Monday, July 1, 2024

ਪੰਜਾਬੀਆਂ ਦੀ ਪਿੱਠ ‘ਤੇ ਛੁਰਾ ਖੋਭਣਾ ਕੇਜਰੀਵਾਲ ਐਂਡ ਕੰਪਨੀ ਦਾ ਕਿਰਦਾਰ – ਮਜੀਠੀਆ

Kejriwalਮੱਤੇਵਾਲ, 3 ਅਪ੍ਰੈਲ (ਜਗਦੀਪ ਸਿੰਘ ਸੱਗੂ (ਪੰਜਾਬ ਪੋਸਟ ਬਿਊਰੂੋ)- ਪੰਜਾਬ ਦੇ ਮਾਲ ਮੰਤਰੀ ਸ. ਬਿਕਰਮ ਸਿੰਘ ਮਜੀਠੀਆ ਨੇ ਆਮ ਆਦਮੀ ਪਾਰਟੀ ਦੇ ਕਨਵੀਨਰ ਸ੍ਰੀ ਅਰਵਿੰਦ ਕੇਜਰੀਵਾਲ ਨੂੰ ਆੜੇ ਹੱਥੀਂ ਲੈਂਦਿਆਂ ਕਿਹਾ ਕਿ ਪੰਜਾਬ ਆ ਕੇ ਐਸ ਵਾਈ ਐਲ ਦੇ ਮੁੱਦੇ ‘ਤੇ ਪੰਜਾਬ ਦੇ ਹੱਕ ਦੀ ਗਲ ਕਰਨੀ ਅਤੇ ਪੰਜਾਬ ਤੋਂ ਬਾਹਰ ਹੋਣ ‘ਤੇ ਪੰਜਾਬ ਦਾ ਵਿਰੋਧ ਕਰਦਿਆਂ ਪੰਜਾਬੀਆਂ ਦੇ ਪਿੱਠ ‘ਤੇ ਛੁਰਾ ਖੋਭਣਾ ਕੇਜਰੀਵਾਲ ਐਡ ਕੰਪਨੀ ਦਾ ਕਿਰਦਾਰ ਬਣ ਚੁੱਕਿਆ ਹੈ।
ਸ: ਮਜੀਠੀਆ ਅੱਜ ਹਲਕਾ ਮਜੀਠਾ ਦੇ ਪਿੰਡ ਮੱਤੇਵਾਲ ਅਤੇ ਰੂਪੋਵਾਲੀ ਬ੍ਰਾਹਮਣਾਂ ਵਿਖੇ ਵੱਖ ਵੱਖ ਵਿਕਾਸ ਕਾਰਜਾਂ ਲਈ ਕਰੀਬ ਇੱਕ ਕਰੋੜ ਰੁਪੈ ਦੀ ਗਰਾਂਟ ਦੇਣ ਅਤੇ ਦਰਜਨਾਂ ਵਿਕਾਸ ਕਾਰਜਾਂ ਦੇ ਨੀਂਹ ਪੱਥਰਾਂ ਤੋਂ ਪਰਦਾ ਹਟਾਉਣ ਦੀ ਰਸਮ ਅਦਾ ਕਰਨ ਲਈ ਆਏ ਸਨ, ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਕੇਜਰੀਵਾਲ ਦਾ ਪੰਜਾਬ, ਪੰਜਾਬੀ ਅਤੇ ਸਿੱਖ ਕੌਮ ਦੇ ਹਿਤਾਂ ਨਾਲ ਕੋਈ ਸਰੋਕਾਰ ਨਹੀਂ, ਨਾਹੀ ਉਸ ਦੀ ਪੰਜਾਬ ਅਤੇ ਪੰਜਾਬੀਆਂ ਨੂੰ ਕੋਈ ਦੇਣ ਹੈ। ਉਹਨਾਂ ਦੋਸ਼ ਲਾਇਆ ਕਿ ਕੇਜਰੀਵਾਲ ਸੌੜੇ ਰਾਜਸੀ ਹਿਤਾਂ ਲਈ ਹਮਦਰਦੀ ਅਤੇ ਪੰਜਾਬੀਆਂ ਦੇ ਨਾਮ ‘ਤੇ ਡਰਾਮਾ ਹੀ ਖੇਡਦਾ ਆਇਆ ਹੈ। ਉਸ ਨੇ ਐਸ ਵਾਈ ਐਲ ਨਹਿਰ ਦੇ ਮੁੱਦੇ ‘ਤੇ ਪੰਜਾਬ ਦਾ ਵਿਰੋਧ ਕੀਤਾ ਅਤੇ ਅੱਜ ਤਕ ਦਿਲੀ ਦੀ ਆਪਣੀ ਵਜ਼ਾਰਤ ਵਿੱਚ ਕਿਸੇ ਪੰਜਾਬੀ ਜਾਂ ਸਿੱਖ ਨੂੰ ਨੁਮਾਇੰਦਗੀ ਨਹੀਂ ਦਿੱਤੀ।
