
ਨਵੀਂ ਦਿੱਲੀ, 2 ਅਪ੍ਰੈਲ (ਅੰਮ੍ਰਿਤ ਲਾਲ ਮੰਨਣ)- ਕਾਲੀ ਸੂਚੀ ਵਿਚੋਂ ਭਾਰਤ ਸਰਕਾਰ ਵੱਲੋਂ 36 ਨਾਂ ਹਟਾਉਣ ਦੇ ਕੀਤੇ ਗਏ ਫੈਸਲੇ ਤੇ ਸਿਆਸ਼ਤ ਨੇ ਹੁਣ ਆਪਣਾ ਅਸਲੀ ਰੰਗ ਦਿਖਾਉਣਾ ਸ਼ੁਰੂ ਕਰ ਦਿੱਤਾ ਹੈ। ਕਾਲੀ ਸੂਚੀ ਵਿੱਚੋਂ ਹਟਾਏ ਗਏ 36 ਨਾਂਵਾ ਵਿਚੋਂ 7 ਨਾਂ ਆਪਣੀ ਪਹਿਲਕਦਮੀ ਸੱਦਕਾ ਹਟਣ ਦੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਪਰਮਜੀਤ ਸਿੰਘ ਸਰਨਾ ਵੱਲੋਂ ਕੀਤੇ ਗਏ ਦਾਅਵੇ ਨੂੰ ਸ਼੍ਰੋਮਣੀ ਅਕਾਲੀ ਦਲ ਨੇ ਹਾਸੋਹੀਣਾ ਕਰਾਰ ਦਿੰਦੇ ਹੋਏ ਸਰਨਾ ਦੀ ਕਾਰਜਪ੍ਰਣਾਲੀ ਤੇ ਹੀ ਸਵਾਲ ਖੜੇ ਕਰ ਦਿੱਤੇ ਹਨ। ਅਕਾਲੀ ਦਲ ਦੇ ਕੌਮੀ ਜਥੇਬੰਦਕ ਸਕੱਤਰ ਕੁਲਦੀਪ ਸਿੰਘ ਭੋਗਲ ਨੇ ਸਰਨਾ ਤੇ ਬਿਨਾਂ ਸਿਰ ਪੈਰ ਦੇ ਦਾਅਵੇ ਕਰਨ ਦਾ ਦੋਸ਼ ਲਗਾਉਂਦੇ ਹੋਏ ਸਰਨਾ ਦੇ ਕਾਲੀ ਸੂਚੀ ਤੇ 2011 ਅਤੇ 2016 ਦੇ ਵੱਖ-ਵੱਖ ਦਾਅਵਿਆਂ ਨੂੰ ਵੀ ਜਨਤਕ ਕਰ ਦਿੱਤਾ ਹੈ।
ਸਰਨਾ ਤੇ ਥਾਣਾ ਸਨਲਾਈਟ ਕਾਲੋਨੀ ਵਿਚ ਦਰਜ਼ ਠੱਗੀ ਤੇ ਧੋਖਾਧੜੀ ਦੇ ਮੁਕੱਦਮੇ ਦਾ ਹਵਾਲਾ ਦਿੰਦੇ ਹੋਏ ਭੋਗਲ ਨੇ ਸਵਾਲ ਕੀਤਾ ਕਿ ਜਿਹੜਾ ਸ਼ਖ਼ਸ ਆਪਣੀ ਹਿਮਾਇਤੀ ਕਾਂਗਰਸ ਸਰਕਾਰ ਦੇ ਦਿੱਲੀ ਅਤੇ ਕੇਂਦਰ ਵਿਚ ਹੋਣ ਦੇ ਬਾਵਜੂਦ ਆਪਣੇ ਤੇ ਦਰਜ਼ ਇਕ ਮੁਕਦਮੇ ਨੂੰ ਨਹੀਂ ਹਟਵਾ ਸਕਿਆ ਉਹ ਵਿਦੇਸ਼ਾਂ ਵਿਚ ਵਸਦੇ ਸਿੱਖਾਂ ਦੇ ਨਾਂ ਕਾਲੀ ਸੂਚੀ ਤੋਂ ਕਿਸ ਗੁਝੇ ਸਿਆਸ਼ੀ ਰਸੂਖ ਸਦਕਾ ਹਟਵਾਉਣ ਦਾ ਦਾਅਵਾ ਕਰ ਸਕਦਾ ਹੈ ? ਸਰਨਾ ਨੂੰ ਇਸ ਮਸਲੇ ‘ਤੇ ਸਿਆਸ਼ਤ ਨਾ ਕਰਨ ਦੀ ਸਲਾਹ ਦਿੰਦੇ ਹੋਏ ਭੋਗਲ ਨੇ ਸਰਨਾ ਵੱਲੋਂ ਕਮੇਟੀ ਪ੍ਰਧਾਨ ਰਹਿਣ ਦੌਰਾਨ ਅਖ਼ਬਾਰਾਂ ਵਿਚ ਕਾਲੀ ਸੂਚੀ ਦਿੱਲੀ ਕਮੇਟੀ ਦੇ ਜਤਨਾ ਸਦਕਾ ਖਤਮ ਕਰਾਉਣ ਦਾ ਹਵਾਲਾ ਦੇ ਕੇ ਮਿਤੀ 20 ਮਈ 2011 ਨੂੰ ਕੇਂਦਰ ਸਰਕਾਰ ਦਾ ਧੰਨਵਾਦ ਅਤੇ ਮਿਤੀ 5 ਜੂਨ 2011 ਨੂੰ ਕਾਂਗਰਸ ਦੇ ਪੱਖ ਵਿਚ ਵੋਟਾਂ ਪਾਉਣ ਦੇ ਗੁਰੂ ਦੀ ਗੋਲਕ ਤੋਂ ਦਿੱਤੇ ਗਏ ਇਸਤਿਹਾਰਾਂ ਦੇ ਸੱਚ ਅਤੇ ਮਕਸਦ ਦਾ ਖੁਲਾਸਾ ਕਰਨ ਦੀ ਵੀ ਸਰਨਾ ਨੂੰ ਅਪੀਲ ਕੀਤੀ ਹੈ। ਭੋਗਲ ਨੇ ਕਿਹਾ ਕਿ ਜੇਕਰ ਕਾਲੀ ਸੂਚੀ ਸਰਨਾ ਦੇ ਪ੍ਰਧਾਨਗੀ ਕਾਲ ਦੌਰਾਨ ਯੂ.ਪੀ.ਏ ਸਰਕਾਰ ਨੇ ਖਤਮ ਕਰ ਦਿੱਤੀ ਸੀ ਫਿਰ ਐਨ.ਡੀ.ਏ. ਸਰਕਾਰ ਨੇ ਕਿਸ ਕਾਲੀ ਸੂਚੀ ਵਿਚੋਂ 36 ਨਾਂ ਹਟਾਏ ਹਨ ਜਿਸ ਵਿੱਚੋਂ 7 ਨਾਂਵਾ ਨੂੰ ਹਟਾਉਣ ਦਾ ਸਿਹਰਾ ਸਰਨਾ ਆਪਣੇ ਸਿਰ ਬੰਨਣਾ ਚਾਹੁੰਦੇ ਹਨ। ਭੋਗਲ ਨੇ ਸਰਨਾ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਬੀਤੇ 23 ਮਹੀਨਿਆਂ ਦੇ ਕਾਰਜਕਾਲ ਦੌਰਾਨ ਮੋਦੀ ਨਾਲ ਹੋਈ ਕਿਸੇ ਮੁਲਾਕਾਤ ਦਾ ਵੇਰਵਾ ਵੀ ਜਨਤਕ ਕਰਨ ਦੀ ਅਪੀਲ ਕਰਨ ਦੇ ਨਾਲ ਹੀ ਵਿਦੇਸ਼ਾਂ ਵਿਚ ਮਜ਼ਬੂਰੀ ਵੱਜੌਂ ਸਿਆਸ਼ੀ ਪਨਾਹ ਲੈਣ ਵਾਲੇ ਸਿੱਖਾਂ ਦੀਆਂ ਭਾਵਨਾਵਾਂ ਨਾਲ ਨਾ ਖੇਡਣ ਦੀ ਵੀ ਸਰਨਾ ਨੂੰ ਅਪੀਲ ਕੀਤੀ ਹੈ।
Punjab Post Daily Online Newspaper & Print Media