
ਨਵੀਂ ਦਿੱਲੀ, 1 ਅਪ੍ਰੈਲ (ਅੰਮ੍ਰਿਤ ਲਾਲ ਮੰਨਣ)- ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਦਿੱਲੀ ਹਾਈਕੋਰਟ ਦੀ ਚੀਫ਼ ਜਸਟਿਸ ਵੱਲੋਂ ਹਿੰਦੀ ਫ਼ਿਲਮ ਸੰਤਾ-ਬੰਤਾ ਪ੍ਰਾਈਵੇਟ ਲਿਮਿਟੇਡ ਸੰਬੰਧੀ ਐਤਰਾਜ ਸੈਂਸਰ ਬੋਰਡ ਕੋਲ ਦਰਜ਼ ਕਰਾਉਣ ਦੀ ਬੀਤੇ ਦਿਨੀ ਦਿੱਤੀ ਗਈ ਹਿਦਾਇਤ ਦੀ ਪਾਲਨਾ ਕਰ ਦਿੱਤੀ ਹੈ। ਕਮੇਟੀ ਦੇ ਕਾਨੂੰਨੀ ਵਿਭਾਗ ਦੇ ਮੁਖੀ ਜਸਵਿੰਦਰ ਸਿੰਘ ਜੌਲੀ ਨੇ ਕਮੇਟੀ ਦੇ ਵਕੀਲ ਸੁਕਮ ਸਿੰਘ ਆਹਲੂਵਾਲਿਆ ਅਤੇ ਲਖਮੀ ਚੰਦ ਦੇ ਨਾਲ ਸੈਂਸਰ ਬੋਰਡ ਦੇ ਦਿੱਲੀ ਦਫ਼ਤਰ ਸੀ.ਜੀ.ਓ. ਕੰਪਲੈਕਸ਼ ਵਿਖੇ ਸਿੱਖ ਕੌਮ ਦੇ ਐਤਰਾਜਾਂ ਨੂੰ ਦਰਜ਼ ਕਰਵਾਇਆ ਹੈ।
ਇਸ ਬਾਰੇ ਜਾਣਕਾਰੀ ਦਿੰਦੇ ਹੋਏ ਜੌਲੀ ਨੇ ਦੱਸਿਆ ਕਿ ਕਮੇਟੀ ਕੋਲ ਮੁੰਬਈ, ਫਰੀਦਾਬਾਦ, ਰਾਇਪੁਰ ਆਦਿਕ ਕਈ ਸਥਾਨਾਂ ਤੋਂ ਇਸ ਫਿਲਮ ਦੇ ਵਿਰੋਧ ਵਿਚ ਜੋ ਸ਼ਿਕਾਇਤਾਂ ਆਈਆਂ ਸਨ ਉਨ੍ਹਾਂ ਨੂੰ ਵੀ ਕਮੇਟੀ ਦੇ ਐਤਰਾਜਾਂ ਦੇ ਨਾਲ ਹੀ ਨੱਥੀ ਕਰਕੇ ਸੈਂਸਰ ਬੋਰਡ ਨੂੰ ਸੌਂਪ ਦਿੱਤਾ ਹੈ। ਇਸ ਸੰਬੰਧੀ ਸੈਂਸਰ ਬੋਰਡ ਦਾ ਫੈਸਲਾ 8 ਅਪ੍ਰੈਲ ਨੂੰ ਆਉਣ ਦੀ ਵੀ ਜੌਲੀ ਨੇ ਆਸ਼ ਜਤਾਈ। ਸ਼ੋਸ਼ਲ ਮੀਡੀਆ ਤੇ ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਵੱਲੋਂ ਫਿਲਮ ਦੇ ਪ੍ਰਦਰਸ਼ਨ ਨੂੰ ਰੋਕਣ ਵਾਸਤੇ ਪਾਈ ਗਈ ਈ-ਪਟੀਸ਼ਨ ‘ਤੇ 1125 ਲੋਕਾਂ ਵੱਲੋਂ ਸਾਈਨ ਕਰਨ ਦੀ ਵੀ ਜੌਲੀ ਨੇ ਜਾਣਕਾਰੀ ਦਿੱਤੀ। ਜੌਲੀ ਨੇ ਸੰਗਤਾਂ ਨੂੰ ਵੱਧ ਤੋਂ ਵੱਧ ਈ-ਪਟੀਸ਼ਨ ਨੂੰ ਸਾਈਨ ਕਰਨ ਦੀ ਵੀ ਅਪੀਲ ਕੀਤੀ।
Punjab Post Daily Online Newspaper & Print Media