
ਅੰਮ੍ਰਿਤਸਰ, 2 ਅਪ੍ਰੈਲ (ਜਗਦੀਪ ਸਿੰਘ ਸੱਗੂ)- ਸਥਾਨਕ ਬੀ. ਬੀ. ਕੇ. ਡੀ. ਏ. ਵੀ. ਕਾਲਜ ਫ਼ਾਰ ਵੂਮੈਨ ਦੇ ‘ਉਰਵੀ ਔਡੀਟੋਰੀਅਮ’ ਵਿਖੇ 2 ਅਪ੍ਰੈਲ, 2016 ਨੁੰ ‘ਖੇਡ ਇਨਾਮ ਵੰਡ’ ਸਮਾਰੋਹ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ‘ਤੇ ਡਾ. ਰਾਜ ਕੁਮਾਰ ਵੇਰਕਾ ਵਾਇਸ ਚੇਅਰਮੈਨ ਨੈਸ਼ਨਲ ਕਮਿਸ਼ਨ ਫ਼ਾਰ ਸ਼ਡਿਊਲਕਾਸਟ ਨੇ ਮੁੁੱਖ ਮਹਿਮਾਨ ਵਜ਼ੋਂ ਸ਼ਿਰਕਤ ਕੀਤੀ। ਇਸ ਤੋਂ ਇਲਾਵਾ ਡਾ. ਹਰਵਿੰਦਰ ਸਿੰਘ ਰੰਧਾਵਾ ਸਪੋਰਟਸ ਡਿਪਟੀ ਡਾਇਰੈਕਟਰ, ਮੁਖੀ ਸਰੀਰਕ ਸਿਖਿਆ ਵਿਭਾਗ, ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਿਲ ਹੋਏ। ਸਮਾਰੋਹ ਦਾ ਆਗਾਜ਼ ਗੋਰਵ ਤੇ ਮਾਣ ਸਨਮਾਨ ਦੇ ਪ੍ਰਤੀਕ ਡੀ. ਏ. ਵੀ. ਗਾਨ ਅਤੇ ਵੇਦ ਮੰਤਰ ਦੇ ਉਚਾਰਨ ‘ਤੇ ਨਾਲ ਹੀ ਮੁੱਖ ਮਹਿਮਾਨ ਵਲੋਂ ਸ਼ਮ੍ਹਾ ਰੋਸ਼ਨ ਕਰਕੇ ਕੀਤਾ ਗਿਆ।
ਪ੍ਰਿੰਸੀਪਲ ਡਾ. ਪੁਸ਼ਪਿੰਦਰ ਵਾਲੀਆ, ਸ਼੍ਰੀ. ਜੇ.ਕੇ ਲੁਥਰਾ ਆਨਰੇਰੀ ਟਰੇਜ਼ਰਰ ਡੀ.ਏ.ਵੀ.ਕਾਲਜ ਮੈਨੇਜ਼ਿਗ ਕਮੇਟੀ ਨਵੀਂ ਦਿੱਲੀ ਅਤੇ ਸ਼੍ਰੀ. ਸੁਦਰਸ਼ਨ ਕਪੂਰ ਚੇਅਰਮੈਨ ਐਲ.ਐਮ.ਸੀ ਨੇ ਮੁੱਖ ਮਹਿਮਾਨ ਤੇ ਆਏ ਹੋਏ ਮਹਿਮਾਨਾਂ ਦਾ ਫੁੱਲਾਂ ਨਾਲ ਨਿੱਘਾ ਸਵਾਗਤ ਕੀਤਾ। ਪ੍ਰਿੰਸੀਪਲ ਡਾ. ਪੁਸ਼ਪਿੰਦਰ ਵਾਲੀਆ ਨੇ ਕਾਲਜ ਦੀ ਸਲਾਨਾ ਰਿਪੋਰਟ ਪੇਸ਼ ਕਰਦੇ ਹੋਏ ਕਿਹਾ ਕਿ ਇਹ ਸਾਡੇ ਲਈ ਬੜੇ ਫ਼ਖਰ ਦੀ ਗੱਲ ਹੈ ਕਿ ਜਿੱਥੇ ਸਾਡੇ ਕਾਲਜ ਨੇ ਅਕਾਦਮਿਕ, ਸਭਿਆਚਰਕ ਤੇ ਸੰਸਕ੍ਰਿਤਕ ਖੇਤਰ ਵਿੱਚ ਉੱਚ ਉਪਲੱਬਧੀਆਂ ਪ੍ਰਾਪਤ ਕੀਤੀਆਂ ਹਨ, ਉਥੇ ਖੇਡਾਂ ਦੇ ਖੇਤਰ ਵਿੱਚ ਵੀ ਰਾਸ਼ਟਰੀ, ਅੰਤਰ ਰਾਸ਼ਟਰੀ ਤੇ ਯੂਨੀਵਰਸਿਟੀ ਪੱੱਧਰ ਤੇ ਲਗਾਤਾਰ ਉੱੱਚ ਪ੍ਰਾਪਤੀਆਂ ਕਰ ਰਿਹਾ ਹੈ।ਉਹਨਾਂ ਦੱਸਿਆ ਕਿ ਬੀ. ਬੀ. ਕੇ. ਡੀ. ਏ. ਵੀ ਕਾਲਜ ਪਿਛਲੇ ਤਿੰਨ ਸਾਲਾਂ ਤੋਂ ‘ਜਨਰਲ ਸਪੋਰਟਸ ਚੈਂਪੀਅਨਸ਼ਿਪ ਟਰਾਫ਼ੀ’ ਅਤੇ ‘ਸ਼ਹੀਦ-ਏ-ਆਜ਼ਮ ਭਗਤ ਸਿੰਘ ਚੈਂਪੀਅਨਸ਼ਿਪ ਟਰਾਫ਼ੀ’ (ਮਹਿਲਾ ਅਤੇ ਪੁਰਸ਼ ਸੰਯੁਕਤ) ਲਗਾਤਾਰ ਜਿੱਤਦਾ ਆ ਰਿਹਾ ਹੈ।ਉਹਨਾਂ ਦੱਸਿਆ ਕਿ 2015 ਵਿੱਚ ਸ਼ਹੀਦ ਭਗਤ ਸਿੰਘ ਪੰਜਾਬ ਖੇਡਾਂ ਟੂਰਨਾਮੈਂਟ ਵਿੱਚ ਕਾਲਜ ਨੂੰ 4.50 ਲੱਖ ਰੁਪਏ ਇਨਾਮ ਵੀ ਮਿਲਿਆ। ਉਹਨਾਂ ਨੇ ਇਹ ਵੀ ਕਿਹਾ ਕਿ ਕਾਲਜ ਦੁਆਰਾ ਖਿਡਾਰਨਾਂ ਨੂੰ ਅਕਾਦਮਿਕ, ਖੇਡ ਪ੍ਰਤੀਯੋਗਤਾ, ਹੋਸਟਲ ਅਤੇ ਚਿਕਿਤਸਾ ਸਬੰਧੀ ਹਮੇਸ਼ਾ ਹੀ ਵੱਧ ਤੋਂ ਵੱਧ ਸਹਾਇਤਾ ਪ੍ਰਦਾਨ ਕੀਤੀ ਜਾਂਦੀ ਹੈ।
ਇਸ ਮੌਕੇ ਤੇ ਮੁੱਖ ਮਹਿਮਾਨ ਡਾ. ਵੇਰਕਾ ਨੇ ਵਿਦਿਆਰਥਣਾਂ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਕਿ ਸਾਡੇ ਸਮਾਜ ਵਿੱਚ ਫੈਲੀਆਂ ਗਲਤ ਕੁਰੀਤੀਆਂ ਖ਼ਾਸ ਕਰਕੇ ਭਰੂਣ ਹੱਤਿਆ ਜੋ ਕਿ ਸਾਡੇ ਵਾਸਤੇ ਕਲੰਕ ਬਣ ਚੁੱਕੀ ਹੈ ਨੂੰ ਖ਼ਤਮ ਕਰਨ ਦਾ ਉਪਰਾਲਾ ਕਰਨਾ ਚਾਹੀਦਾ ਹੈ।