Saturday, June 29, 2024

ਵਿਦਿਆਰਥੀਆਂ ਅਤੇ ਕਿਸਾਨਾਂ ਲਈ ਵਿਆਜ ਮੁਕਤ ਕਰਜ਼ਾ ਸਕੀਮ ਛੇਤੀ – ਮਜੀਠੀਆ

PPN0104201609ਅੰਮ੍ਰਿਤਸਰ, 1 ਅਪ੍ਰੈਲ (ਜਗਦੀਪ ਸਿੰਘ ਸੱਗੂ)- ਮਾਲ ਤੇ ਲੋਕ ਸੰਪਰਕ ਮੰਤਰੀ ਸ. ਬਿਕਰਮ ਸਿੰਘ ਮਜੀਠੀਆ ਨੇ ਪੰਜਾਬ ਸਰਕਾਰ ਦੀਆਂ ਯੋਜਨਾਵਾਂ ਦਾ ਖੁਲਾਸਾ ਕਰਦੇ ਦੱਸਿਆ ਕਿ ਉਚੇਰੀ ਪੜਾਈ ਲਈ ਵਿਦਿਆਰਥੀਆਂ ਨੂੰ 5 ਲੱਖ ਤੱਕ ਅਤੇ ਕਿਸਾਨਾਂ ਲਈ ਹਰ ਛਿਮਾਹੀ 50 ਹਜ਼ਾਰ ਰੁਪਏ ਤੱਕ ਦਾ ਫਸਲੀ ਕਰਜ਼ਾ ਵਿਆਜ਼ ਮੁਕਤ ਦੇਣ ਦੀ ਸਕੀਮ ਛੇਤੀ ਸ਼ੁਰੂ ਕੀਤੀ ਜਾ ਰਹੀ ਹੈ। ਅੱਜ ਆਪਣੇ ਹਲਕੇ ਦੇ ਪਿੰਡਾਂ ਜੇਠੂਨੰਗਲ ਅਤੇ ਦਾਦੂਪੁਰਾ ਨੂੰ 83 ਲੱਖ ਰੁਪਏ ਦੀਆਂ ਗਰਾਂਟਾਂ ਵੱਖ-ਵੱਖ ਵਿਕਾਸ ਕਾਰਜਾਂ ਲਈ ਦੇਣ ਵਾਸਤੇ ਪੁੱਜੇ ਸ. ਮਜੀਠੀਆ ਨੇ ਲੋਕਾਂ ਦੇ ਇਕੱਠਾਂ ਨੂੰ ਸੰਬੋਧਨ ਕਰਦੇ ਕਿਹਾ ਕਿ ਇਸ ਕਰਜ਼ਾ ਯੋਜਨਾ ਨਾਲ ਜਿੱਥੇ ਆਮ ਘਰਾਂ ਦੇ ਬੱਚਿਆਂ ਨੂੰ ਉਚੇਰੀ ਪੜਾਈ ਕਰ ਸਕਣ ਦਾ ਮੌਕਾ ਮਿਲੇਗਾ, ਉਥੇ ਉਨਾਂ ਦੇ ਮਾਪੇ ਬੱਚਿਆਂ ਦੀ ਪੜਾਈ ‘ਤੇ ਹੋਣ ਵਾਲੇ ਖਰਚੇ ਦੀ ਚਿੰਤਾ ਤੋਂ ਬਚਣਗੇ। ਉਨਾਂ ਦੱਸਿਆ ਕਿ ਇਸ ਸਕੀਮ ਤਹਿਤ ਦਿੱਤੇ ਗਏ ਕਰਜ਼ੇ ‘ਤੇ ਕੋਈ ਵਿਆਜ਼ ਨਹੀਂ ਲੱਗੇਗਾ ਅਤੇ ਬੱਚਾ ਪੜਾਈ ਕਰਨ ਤੋਂ ਬਾਅਦ ਖ਼ੁਦ ਕਮਾਈ ਕਰਕੇ ਉਸ ਨੂੰ ਅਸਾਨ ਕਿਸ਼ਤਾਂ ਵਿਚ ਮੋੜ ਸਕੇਗਾ। ਉਨਾਂ ਦੱਸਿਆ ਕਿ ਇਸ ਯੋਜਨਾ ਵਿਚ ਸਾਰੇ ਨੀਲੇ ਕਾਰਡ ਧਾਰਕ ਪ ਪਰਿਵਾਰਾਂ ਦੇ ਮੈਂਬਰਾਂ ਨੂੰ ਸ਼ਾਮਿਲ ਕੀਤਾ ਜਾਵੇਗਾ।
