ਅੰਮ੍ਰਿਤਸਰ, 30 ਮਾਰਚ (ਗੁਰਪ੍ਰੀਤ ਸਿੰਘ) – ਗਿਆਨੀ ਗੁਰਬਚਨ ਸਿੰਘ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਦਫ਼ਤਰ ਸਕੱਤਰੇਤ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਜਾਰੀ ਪ੍ਰੈਸ ਨੋਟ ਵਿੱਚ ਕਿਹਾ ਕਿ ਕੇਂਦਰ ਸਰਕਾਰ ਨੇ ਜੋ ਨਾਮ ਕਾਲੀ ਸੂਚੀ ਦੀ ਲਿਸਟ ਵਿਚੋਂ ਕੱਢੇ ਹਨ, ਸ਼ਲਾਘਾਯੋਗ ਫੈਸਲਾ ਹੈ, ਲੇਕਿਨ ਇਹ ਕਾਲੀ ਸੂਚੀ ਸਰਕਾਰ ਵੱਲੋਂ ਖਤਮ ਹੀ ਕਰ ਦੇਣੀ ਚਾਹੀਦੀ ਹੈ, ਜਿਸ ਨਾਲ ਸਿੱਖ ਵੀ ਅਜ਼ਾਦੀ ਦਾ ਨਿੱਘ ਮਾਣ ਸਕਣ।
ਜਥੇਦਾਰ ਨੇ ਇਹ ਵੀ ਕਿਹਾ ਕਿ ਸਿੱਖ ਕੌਮ ਉਪਰ ਸਮੇਂ-ਸਮੇਂ ਅਨੁਸਾਰ ਸਰਕਾਰਾਂ ਵੱਲੋਂ ਬਹੁਤ ਜਲੀਲ਼ਤਾ ਭਰਿਆ ਤਸ਼ੱਦਦ ਹੁੰਦਾ ਰਿਹਾ ਹੈ ਅਤੇ ਸਿੱਖਾਂ ਨੇ ਇਸ ਨੂੰ ਆਪਣੇ ਪਿੰਡੇ ਉਪਰ ਹੰਢਾਇਆ ਹੈ। ਜਿਹੜੇ ਸਿੱਖ ਜੇਲ੍ਹ ਦੀਆਂ ਕਾਲ-ਕੋਠਰੀਆਂ ਵਿਚ ਬੰਦ ਹਨ ਅਤੇ ਆਪਣੀ ਸਜ਼ਾ ਵੀ ਪੂਰੀ ਕਰ ਚੁੱਕੇ ਹਨ, ਉਨ੍ਹਾਂ ਪ੍ਰਤੀ ਸਰਕਾਰ ਨੂੰ ਵਿਚਾਰ ਕਰਕੇ ਉਨ੍ਹਾਂ ਦੀ ਰਿਹਾਈ ਲਈ ਪੁਰਜੋਰ ਯਤਨ ਕਰਨਾ ਚਾਹੀਦਾ ਹੈ ਅਤੇ ਇਸ ਵਿਚ ਸਿੱਖ ਸੰਗਤਾਂ ਵੀ ਸਹਿਯੋਗ ਦੇਣ।
ਗਿਆਨੀ ਗੁਰਬਚਨ ਸਿੰਘ ਨੇ ਇਹ ਵੀ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਕਈ ਵਾਰ ਗੁਰਦੁਆਰਾ ਕਮੇਟੀਆਂ ਅਤੇ ਗ੍ਰੰਥੀ ਸਿੰਘਾਂ ਨੂੰ ਮੀਡੀਆ ਰਾਹੀਂ ਕਿਹਾ ਹੈ ਕਿ ਗੁਰਦੁਆਰਾ ਸਾਹਿਬਾਨਾਂ ਵਿਚ ਹਰ ਵਕਤ ਇੱਕ ਸੇਵਾਦਾਰ 24 ਘੰਟੇ ਹਾਜ਼ਰ ਰੱਖਿਆ ਜਾਵੇ ਪ੍ਰੰਤੂ ਫਿਰ ਵੀ ਪਾਵਨ ਸਰੂਪਾਂ ਦੀ ਬੇਅਦਬੀ ਹੋਣ ਦੀਆਂ ਘਟਨਾਵਾਂ ਵਾਪਰ ਰਹੀਆਂ ਹਨ। ਸਮੁੱਚੀ ਸਿੱਖ ਸੰਗਤ ਇਸ ਪ੍ਰਤੀ ਗੰਭੀਰ ਹੋਵੇ, ਤਾਂ ਜੋ ਵਾਪਰ ਰਹੀਆਂ ਘਟਨਾਵਾਂ ਨੂੰ ਰੋਕਿਆ ਜਾ ਸਕੇ।
ਇਸ ਸਬੰਧ ਵਿਚ ਸਮੂੰਹ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸਮੂੰਹ ਪ੍ਰਚਾਰਕ ਅਤੇ ਸਮੂੰਹ ਮੈਨੇਜਰ ਗੁਰਦੁਆਰਾ 85 ਸੈਕਸ਼ਨ ਤੇ 87 ਸੈਕਸ਼ਨ ਦੀ ਮੀਟਿੰਗ ਮਿਤੀ 18-4-2016 ਨੂੰ ਤੇਜਾ ਸਿੰਘ ਸਮੁੰਦਰੀ ਹਾਲ, ਦਫ਼ਤਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿਖੇ ਰੱਖੀ ਗਈ ਹੈ।
Check Also
ਗਾਂਧੀ ਜੈਯੰਤੀ ਸਵੱਛਤਾ ਜਾਗਰੂਕਤਾ ਦਿਵਸ ਵਜੋਂ ਮਨਾਈ ਗਈ
ਅੰਮ੍ਰਿਤਸਰ, 6 ਅਕਤੂਬਰ (ਪੰਜਾਬ ਪੋਸਟ ਬਿਊਰੋ) – ਨਗਰ ਨਿਗਮ ਅੰਮ੍ਰਿਤਸਰ ਵੱਲੋਂ ਫਸਟ ਪੰਜਾਬ ਬਟਾਲੀਅਨ ਐਨ.ਸੀ.ਸੀ …
Punjab Post Daily Online Newspaper & Print Media