ਉਨ੍ਹਾਂ ਕਿਹਾ ਕਿ ਦਿੱਲੀ ਦੇ ਮੁੱਖ ਮੰਤਰੀ ਦਾ ਸਿੱਖ ਕੌਮ ਪ੍ਰਤੀ ਹਮਦਰਦੀ ਇੱਕ ਛਲਾਵਾ ਹੈ, ਅਸਲ ਵਿੱਚ ਕੇਜਰੀਵਾਲ ਦਿੱਲੀ ਵਿੱਚ ਸਿੱਖ ਪੰਥ ਵਿਰੋਧੀ ਤਾਕਤਾਂ ਨੂੰ ਪਨਾਹ ਅਤੇ ਸਰਪ੍ਰਸਤੀ ਦੇ ਰਹੇ ਹਨ। ਉਹਨਾਂ ਕੇਜਰੀਵਾਲ ਨੂੰ ਸਵਾਲ ਕੀਤਾ ਕਿ ‘੮੪ ਦੇ ਸਿੱਖ ਕਤਲੇਆਮ ਸੰਬੰਧੀ ਜਾਂਚ ਲਈ ਬਣਾਈ ਗਈ ਐਸ ਆਈ ਟੀ ( ਸਿੱਟ) ਦੀ ਫਾਈਲ ਗੁੰਮ ਹੋ ਜਾਣੀ , ਕੀ ਟਾਈਟਲਰ ਨੂੰ ਬਚਾਉਣ ਦੀ ਕੋਸ਼ਿਸ਼ ਜਾਂ ਡੀਲ ਦਾ ਹਿੱਸਾ ਨਹੀਂ? ਉਹਨਾਂ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਜਾਰੀ ਫੰਡ ਨਾਲ ੮੪ ਦੇ ਸਿੱਖ ਕਤਲੇਆਮ ਦੇ ਪੀੜਤਾਂ ਨੂੰ ਮੁਆਵਜ਼ਾ ਦੇਣ ਸੰਬੰਧੀ ਇਸ਼ਤਿਹਾਰਬਾਜ਼ੀ ਕਰਕੇ ਕੇਜਰੀਵਾਲ ਨੇ ਆਪਣੀ ਪਿੱਠ ਥਾਪੜਨ ਦੀ ਤਾਂ ਕੋਸ਼ਿਸ਼ ਕੀਤੀ, ਪਰ ਕੀ ਦਿੱਲੀ ਸਰਕਾਰ ਵੱਲੋਂ ਕਿਸੇ ਪੀੜਤ ਦੀ ਇੱਕ ਪੈਸੇ ਦੀ ਵੀ ਮਦਦ ਕੀਤੀ ਹੈ? ਉਹਨਾਂ ਕਿਹਾ ਕਿ ਕੇਜਰੀਵਾਲ ਦੀ ਦੋਗਲੀ ਰਾਜਨੀਤੀ ਅਤੇ ਚਾਲਬਾਜ਼ਾਂ ਨੂੰ ਪੰਜਾਬ ਦੇ ਸੂਝਵਾਨ ਲੋਕ ਬਰਦਾਸ਼ਤ ਨਹੀਂ ਕਰਨਗੇ ।
