Tuesday, September 8, 2026

ਬਿਨਾਂ ਢੱਕੀਆਂ ਖਾਣ-ਪੀਣ ਦੀਆਂ ਵਸਤਾਂ ਦੀ ਵਿਕਰੀ ‘ਤੇ ਪਾਬੰਦੀ ਲਾਗੂ

ਅੰਮ੍ਰਿਤਸਰ, 30 ਮਾਰਚ (ਜਗਦੀਪ ਸਿੰਘ ਸੱਗੂ) – ਅੰਮ੍ਰਿਤਸਰ ਜ਼ਿਲ੍ਹੇ ਦੀ ਹੱਦ ਵਿਚ ਹੈਜ਼ੇ ਦੀ ਬਿਮਾਰੀ ਫੈਲਣ ਤੋਂ ਰੋਕਣ ਲਈ ਡਿਪਟੀ ਕਮਿਸ਼ਨਰ ਸ੍ਰੀ ਵਰੁਣ ਰੂਜਮ ਨੇ ਖਾਣ-ਪੀਣ ਦੀਆਂ ਬਿਨਾਂ ਢਕੀਆਂ ਵਸਤਾਂ ‘ਤੇ ਪਾਬੰਦੀ ਲਗਾਉਣ ਦੇ ਆਦੇਸ਼ ਜਾਰੀ ਕੀਤੇ ਹਨ। ਇਹ ਆਦੇਸ਼ 31 ਦਸੰਬਰ 2016 ਤੱਕ ਲਾਗੂ ਰਹਿਣਗੇ ਅਤੇ ਇਸ ਦੀ ਉਲੰਘਣਾ ਕਰਨ ਵਾਲਿਆਂ ਖਿਲਾਫ਼ ਧਾਰਾ 188 ਤਹਿਤ ਕਾਰਵਾਈ ਕੀਤੀ ਜਾਵੇਗੀ। ਡਿਪਟੀ ਕਮਿਸ਼ਨਰ ਨੇ ਜਾਰੀ ਆਦੇਸ਼ਾਂ ਵਿਚ ਕਿਹਾ ਹੈ ਕਿ ਗਰਮੀਆਂ ਦੇ ਮੌਸਮ ਵਿਚ ਗੰਦੀਆਂ ਵਸਤਾਂ ਖਾਣ ਕਾਰਨ ਹੈਜ਼ਾ ਫ਼ੈਲਣ ਦਾ ਖ਼ਤਰਾ ਜ਼ਿਆਦਾ ਰਹਿੰਦਾ ਹੈ, ਜਿਸ ਦੇ ਮੱਦੇਨਜ਼ਰ ਪ੍ਰਸ਼ਾਸਨ ਨੇ ਬਿਨਾਂ ਢਕੀਆਂ ਖਾਣ-ਪੀਣ ਦੀਆ ਵਸਤਾਂ ‘ਤੇ ਰੋਕ ਲਗਾਉਣ ਦਾ ਫ਼ੈਸਲਾ ਕੀਤਾ ਹੈ। ਆਦੇਸ਼ ਦੀ ਉਲੰਘਣਾ ਕਰਨ ਵਾਲਿਆਂ ਨੂੰ ਸਮੇਂ-ਸਮੇਂ ‘ਤੇ ਚੈਕ ਕਰਨ ਲਈ ਸਾਰੇ ਮੈਜਿਸਟ੍ਰੇਟਾਂ, ਸਿਵਲ ਸਰਜਨ ਅੰਮ੍ਰਿਤਸਰ, ਜ਼ਿਲ੍ਹਾ ਸਿਹਤ ਅਫ਼ਸਰ, ਸਾਰੇ ਸੀਨੀਅਰ ਮੈਡੀਕਲ ਅਫ਼ਸਰ/ਸਰਕਾਰੀ ਅਤੇ ਸਥਾਨਕ ਸਰਕਾਰਾਂ ਦੇ ਮੈਡੀਕਲ ਅਫ਼ਸਰ, ਜ਼ਿਲ੍ਹਾ ਐਪੀਡੈਮਿਓਲੋਜਿਸਟ, ਨਗਰ ਨਿਗਮ ਦੇ ਐਮ.ਓ. ਐਚ, ਸਾਰੇ ਫੂਡ ਇੰਸਪੈਕਟਰ, ਸਿਹਤ ਸੁਪਰਵਾਈਜ਼ਰ ਅਤੇ ਸੈਨੇਟਰੀ ਇੰਸਪੈਕਟਰਾਂ/ਮਲਟੀਪਰਪਜ਼ ਸਿਹਤ ਸੁਪਰਵਾਈਜ਼ਰਾਂ ਦੀ ਡਿਊਟੀ ਲਗਾਈ ਗਈ ਹੈ।  