖਾਸ ਕਰਕੇ ਝੋਨੇ ਵਿੱਚ ਲਗਾਤਾਰ ਪਾਣੀ ਖੜਾ ਰੱਖਣ ਦੀ ਬਿਜਾਏ ਜ਼ਰੂਰਤ ਅਨੁਸਾਰ ਹੀ ਸਿੰਚਾਈ ਲਈ ਪਾਣੀ ਦੀ ਵਰਤੋਂ ਕਰਨ ਤਾਂ ਜੋ ਕੁਦਰਤ ਵੱਲੋਂ ਬਖਸ਼ੇ ਇਸ ਅਨਮੋਲ ਖਜ਼ਾਨੇ ਦੀ ਸੰਭਾਲ ਕੀਤੀ ਜਾ ਸਕੇ।ਡਾ. ਸੰਦੀਪ ਸਿੰਘ ਨੇ ਕਿਹਾ ਕਿ ਫਸਲਾਂ ਤੋਂ ਲਾਹੇਵੰਦ ਝਾੜ ਲੈਣ ਲਈ ਖਾਦਾਂ ਦੀ ਸਹੀ ਮਾਤਰਾ ਵਿੱਚ, ਉਚਿਤ ਸਮੇਂ ਅਤੇ ਯੋਗ ਢੰਗ ਨਾਲ ਵਰਤੋ ਜਰੂਰੀ ਹੈ,ਇਸ ਲਈ ਖਾਦਾਂ ਦੀ ਵਰਤੋ ਭੋ ਪਰਖ ਰਿਪੋਰਟ ਦੇ ਆਧਾਂਰ ਤੇ ਕਰਨਾ ੳਚਿਤ ਹੈ। ਇਸ ਮੌਕੇ ਮਿੱਟੀ ਦੀ ਪਰਖ ਕਰਵਾਉਣ ਵਾਲੇ ਕਿਸਾਨਾਂ ਨੂੰ ਮਿੱਟੀ ਸਿਹਤ ਕਾਰਡ ਵੰਡੇ ਗਏ। ਅਖੀਰ ਵਿੱਚ ਮੱਖਣ ਸਿੰਘ ਸਰਪੰਚ ਪਿੰਡ ਮਾੜੀ ਨੇ ਕਿਸਾਨਾਂ ਅਤੇ ਖੇਤੀ ਮਾਹਿਰਾਂ ਦਾ ਧੰਨਵਾਦ ਕੀਤਾ।

Check Also

ਯੂ.ਪੀ.ਐਸ.ਸੀ ਦੀ ਪ੍ਰੀਖਿਆ ਪਾਸ ਕਰਨ ਵਾਲੇ ਸਿੱਖ ਵਿਦਿਆਰਥੀਆਂ ਨੂੰ ਜਲਦ ਕੀਤਾ ਜਾਵੇਗਾ ਸਨਮਾਨਿਤ- ਐਡਵੋਕੇਟ ਧਾਮੀ

ਅੰਤ੍ਰਿੰਗ ਕਮੇਟੀ ਨੇ ਇੱਕ-ਇੱਕ ਲੱਖ ਰੁਪਏ ਦੀ ਸਨਮਾਨ ਰਾਸ਼ੀ ਨੂੰ ਦਿੱਤੀ ਪ੍ਰਵਾਨਗੀ ਅੰਮ੍ਰਿਤਸਰ, 26 ਅਪ੍ਰੈਲ …

Leave a Reply