ਉਹਨਾਂ ਕੇਜਰੀਵਾਲ ਨੂੰ ਡਰਾਮੇਬਾਜ਼ੀ ਛੱਡ ਕੇ ਪੰਜਾਬ ਪ੍ਰਤੀ ਇਮਾਨਦਾਰੀ ਅਤੇ ਸੰਜੀਦਗੀ ਅਪਣਾਉਣ ਦੀ ਸਲਾਹ ਦਿੱਤੀ ਤੇ ਕਿਹਾ ਕਿ ਧੋਖੇਬਾਜ਼ਾਂ ਨੂੰ ਪੰਜਾਬੀਆਂ ਨੇ ਹਮੇਸ਼ਾਂ ਬਾਹਰ ਦਾ ਰਸਤਾ ਦਿਖਾਇਆ ਹੈ ਤੇ ਕੇਜਰੀਵਾਲ ਐਡ ਪਾਰਟੀ ਨੂੰ ਵੀ ਬਾਹਰ ਦਾ ਰਸਤਾ ਦਿਖਾ ਦੇਣਗੇ। ਉਹਨਾਂ ਕਿਹਾ ਕਿ ਕੇਜਰੀਵਾਲ ਐਡ ਕੰਪਨੀ ਕੋਲ ਪੰਜਾਬ ਦੇ ਲੋਕਾਂ ‘ਚ ਜਾਣ ਲਈ ਕੋਈ ਮੁੱਦਾ ਨਹੀਂ ਹੈ, ਇਸ ਲਈ ਇਹ ਲੋਕ ਕੇਵਲ ਲੋਕਾਂ ਨੂੰ ਵੱਡੇ ਵੱਡੇ ਸਬਜ਼ਬਾਗ ਦਿਖਾ ਕੇ ਅਤੇ ਗੁਮਰਾਹਕੁਨ ਪ੍ਰਚਾਰ ਰਾਹੀਂ ਅਕਾਲੀ ਆਗੂਆਂ ਨੂੰ ਬਿਨਾ ਵਜਾ ਭੰਡਣ ਦੀਆਂ ਬਚਕਾਨਾ ਹਰਕਤਾਂ ਕਰ ਰਹੇ ਹਨ। ਉਹਨਾਂ ਕੇਜਰੀਵਾਲ ਨੂੰ ਝੂਠਾ ਅਤੇ ਫ਼ਰੇਬੀ ਗਰਦਾਨਦਿਆਂ ਕਿਹਾ ਕਿ ਕੇਜਰੀਵਾਲ ਨੇ ਦਿਲੀ ਵਾਲਿਆਂ ਨਾਲ ਕੀਤਾ ਕੋਈ ਵੀ ਵਾਅਦਾ ਵਫ਼ਾ ਨਹੀਂ ਕੀਤਾ।ਦਿਲੀ ਦੇ ਅਤੇ ਗਰੀਬ ਵਰਗ ਦੀ ਫਿਕਰ ਕਰਨ ਦੀ ਥਾਂ ਆਪਣੇ ਵਿਧਾਇਕਾਂ ਤੇ ਮੰਤਰੀਆਂ ਦੀਆਂ ੪੦੦ ਫੀਸਦੀ ਤਕ ਤਨਖ਼ਾਹਾਂ ‘ਚ ਵਾਧਾ ਕਰਦਿਤਾ। ਉਹਨਾਂ ਕਿਹਾ ਕਿ ਕੇਜਰੀਵਾਲ ਆਪਣੇ ਦੁਆਲੇ ਅਮੀਰਾਂ ਦਾ ਇੱਕ ਅਜਿਹਾ ਟੋਲਾ ਗਠਿਤ ਕਰ ਰਿਹਾ ਹੈ ਜਿਹੜੇ ਕਿ ਦੂਜੀਆਂ ਪਾਰਟੀਆਂ ਵਿੱਚ ਐਡਜਸਟ ਨਹੀਂ ਹੋ ਪਾਏ ਹਨ।
ਉਹਨਾਂ ਅੱਗੇ ਕਿਹਾ ਕਿ ਪੰਜਾਬ ਦੀ ਰਾਜਸੀ ਸਤਾ ਦਾ ਸੁੱਖ ਭੋਗਣ ਲਈ ਤਰਲੋਮੱਛੀ ਹੋ ਰਹੇ ਕੇਜਰੀਵਾਲ ਕੋਲ ਪੰਜਾਬ ਦੀ ਤਰੱਕੀ, ਖੁਸ਼ਹਾਲੀ ਅਤੇ ਲੋਕਾਂ ਦੀ ਭਲਾਈ ਲਈ ਕੋਈ ਠੋਸ ਏਜੰਡਾ ਨਹੀਂ ਹੈ।ਉਹਨਾਂ ਕਿਹਾ ਕਿ ‘ਆਪ’ ਦਾ ਪੰਜਾਬ ‘ਚ ਨਾਮ ‘ਲੁਟ ਖੋਹ ਪਾਰਟੀ’ ਹੋਣਾ ਚਾਹੀਦਾ ਹੈ।ਉਹਨਾਂ ਕਿਹਾ ਕਿ ਕੇਜਰੀਵਾਲ ਈਸਟ ਇੰਡੀਆ ਕੰਪਨੀ ਦੀ ਤਰਾਂ ਪੰਜਾਬ ਨੂੰ ਇੱਕ ਬਸਤੀ ਸਮਝਦਿਆਂ ਇਸ ਨੂੰ ਲੁੱਟਣ ਦੀ ਖੁਵਾਇਸ਼ ਰੱਖਦਾ ਹੈ।