ਜਾਰੀ ਆਦੇਸ਼ਾਂ ਵਿਚ ਕਿਹਾ ਗਿਆ ਹੈ ਕਿ ਤਾਰਾਂ ਦੀ ਜਾਲ਼ੀ ਜਾਂ ਬਿਨਾਂ ਸ਼ੀਸ਼ੇ ਤੋਂ ਢਕੇ, ਜ਼ਿਆਦਾ ਪੱਕੇ, ਕੱਚੇ ਜਾਂ ਗਲ਼ੇ-ਸੜੇ ਹੋਏ ਫਲ ਨਹੀਂ ਵੇਚੇ ਜਾ ਸਕਦੇ। ਇਸੇ ਤਰ੍ਹਾਂ ਤਾਰਾਂ ਵਾਲੀ ਜਾਲੀ ਜਾਂ ਬਿਨਾਂ ਸ਼ੀਸ਼ੇ ਤੋਂ ਢਕੀਆਂ ਕੱਟੀਆਂ ਸਬਜ਼ੀਆਂ, ਮੀਟ, ਕੇਕ, ਮਠਿਆਈਆਂ, ਬਿਸਕੁਟ, ਬਰੈੱਡ, ਭੁੰਨਿਆ ਹੋਇਆ ਅਨਾਜ ਅਤੇ ਹੋਰਨਾਂ ਖਾਣ-ਪੀਣ ਦੀਆਂ ਵਸਤਾਂ ਦੀ ਵਿਕਰੀ ‘ਤੇ ਪਾਬੰਦੀ ਹੋਵੇਗੀ। ਇਸ ਤੋਂ ਇਲਾਵਾ ਮੁਨੁੱਖੀ ਖਪਤ ਲਈ ਅਯੋਗ ਕਰਾਰ ਦਿੱਤੇ ਪਾਣੀ ਤੋਂ ਬਣੀਆਂ ਵਸਤਾਂ ਜਿਵੇਂ ਬਰਫ਼, ਬਰਫ਼ ਦੇ ਗੋਲੇ ਜਾਂ ਬਰਫ਼ ਨੂੰ ਮਿਲਾ ਕੇ ਬਣੀਆਂ ਵਸਤਾਂ ਦੀ ਵਿਕਰੀ ਨਹੀਂ ਕੀਤੀ ਜਾ ਸਕਦੀ। ਇਸੇ ਤਰ੍ਹਾਂ ਗੰਨੇ ਦਾ ਰਸ ਅਤੇ ਹੋਰਨਾਂ ਪੀਣ ਵਾਲੇ ਪਦਾਰਥਾਂ ‘ਤੇ ਪਾਬੰਦੀ ਹੋਵੇਗੀ ਜਿਹੜੇ ਕਿ ਸਾਫ਼-ਸੁਥਰੀ ਹਾਲਤ ਵਿਚ ਤਿਆਰ ਨਾ ਕੀਤੇ ਗਏ ਹੋਣ।ਇਸ ਤੋਂ ਇਲਾਵਾ ਅਜਿਹੀ ਕਿਸੇ ਬਰਫ਼, ਖਣਿਜ ਯੁਕਤ ਪਾਣੀ ਅਤੇ ਗੈਸ ਵਾਲੀ ਬੋਤਲ, ਬੰਦ ਪਾਣੀ ਬਣਾਉਣ ਵਾਲੀ ਫੈਕਟਰੀ ਨੂੰ ਬੰਦ ਕਰਵਾਇਆ ਜਾਵੇਗਾ, ਜਿਸ ਦੇ ਪਾਣੀ ਦੇ ਨਮੂਨੇ ਮਿਆਰਾਂ ‘ਤੇ ਖਰੇ ਨਾ ਉਤਰਦੇ ਹੋਣ।

Check Also

ਅੰਮ੍ਰਿਤਸਰ ਜਿਲ੍ਹੇ ਦੇ ਸਮੂਹ ਕਾਲਜਾਂ ਵਿੱਚ ਨੌਜਵਾਨਾਂ ਦੀ ਵੋਟਰ ਰਜਿਸਟ੍ਰੇਸ਼ਨ ਲਈ ਲਗਾਏ ਜਾ ਰਹੇ ਹਨ ਵਿਸ਼ੇਸ਼ ਕੈਂਪ

   9 ਸਤੰਬਰ ਨੂੰ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਹੋਵੇਗਾ ਵਿਸ਼ੇਸ਼ ਮੈਗਾ ਈਵੈਂਟ ਅੰਮ੍ਰਿਤਸਰ, 7 …

Leave a Reply