ਅਸਲ ਵਿੱਚ ਸਮਾਜ ਦਾ ਢਾਂਚਾ ਬਦਲਣ ਵਿੱਚ ਬੇਟੀਆਂ ਦਾ ਬਹੁਤ ਵੱਡਾ ਯੋਗਦਾਨ ਹੈ ਇਸ ਕਰਕੇ ਬੇਟੀਆਂ ਨੂੰ ਹਰ ਖੇਤਰ ਵਿੱਚ ਅੱਗੇ ਵਧਣ ਲਈ ਉਤਸ਼ਾਹਿਤ ਕਰਨਾ ਚਾਹੀਦਾ ਹੈ। ਉਹਨਾਂ ਨੇ ਕਾਲਜ ਨੂੰ 5 ਲੱਖ ਦੀ ਗਰਾਂਟ ਪ੍ਰਦਾਨ ਕਰਨ ਦੀ ਘੋਸ਼ਣਾ ਵੀ ਕੀਤੀ। ਡਾ. ਹਰਵਿੰਦਰ ਸਿੰਘ ਰੰਧਾਵਾ ਨੇ ਆਪਣੇ ਭਾਸ਼ਣ ਵਿੱਚ ਕਿਹਾ ਕਿ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੂੰ ਮੌਲਾਨਾ ਅਬੁਲ ਕਲਾਮ ਆਜ਼ਾਦ ਟਰਾਫ਼ੀ ਜਿਤਾਉਣ ਵਿੱਚ ਬੀ. ਬੀ. ਕੇ. ਡੀ. ਏ. ਵੀ. ਕਾਲਜ ਦੀਆਂ ਖਿਡਾਰਨਾਂ ਨੇ ਹਮੇਸ਼ਾ ਹੀ ਯੋਗਦਾਨ ਪਾਇਆ ਹੈ ਉਹਨਾਂ ਨੇ ਵਿਦਿਆਰਥਣਾਂ ਨੂੰ ਜ਼ਿੰਦਗੀ ਵਿੱਚ ਅੱਗੇ ਵਧਣ, ਸਖ਼ਤ ਮਿਹਨਤ, ਚੰਗੀ ਖ਼ੁਰਾਕ ਤੇ ਅਨੁਸਾਸ਼ਨ ਵਿੱਚ ਰਹਿਣ ਲਈ ਪ੍ਰੇਰਿਤ ਕੀਤਾ।
ਸਰੀਰਕ ਸਿੱਖਿਆ ਵਿਭਾਗ ਦੀਆਂ ਵਿਦਿਆਰਥਣਾਂ ਨੇ ਰਸੀ ਮਲਖਮ, ਰਿਦਮਿਕ ਜਿਮਨਾਸਟਿਕ ਅਤੇ ਯੋਗਾ ਸ਼ੋ ਦੀ ਪੇਸ਼ਕਾਰੀ ਕਰਕੇ ਮਹਿਮਾਨਾਂ ਨੂੰ ਮੁਗਧ ਕੀਤਾ।ਇਸ ਸਮਾਰੋਹ ਤੇ ਖੇਡ ਗਤੀਵਿਧੀਆਂ ਅਤੇ ਉਪਲਬਧੀਆਂ ਸਬੰਧੀ ‘ਸਪੋਰਟਸ ਬੁਲਿਟਨ’ ਦੀ ਘੁੰਡ ਚੁਕਾਈ ਕੀਤੀ ਗਈ।