ਇਹੀ ਕਾਰਨ ਹੈ ਕਿ ਉਹ ਪੰਜਾਬ ਦੇ ਆਪਣੇ ਆਗੂਆਂ ‘ਤੇ ਭਰੋਸਾ ਕਰਨ ਦੀ ਥਾਂ ਸਾਰੀਆਂ ਜਥੇਬੰਦਕ ਤਾਕਤਾਂ ਗੈਰ ਪੰਜਾਬੀਆਂ ਦੇ ਹਵਾਲੇ ਕੀਤੀਆਂ ਹੋਈਆਂ ਹਨ।
ਇਸ ਮੌਕੇ ਸ. ਤਲਬੀਰ ਸਿੰਘ ਗਿੱਲ, ਮੇਜਰ ਸ਼ਿਵੀ, ਸੁਖਵਿੰਦਰ ਸਿੰਘ ਗੋਲਡੀ, ਸ਼੍ਰੋਮਣੀ ਕਮੇਟੀ ਮੈਂਬਰ ਸ. ਭਗਵਾਨ ਸਿੰਘ ਸਿਆਲਕਾ, ਪ੍ਰੋ: ਪਰਮਬੀਰ ਸਿੰਘ ਮੱਤੇਵਾਲ,ਪ੍ਰੋ: ਸਰਚਾਂਦ ਸਿੰਘ, ਚੇਅਰਮੈਨ ਬਲਬੀਰ ਸਿੰਘ ਚੰਦੀ, ਗੁਰਜਿੰਦਰ ਸਿੰਘ ਢਪਈਆਂ, ਤਰਸੇਮ ਸਿੰਘ ਸਿਆਲਕਾ, ਚੇਅਰਮੈਨ ਮੇਜਰ ਸਿੰਘ ਕਲੇਰ, ਸਰਪੰਚ ਸਰਬਜੀਤ ਕੌਰ ਮੱਤੇਵਾਲ, ਸਰਪੰਚ ਸਤੀਸ਼ ਕੁਮਾਰ ਰੂਪੋਵਾਲੀ, ਜਥੇ: ਤਰਲੋਚਨ ਸਿੰਘ ਮੱਤੇਵਾਲ, ਮਲੂਕ ਸਿੰਘ, ਮੰਗਤਾ ਸਿੰਘ, ਅਮਰੀਕ ਸਿੰਘ , ਬਲਬੀਰ ਸਿੰਘ ਮੱਤੇਵਾਲ, ਬਲਵਿੰਦਰ ਸਿੰਘ ਬਲੋਵਾਲੀ, ਬੀਰਾ, ਸਰਪੰਚ ਤਜਿੰਦਰ ਸਿੰਘ ਗਦਰਜਾਦਾ, ਸਰਪੰਚ ਕ੍ਰਿਪਾਲ ਸਿੰਘ ਰਾਮਦੀਵਾਲੀ, ਜਥੇ:ਕਸ਼ਮੀਰ ਸਿੰਘ ਰਾਮਦੀਵਾਲੀ, ਬਲਵਿੰਦਰ ਸਿੰਘ ਪੋਪਲੀ, ਪ੍ਰਿੰਸੀਪਲ ਬਚਿੱਤਰ ਸਿੰਘ ਤਰਸਿੱਕਾ, ਨਵਜੀਤ ਸਿੰਘ ਤੰਨੇਲ ਅਤੇ ਇਲਾਕੇ ਦੇ ਹੋਰ ਪਤਵੰਤੇ ਸੱਜਣ ਹਾਜ਼ਰ ਸਨ।

Check Also

ਰਾਜਸਥਾਨ ਦੇ ਜੋਧਪੁਰ ਵਿਖੇ ਹਾਕੀ ਰੋਲਰ ਸਕੇਟਿੰਗ ‘ਚ ਸੰਗਰੂਰ ਦੇ ਖਿਡਾਰੀਆਂ ਨੇ ਮਾਰੀਆਂ ਮੱਲਾਂ

ਸੰਗਰੂਰ, 30 ਜੂਨ (ਜਗਸੀਰ ਲੌਂਗੋਵਾਲ) – ਰੋਲਰ ਸਕੇਟਿੰਗ ਫੈਡਰੇਸ਼ਨ ਆਫ ਇੰਡੀਆ ਵਲੋਂ 25 ਤੋਂ 27 …

Leave a Reply