ਸ. ਮਜੀਠੀਆ ਨੇ ਦੱਸਿਆ ਕਿ ਇਸ ਤੋਂ ਇਲਾਵਾ ਪੰਜਾਬ ਸਰਕਾਰ ਵੱਲੋਂ ਕਿਸਾਨਾਂ ਨੂੰ ਫਸਲਾਂ ਦੀ ਬਿਜਾਈ ‘ਤੇ ਹੋਣ ਵਾਲਾ ਖਰਚਾ ਵੀ ਵਿਆਜ਼ ਮੁਕਤ ਕਰਜ਼ੇ ਦੇ ਰੂਪ ਵਿਚ ਦੇਣ ਦਾ ਫੈਸਲਾ ਕੀਤਾ ਜਾ ਚੁੱਕਾ ਹੈ ਅਤੇ ਛੇਤੀ ਹੀ ਇਹ ਯੋਜਨਾ ਅਮਲੀ ਰੂਪ ਵਿਚ ਲਾਗੂ ਕਰ ਦਿੱਤੀ ਜਾਵੇਗੀ। ਉਨਾਂ ਦੱਸਿਆ ਕਿ ਇਹ ਕਰਜ਼ਾ ਸਾਲ ਵਿਚ ਦੋ ਵਾਰ ਦਿੱਤਾ ਜਾਵੇਗਾ, ਤਾਂ ਕਿ ਹਾੜੀ-ਸਾਉਣੀ ਦੀਆਂ ਮੁੱਖ ਫਸਲਾਂ ਦੀ ਬਿਜਾਈ ਅਤੇ ਸਾਂਭ-ਸੰਭਾਲ ਵਿਚ ਕਿਸਾਨ ਨੂੰ ਕੋਈ ਮੁਸ਼ਿਕਲ ਨਾ ਆਵੇ। ਉਨਾਂ ਦੱਸਿਆ ਕਿ ਇਹ ਕਰਜ਼ਾ ਵੀ ਵਿਆਜ਼ ਮੁਕਤ ਹੋਵੇਗਾ ਅਤੇ ਕਿਸਾਨ ਆਪਣੀ ਫਸਲ ਵੇਚਣ ‘ਤੇ ਇਸ ਕਰਜ਼ੇ ਦੀ ਅਦਾਇਗੀ ਕਰੇਗਾ। ਉਨਾਂ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀਆਂ ਗਈਆਂ ਵੱਖ-ਵੱਖ ਲਾਭਕਾਰੀ ਯੋਜਨਾਵਾਂ, ਜਿੰਨਾਂ ਵਿਚ ਭਗਤ ਪੂਰਨ ਸਿੰਘ ਸਿਹਤ ਬੀਮਾ ਯੋਜਨਾ, ਖੂਨ ਦੇ ਰਿਸ਼ਤੇ ਵਿਚ ਬਿਨਾਂ ਫੀਸ ਜਾਇਦਾਦ ਦਾ ਤਬਾਦਲਾ, ਆਟਾ-ਦਾਲ ਸਕੀਮ, ਬੁਢਾਪਾ ਪੈਨਸ਼ਨ ਸਕੀਮ ਆਦਿ ਦਾ ਖੁਲਾਸਾ ਕਰਦੇ ਸਾਰੇ ਪੰਜਾਬ ਵਾਸੀਆਂ ਨੂੰ ਇੰਨਾ ਦਾ ਲਾਭ ਲੈਣ ਦੀ ਅਪੀਲ ਕੀਤੀ। ਸ. ਮਜੀਠੀਆ ਨੇ ਪਿੰਡ ਜੇਠੂਨੰਗਲ ਵਿਚ ਐਸ ਸੀ ਭਲਾਈ ਸਕੀਮ ਅਧੀਨ 30 ਸਿਲਾਈ ਮਸ਼ੀਨਾਂ ਵੀ ਲੋੜਵੰਦ ਪਰਿਵਾਰਾਂ ਦੀਆਂ ਔਰਤਾਂ ਨੂੰ ਵੰਡੀਆਂ। ਪੰਜਾਬ ਸਰਕਾਰ ਦੀਆਂ ਇੰਨਾਂ ਕਲਿਆਣਕਾਰੀ ਸਕੀਮਾਂ ਤੋਂ ਪ੍ਰਭਾਵਿਤ ਹੋ ਕੇ ਪਿੰਡ ਦਾਦੂਪੁਰਾ ਵਿਚ ਸੰਤੋਖ ਸਿੰਘ, ਕੁਲਦੀਪ ਸਿੰਘ, ਜਗੀਰ ਸਿੰਘ ਅਤੇ ਦਿਲਬਾਗ ਸਿੰਘ ਆਦਿ ਦਾ ਪਰਿਵਾਰ ਕਾਂਗਰਸ ਛੱਡ ਕੇ ਅਕਾਲੀ ਦਲ ਵਿਚ ਸ਼ਾਮਿਲ ਹੋਇਆ, ਜਿਸ ਨੂੰ ਸ. ਮਜੀਠੀਆ ਨੇ ਸਿਰੋਪਾਉ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸ. ਤਲਬੀਰ ਸਿੰਘ, ਮੇਜਰ ਸ਼ਿਵੀ, ਬੱਬੀ ਭੰਗਵਾਂ, ਜੋਧ ਸਿੰਘ ਸਮਰਾ, ਗਗਨਦੀਪ ਸਿੰਘ ਭਕਨਾ, ਪ੍ਰਭਦਿਆਲ ਸਿੰਘ ਮੰਨਵਾਂ, ਸਰਪੰਚ ਧੀਰ ਸਿੰਘ ਦੱਦੂਪੁਰਾ, ਸਰਪੰਚ ਸਰਬਜੀਤ ਸਿੰਘ ਕੌਰ, ਨਵਦੀਪ ਸਿੰਘ, ਗੁਲਜ਼ਾਰ ਸਿੰਘ ਨੰਬਰਦਾਰ, ਦਿਲਬਾਗ ਸਿੰਘ ਨੰਬਰਦਾਰ, ਜੋਗਿੰਦਰ ਸਿੰਘ, ਸਵਿੰਦਰ ਸਿੰਘ, ਮਨਜੀਤ ਕੌਰ ਮੈਂਬਰ ਪੰਚਾਇਤ ਆਦਿ ਹਾਜ਼ਰ ਸਨ।

Check Also

ਖ਼ਾਲਸਾ ਕਾਲਜ ਨਰਸਿੰਗ ਵਿਖੇ ਹਾਈਪਰਟੈਂਸ਼ਨ ਸਪਤਾਹ ਮਨਾਇਆ

ਅੰਮ੍ਰਿਤਸਰ, 28 ਜੂਨ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਆਫ਼ ਨਰਸਿੰਗ ਵਿਖੇ ਹਾਈਪਰਟੈਂਸ਼ਨ ਸਬੰਧੀ ਜਾਗਰੂਕਤਾ …

Leave a Reply