ਮੁੱਖ ਮਹਿਮਾਨ ਵਲੋਂ ਰਾਸ਼ਟਰੀ, ਅੰਤਰਰਟਾਸ਼ਟਰੀ ਅਤੇ ਯੂਨੀਵਰਸਿਟੀ ਪੱਧਰ ਤੇ ਜੇਤੂ 300 ਦੇ ਕਰੀਬ ਖਿਡਾਰਨਾਂ ਨੂੰ ਇਨਾਮ ਵੰਡੇ ਅਤੇ ਅਕਾਦਮਿਕ ਤੇ ਖੇਡ ਦੋਨਾਂ ਪੱਧਰਾਂ ਤੇ ਉੱਚ ਸਥਾਨ ਪ੍ਰਾਪਤ ਕਰਨ ਵਾਲੀਆਂ 16 ਵਿਦਿਆਰਥਣਾਂ ਨੂੰ ਸਨਮਾਨਿਤ ਕੀਤਾ ਗਿਆ।ਇਸ ਤੋਂ ਇਲਾਵਾ ਉਹਨਾਂ ਨੇ ਕਾਲਜ ਦੀਆਂ ਖਿਡਾਰਨਾਂ ਦੀ ਖੇਡਾਂ ਸਬੰਧੀ ਯੋਗ ਅਗਵਾਈ ਕਰਨ ਵਾਲੇ ਕੋਚਾਂ ਤੇ ਮੀਡੀਆ ਦੇ ਮੈਂਬਰਾਂ ਨੂੰ ਵੀ ਸਨਮਾਨਿਤ ਕੀਤਾ। ਬਾਸਕਟਬਾਲ ਅਤੇ ਨੈੱਟ ਬਾਲ ਦੀ ਖਿਡਾਰਨ ‘ਸੀਮਾ’ ਨੂੰ ‘ਬੇਸਟ ਪਲੇਅਰ’ ਦਾ ਅਵਾਰਡ ਦਿੱਤਾ ਗਿਆ। ਕਾਲਜ ਦੀ ਪੁਰਾਣੀ ਸਾਈਕਲਿੰਗ ਖਿਡਾਰਨ ਪਾਨਾ ਚੌਧਰੀ ਜਿਸਨੇ ‘ਕਾਮਨ ਵੈਲਥ ਗੇਮ’ ਵਿੱਚ ਭਾਗ ਲਿਆ ਸੀ ਉਸ ਨੂੰ ਵੀ ਸਨਮਾਨਿਤ ਕੀਤਾ ਗਿਆ। ਇਸ ਤੋਂ ਇਲਾਵਾ ਸਪੋਰਟਸ ਕਲੱਬ ਦੇ ਮੈਂਬਰਾਂ ਨੂੰ ਵੀ ਸਨਮਾਨਿਤ ਕੀਤਾ ਗਿਆ।ਕਾਲਜ ਦੇ ਡਾਂਸ ਵਿਭਾਗ ਦੀਆਂ ਵਿਦਿਆਰਥਣਾਂ ਦੁਆਰਾ ਹਰਿਆਣਵੀ ਡਾਂਸ ਦੀ ਪੇਸ਼ਕਾਰੀ ਕੀਤੀ ਗਈ। ਪ੍ਰੋ. ਸ਼ੈਲੀ ਜੱਗੀ, ਪ੍ਰੋ. ਰੁਸ਼ਿਕਾ ਅਤੇ ਡਾ. ਪਰਮਜੀਤ ਦੁਆਰਾ ਮੰਚ ਦਾ ਸੰਚਾਲਨ ਕੀਤਾ ਗਿਆ।ਇਸ ਮੌਕੇ ਤੇ ਆਰਿਆ ਸਮਾਜ ਦੇ ਮੈਂਬਰ, ਖੇਡ ਵਿਭਾਗ ਦੇ ਮੁਖੀ ਸਵੀਟੀ ਬਾਲਾ ਅਤੇ ਕਾਲਜ ਦੇ ਅਧਿਆਪਕਾਂ ਨੇ ਸ਼ਿਰਕਤ ਕੀਤੀ।ਸਮਾਰੋਹ ਦੀ ਸਮਾਪਤੀ ਰਾਸ਼ਟਰੀ ਗਾਇਨ ਨਾਲ ਕੀਤੀ ਗਈ।
Punjab Post Daily Online Newspaper & Print Media